ਸਿਰਜਣਾ ਦਾ ਸੂਰਮਾ
'ਆਦਮੀ ਦੀ ਸਭ ਤੋਂ ਪਿਆਰੀ ਦੌਲਤ ਜ਼ਿੰਦਗੀ ਹੈ। ਮਨੁੱਖ ਨੂੰ ਇਹ ਜ਼ਿੰਦਗੀ ਇੱਕੋ ਵਾਰੀ ਮਿਲਦੀ ਹੈ ਅਤੇ ਉਸ ਨੂੰ ਇਹ ਇਉਂ ਜਿਉਣੀ ਚਾਹੀਦੀ ਹੈ ਕਿ ਉਹਨੂੰ ਅਜਾਈਂ ਗੁਆਏ ਵਰ੍ਹਿਆਂ ਦਾ ਦੁਖਦਾਈ ਅਫ਼ਸੋਸ ਨਾ ਹੋਵੇ, ਆਪਣੇ ਨਿਗੂਣੇ ਭੂਤਕਾਲ ਉਤੇ ਕਦੇ ਸਾੜ ਕੇ ਸਵਾਹ ਕਰਨ ਵਾਲੀ ਸ਼ਰਮਿੰਦਗੀ ਨਾ ਹੋਵੇ। ਇਉਂ ਜੀਵੇ ਕਿ ਮਰਨ ਲੱਗਾ ਆਖ ਸਕੇ ਕਿ ਆਪਣੀ ਸਾਰੀ ਜ਼ਿੰਦਗੀ, ਆਪਣੀ ਸਾਰੀ ਸ਼ਕਤੀ, ਦੁਨੀਆਂ ਵਿੱਚ ਸਭ ਤੋਂ ਉਤਮ ਆਦਰਸ਼-ਮਨੁੱਖਤਾ ਦੀ ਅਜ਼ਾਦੀ ਦੇ ਸੰਗਰਾਮ ਦੇ ਲੇਖੇ ਲਾਈ ਹੈ।'
ਉਪਰੋਕਤ ਸ਼ਬਦ ਪ੍ਰਸਿੱਧ ਰੂਸੀ ਲੇਖਕ ਨਿਕੋਲਾਈ ਆਸਤ੍ਰੋਵਸਕੀ ਦੇ ਹਨ। ਉਸ ਨੇ ਇਹ ਸ਼ਬਦ ਸਿਰਫ਼ ਦੂਜਿਆਂ ਨੂੰ ਪ੍ਰੇਰਣਾ ਦੇਣ ਲਈ ਹੀ ਨਹੀਂ ਲਿਖੇ ਸਗੋਂ ਖੁਦ ਵੀ ਆਪਣੀ ਸਾਰੀ ਜ਼ਿੰਦਗੀ ਇਸੇ ਅਨੁਸਾਰ ਜਿਉਂਇਆ।
ਨਿਕੋਲਾਈ ਆਸਤ੍ਰੋਵਸਕੀ ਨੇ ਆਪਣੀ ਸਾਰੀ ਜ਼ਿੰਦਗੀ ਸਮਾਜਵਾਦੀ ਆਦਰਸ਼ਾਂ ਲਈ ਸੰਘਰਸ਼ ਕਰਦਿਆਂ ਲੰਘਾਈ। ਇਸ ਅਮਲ ਵਿੱਚ ਨਿਕੋਲਾਈ ਇਕੱਲਾ ਨਹੀਂ ਸੀ ਉਸ ਵਰਗੇ ਹਜ਼ਾਰਾਂ ਹੋਰ ਨੌਜਵਾਨਾਂ ਨੇ ਵੀ ਆਪਣੀਆਂ ਜ਼ਿੰਦਗੀਆਂ ਏਸ ਆਦਰਸ਼ ਦੇ ਲੇਖੇ ਲਾਈਆਂ। ਪ੍ਰੰਤੂ ਜੋ ਕੁਝ ਨਿਕੋਲਾਈ ਆਸਤ੍ਰੋਵਸਕੀ ਨੂੰ ਵਿਸ਼ੇਸ਼ ਤੌਰ 'ਤੇ ਵਰਨਣਯੋਗ ਬਣਾਉਂਦਾ ਹੈ ਉਹ ਹੈ ਉਸ ਦਾ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਨਕਾਰਾ ਹੋ ਜਾਣ ਬਾਅਦ ਅਤੇ ਦੋਹਵਾਂ ਅੱਖਾਂ ਤੋਂ ਅੰਨ੍ਹਾ ਹੋ ਜਾਣ ਦੇ ਬਾਅਦ ਵੀ ਆਪਣੀ ਜ਼ਿੰਦਗੀ ਨੂੰ ਸਾਰਥਿਕ ਅਤੇ ਸਮਾਜ ਲਈ ਲਾਹੇਵੰਦੀ ਬਣਾਈ ਰੱਖਣ ਲਈ ਉਸ ਦਾ ਦ੍ਰਿੜ ਨਿਸ਼ਚਾ, ਉਸਦੀਆਂ ਘਾਲਣਾਵਾਂ ਅਤੇ ਉਸਦਾ ਹੌਂਸਲਾ।
ਆਸਤ੍ਰੋਵਸਕੀ ਦਾ ਜਨਮ 1904 ਵਿੱਚ ਇੱਕ ਮਜ਼ਦੂਰ ਪਰਿਵਾਰ ਵਿੱਚ ਹੋਇਆ। ਧਰਮ ਬਾਰੇ ਕੁਝ ਸਵਾਲ ਪੁੱਛਣ ਕਾਰਨ ਚਾਹੇ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਪਰ ਉਸ ਨੂੰ ਸਾਹਿਤ, ਖਾਸ ਕਰ ਬਹਾਦਰ ਸ਼ਖਸੀਅਤਾਂ ਬਾਰੇ ਪੜ੍ਹਦੇ ਰਹਿਣ ਦਾ ਬੇਹੱਦ ਸ਼ੌਕ ਸੀ। ਪੰਦਰਾਂ ਵਰ੍ਹਿਆਂ ਦੀ ਉਮਰ ਵਿੱਚ ਹੀ ਉਹ ਲਾਲ ਫੌਜ ਵਿੱਚ ਭਰਤੀ ਹੋ ਕੇ ਬਹੁਤ ਬਹਾਦਰੀ ਨਾਲ ਲੜਿਆ। ਇਨ੍ਹਾਂ ਲੜਾਈਆਂ ਵਿੱਚੋਂ ਇੱਕ ਵਿੱਚ ਉਹ ਬਹੁਤ ਸਖਤ ਜ਼ਖਮੀ ਹੋ ਗਿਆ ਅਤੇ ਉਸ ਦੀ ਸੱਜੀ ਅੱਖ ਦੀ ਨਜ਼ਰ ਚਲੀ ਗਈ। ਇਸ ਤੋਂ ਬਾਅਦ ਜਦ ਨਵੀਂ ਸੋਵੀਅਤ ਹਕੂਮਤ ਬਹੁਤ ਔਖੇ ਸਮਿਆਂ ਵਿੱਚੋਂ ਲੰਘ ਰਹੀ ਸੀ ਤਾਂ ਸ਼ਹਿਰ ਵਿੱਚ ਬਾਲਣ ਦੀ ਤੰਗੀ ਨੂੰ ਦੂਰ ਕਰਨ ਲਈ ਉਸ ਦੀ ਅਗਵਾਈ ਵਿੱਚ ਨੌਜਵਾਨਾਂ ਦੀ ਇੱਕ ਟੋਲੀ ਨੇ ਬਹੁਤ ਮੁਸ਼ਕਿਲ ਹਾਲਤਾਂ ਵਿੱਚ ਇੱਕ ਰੇਲ ਪਟੜੀ ਉਸਾਰੀ ਜਿਸ ਲਈ ਉਸ ਨੂੰ ਆਪਣੀ ਸਿਹਤ ਦੀ ਆਹੂਤੀ ਦੇਣੀ ਪਈ। ਇਸ ਤੋਂ ਬਾਅਦ ਅਗਲੇ ਸਾਲ ਫਿਰ ਉਸ ਨੇ ਆਪਣੀ ਸਿਹਤ ਦੀ ਪਰਵਾਹ ਨਾ ਕਰਦਿਆਂ ਦਰਿਆ ਦੇ ਬਰਫ਼ਾਨੀ ਪਾਣੀਆਂ ਤੋਂ ਵੱਢੇ ਹੋਏ ਦਰਖਤਾਂ ਨੂੰ ਬਚਾਉਣ ਲਈ ਜਾਨ ਹੂਲਵਾਂ ਕੰਮ ਕੀਤਾ। ਰੂਸ ਵਰਗੇ ਠੰਢੇ ਮੁਲਕਾਂ ਵਿੱਚ ਸਰਦੀ ਦੀ ਰੁੱਤ ਦੌਰਾਨ ਬਾਲਣ ਜਿਉਂਦੇ ਰਹਿਣ ਦੀ ਮਹੱਤਵਪੂਰਨ ਜਰੂਰਤ ਹੁੰਦਾ ਹੈ ਸੋ ਲੋਕਾਂ ਦੀ ਇਸ ਲੋੜ ਨੂੰ ਪੂਰਾ ਕਰਨ ਖਾਤਰ ਉਹ ਆਪਣੀ ਸਿਹਤ ਨੂੰ ਭੁੱਲ ਕੇ ਸਖਤ ਸਰੀਰਕ ਅਤੇ ਜਥੇਬੰਦਕ ਕੰਮ ਕਰਦਾ ਰਿਹਾ।
ਲੜਾਈ ਵਿੱਚ ਲੱਗੇ ਜ਼ਖਮਾਂ, ਸਿਰੇ ਦੀ ਸਖਤ ਮਿਹਨਤ, ਟਾਈਫ਼ਸ ਬੁਖਾਰ ਅਤੇ ਗੰਠੀਏ ਦੀ ਬਿਮਾਰੀ ਨੇ ਇਸ ਸਿਰੜੀ ਸੰਗਰਾਮੀਏ ਨੂੰ ਸਰੀਰਕ ਤੌਰ ਤੇ ਢਾਹ ਲਿਆ। 1926 ਵਿੱਚ ਜਦੋਂ 22 ਸਾਲ ਦੀ ਭਰ ਜਵਾਨੀ ਦੀ ਉਮਰ ਵਿੱਚ ਸੀ ਤਾਂ ਇਹ ਸਪਸ਼ਟ ਹੋ ਗਿਆ ਕਿ ਉਸ ਨੂੰ ਅਗਲੀ ਸਾਰੀ ਉਮਰ ਬਿਸਤਰੇ ਵਿੱਚ ਬਿਤਾਣੀ ਪਵੇਗੀ, ਇਸ ਤੋਂ ਤਿੰਨ ਸਾਲ ਬਾਅਦ ਉਸ ਦੀਆਂ ਦੋਹਵਾਂ ਅੱਖਾਂ ਦੀ ਨਜ਼ਰ ਚਲੀ ਗਈ ਅਤੇ 1930 ਵਿੱਚ ਉਸ ਦੇ ਹੱਥਾਂ ਅਤੇ ਕੂਹਣੀਆਂ ਤੋਂ ਸਿਵਾ ਸਾਰੇ ਜੋੜ ਕੰਮ ਕਰਨੋਂ ਹਟ ਗਏ।
ਇਹ ਤਾਂ ਹੈ ਉਸ ਦੇ ਜੀਵਨ ਉਤੇ ਸੰਖੇਪ ਬਾਹਰੀ ਝਾਤ ਪਰ ਇਸ ਤੋਂ ਬਾਅਦ ਹੀ ਉਸ ਦੀ ਜ਼ਿੰਦਗੀ ਦਾ ਉਹ ਮਹੱਤਵਪੂਰਨ ਹਿੱਸਾ ਸ਼ੁਰੂ ਹੁੰਦਾ ਹੈ ਜਦੋਂ ਉਸ ਦੀ ਅੰਦਰੂਨੀ ਤਾਕਤ ਨੇ ਬਾਹਰੀ ਨਿਰਬਲਤਾ ਤੇ ਕਾਬੂ ਪਾਇਆ, ਉਸ ਦੀ ਮਾਨਸਿਕ ਤਕੜਾਈ ਅਤੇ ਸਰੀਰਕ ਕਮਜ਼ੋਰੀ ਦੇ ਭੇੜ ਵਿੱਚੋਂ ਜ਼ਿੰਦਗੀ ਦੇ ਨਵੇਂ ਅਰਥ ਨਿਕਲੇ। ਇਨ੍ਹਾਂ ਆਖਰੀ ਛੇ ਵਰ੍ਹਿਆਂ ਵਿੱਚ ਉਸ ਨੇ ਜੋ ਕੰਮ ਕੀਤਾ ਅਤੇ ਇੱਕ ਸੂਰਮੇ ਦੀ ਮਾਨਸਿਕਤਾ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਉਹ ਸਾਡੇ ਲਈ ਪ੍ਰੇਰਨਾ ਦਾ ਇੱਕ ਅਦੁੱਤੀ ਸੋਮਾ ਬਣਦਾ ਹੈ।
ਸਰੀਰਕ ਤੌਰ ਤੇ ਉਪਰੋਕਤ ਹਾਲਤ ਵਿੱਚ ਪਹੁੰਚਣ ਤੋਂ ਬਾਅਦ ਜਦ ਸਿਹਤਯਾਬ ਹੋਣ ਦੀਆਂ ਸਭ ਉਮੀਦਾਂ ਮੁੱਕ ਗਈਆਂ ਤਾਂ ਆਸਤ੍ਰੋਵਸਕੀ ਨੇ ਇੱਕ ਵਿਉਂਤ ਸੋਚੀ ਜਿਹੜੀ 'ਉਸ ਦੀ ਜ਼ਿੰਦਗੀ ਨੂੰ ਅਰਥ ਭਰਪੂਰ ਬਣਾ ਸਕਦੀ ਸੀ ਅਤੇ ਉਸ ਦੇ ਜਿਉਣ ਨੂੰ ਸਕਾਰਥ ਕਰ ਸਕਦੀ ਸੀ।' ਉਸ ਨੇ ਸੰਗਰਾਮੀਆਂ ਦੀਆਂ ਸਫ਼ਾਂ ਵਿੱਚ ਇੱਕ ਨਵੇਂ ਹਥਿਆਰ ਨਾਲ ਲੈਸ ਹੋ ਕੇ ਪਰਤਣ ਦਾ ਇਰਾਦਾ ਬਣਾਇਆ। ਇਹ ਹਥਿਆਰ ਸੀ ਉਸ ਦੀ ਲੇਖਣੀ। ਉਸ ਦੇ ਦਿਲ ਵਿੱਚ ਆਇਆ ਕਿ ਉਹ ਨਵੀਆਂ ਪੀੜ੍ਹੀਆਂ ਨੂੰ ਕਮਿਊਨਿਜ਼ਮ ਦੇ ਆਦਰਸ਼ ਲਈ ਚੰਗੀ ਤਰ੍ਹਾਂ ਤਿਆਰ ਕਰਨ ਵਿੱਚ ਆਪਣੀ ਪਾਰਟੀ ਦੀ ਮਦਦ ਕਰਨ ਲਈ ਇਨਕਲਾਬੀ ਲਹਿਰ ਦੇ ਮਹਾਨ ਬੀਤੇ ਉਤੇ ਇੱਕ ਕਿਤਾਬ ਲਿਖੇ। ਇਸਦੀ ਤਿਆਰੀ ਲਈ ਉਸ ਨੇ ਰੂਸ ਦੇ ਮਹਾਨ ਲੇਖਕਾਂ ਦੀਆਂ ਲੇਖਣੀਆਂ ਨੂੰ ਘੋਖਣਾ ਸ਼ੁਰੂ ਕੀਤਾ। ਪਹਿਲਾਂ ਉਹ ਖੁਦ ਪੜ੍ਹਦਾ ਰਿਹਾ ਪਰ ਅੱਖਾਂ ਜਾਣ ਤੋਂ ਬਾਅਦ ਉਹ ਆਪਣੇ ਦੋਸਤਾਂ ਤੋਂ ਇਨ੍ਹਾਂ ਲੇਖਕਾਂ ਦੀਆਂ ਕਿਰਤਾਂ ਸੁਣਦਾ ਅਤੇ ਆਪਣੇ ਮਨ ਵਿੱਚ ਵਸਾਉਂਦਾ ਰਿਹਾ।
ਨਵੰਬਰ 1930 ਵਿੱਚ ਉਸ ਨੇ ਆਪਣਾ ਮਹਾਨ ਨਾਵਲ 'ਸੂਰਮੇ ਦੀ ਸਿਰਜਣਾ' ਲਿਖਣਾ ਸ਼ੁਰੂ ਕੀਤਾ।ਇਸ ਨਾਵਲ ਦਾ ਹੀਰੋ ਪਵੇਲ ਕਰਚਾਗਿਨ ਇੱਕ ਮਿਸਾਲੀ ਪਾਤਰ ਹੈ ਜੋ ਸਮਾਜਵਾਦੀ ਆਦਰਸ਼ਾਂ ਖਾਤਰ ਔਖੀਆਂ ਤੋਂ ਔਖੀਆਂ ਹਾਲਤਾਂ ਵਿੱਚ ਬਹਾਦਰੀ ਨਾਲ ਜਦੋ-ਜਹਿਦ ਕਰਦਾ ਹੈ ਅਤੇ ਇਨਕਲਾਬ ਨੂੰ, ਪਾਰਟੀ ਨੂੰ, ਆਪਣੇ ਲੋਕਾਂ ਨੂੰ, ਆਪਣੇ ਜਾਤੀ ਸੁਖ ਆਰਾਮ ਤੋਂ ਬਹੁਤ ਉਚਾ ਰਖਦਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਜਿਉਣਾ ਚਾਹੀਦਾ ਹੈ, ਕਿਵੇਂ ਜਦੋ-ਜਹਿਦ ਅਤੇ ਨਵੀਂ ਦੁਨੀਆਂ ਦੀ ਉਸਾਰੀ ਕਰਨੀ ਚਾਹੀਦੀ ਹੈ। ਇਹ ਦਸਦਾ ਹੈ ਕਿ ਮਨੁੱਖ ਅਤੇ ਮਨੁੱਖ ਵਿਚਕਾਰ ਕਿਹੋ ਜਿਹੇ ਰਿਸ਼ਤੇ ਹੋਣੇ ਚਾਹੀਦੇ ਹਨ। ਅੱਜ ਦੇ ਜਾਤੀ ਗਰਜਾਂ ਮਾਰੇ ਸਮਾਜਿਕ ਆਲੇ-ਦੁਆਲੇ ਵਿੱਚ ਵਿਚਰਦੇ ਆਮ ਪਾਠਕ ਨੂੰ ਇਸ ਨਾਵਲ ਦਾ ਹੀਰੋ ਲੋੜੋਂ ਵੱਧ ਆਦਰਸ਼ਕ ਜੀਵਨ ਜਿਉਂਦਾ ਲੱਗ ਸਕਦਾ ਹੈ ਪ੍ਰੰਤੂ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਆਦਰਸ਼ਕ ਜੀਵਨ ਵਾਲਾ ਨਾਇਕ ਨਿਰਾ ਕਲਪਨਾ ਨਾਲ ਹੀ ਨਹੀਂ ਘੜਿਆ ਗਿਆ ਸਗੋਂ ਇੱਕ ਸੱਚੀ ਮੁੱਚੀ ਦੀ ਜ਼ਿੰਦਗੀ ਉਤੇ ਆਧਾਰਿਤ ਹੈ ਅਤੇ ਅਜਿਹੇ ਸੰਪੂਰਨ ਆਦਰਸ਼ਕ ਜੀਵਨ ਹੀ ਸਾਹਿਤ ਵਿੱਚ ਨਾਇਕ ਬਣਨ ਦਾ ਹੱਕ ਰਖਦੇ ਹਨ।
ਅਸਲ ਵਿੱਚ ਇਸ ਦਾ ਹੀਰੋ ਪਾਵੇਲ ਬਹੁਤ ਹੱਦ ਤੀਕ ਆਸਤ੍ਰੋਵਸਕੀ ਖੁਦ ਹੀ ਹੈ। ਨਾਵਲ ਵਿੱਚ ਬਹੁਤ ਕੁਝ ਆਸਤ੍ਰੋਵਸਕੀ ਦੀ ਆਪਣੀ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਦੇ ਆਧਾਰ ਉਤੇ ਹੈ। ਆਸਤ੍ਰੋਵਸਕੀ ਵਰਗਾ ਇੱਕ ਸੂਰਮਾ ਹੀ ਪਾਵੇਲ ਕਰਚਾਗਿਨ ਵਰਗੇ ਸੂਰਮੇ ਪਾਤਰ ਦੀ ਸਿਰਜਣਾ ਕਰ ਸਕਦਾ ਸੀ। ਫਿਰ ਵੀ ਆਸਤ੍ਰੋਵਸਕੀ ਇਸ ਨੂੰ ਆਪਣੀ ਜੀਵਨੀ ਸਮਝੇ ਜਾਣ ਦੇ ਵਿਰੁੱਧ ਸੀ ਅਤੇ ਇਸ ਨੂੰ ਇੱਕ ਨਾਵਲ ਵਜੋਂ ਹੀ ਜਾਣਿਆ ਜਾਣਾ ਚਾਹੁੰਦਾ ਸੀ।
ਇੱਕ ਵਿਅਕਤੀ ਭਰ ਜਵਾਨੀ ਦੀ ਉਮਰ ਵਿੱਚ ਬਿਸਤਰੇ ਤੇ ਕਦੇ ਵੀ ਠੀਕ ਨਾ ਹੋਣ ਵਾਲੀ ਹਾਲਤ ਵਿੱਚ ਪਿਆ ਹੈ, ਸਾਰੇ ਸਰੀਰ ਵਿੱਚ ਪੀੜਾਂ ਹਨ, ਬਹੁਤੇ ਜੋੜ ਹਿਲਦੇ ਨਹੀਂ, ਦੋਹਵਾਂ ਅੱਖਾਂ ਦੀ ਨਜ਼ਰ ਨਹੀਂ, ਕਲਪਨਾ ਕਰੋ ਉਸ ਦੀ ਮਾਨਸਿਕ ਹਾਲਤ ਕੀ ਹੋਵੇਗੀ। ਤੁਸੀਂ ਕਹੋਗੇ ਅਤਿ ਨਿਰਾਸ਼ਾਵਾਦੀ। ਪਰ ਉਹ ਸੂਰਮਾ ਹੀ ਕਾਹਦਾ ਹੋਇਆ ਜੋ ਪ੍ਰਤੀਕੂਲ ਕਠਿਨ ਹਾਲਤਾਂ ਨੂੰ ਵੇਖ ਕੇ ਦਿਲ ਛੱਡ ਜਾਵੇ, ਢੇਰੀ ਢਾਹ ਕੇ ਬੈਠ ਜਾਵੇ। ਆਸਤ੍ਰੋਵਸਕੀ ਇੱਕ ਸੱਚੀ ਮੁੱਚੀਂ ਦਾ ਸੂਰਮਾ ਸੀ ਇਸੇ ਕਰਕੇ ਉਸ ਨੇ ਇੱਕ ਰਸਾਲੇ ਦੀ ਸੰਪਾਦਕ ਅੰਨਾ ਕਰਾਵਾਯੇਵਾ ਨੂੰ ਲਿਖਿਆ।
“ ਤੁਹਾਨੂੰ ਸੱਚ ਦੱਸਾਂ, ਹਾਲੇ ਵੀ ਮੈ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨਾਲੋਂ, ਜਿਹੜੇ ਮੈਨੂੰ ਮਿਲਣ ਆਉਂਦੇ ਹਨ, ਕਿਤੇ ਵੱਧ ਖੁਸ਼ੀ ਦਾ ਜੀਵਨ ਜਿਉਂ ਰਿਹਾ ਹਾਂ। ਉਨ੍ਹਾਂ ਦੇ ਨਰੋਏ ਸਰੀਰ ਹਨ, ਪਰ ਉਨ੍ਹਾਂ ਦੀ ਹੋਂਦ ਰੁੱਖੀ ਅਤੇ ਬੇਰੰਗ ਹੈ। ਉਹ ਦੋਹਵਾਂ ਅੱਖਾਂ ਨਾਲ ਵੇਖ ਸਕਦੇ ਹਨ, ਪਰ ਮੈ ਸਮਝਦਾ ਹਾਂ ਕਿ ਉਨ੍ਹਾਂ ਦੀ ਤੱਕਣੀ ਖੋਖਲੀ ਅਤੇ ਅਲਗਰਜ਼ ਹੈ। ਉਹ ਸ਼ਾਇਦ ਮੇਰੇ ਉਤੇ ਤਰਸ ਖਾਂਦੇ ਅਤੇ ਸੋਚਦੇ ਹਨ 'ਰੱਬ ਮੈਨੂੰ ਇਹਦੇ ਵਰਗੀ ਹਾਲਤ ਵਿੱਚ ਪੈਣੋਂ ਬਚਾਵੇ'। ਮੈਨੂੰ ਉਹ ਅਜਿਹੇ ਤੁੱਛ ਜੀਵ ਪ੍ਰਤੀਤ ਹੁੰਦੇ ਹਨ ਕਿ ਮੈ ਕਸਮ ਖਾ ਕੇ ਆਖਦਾ ਹਾਂ ਕਿ ਮੈ ਉਹਨਾਂ ਨਾਲ ਥਾਂ ਬਦਲਣ ਲਈ ਕਦੇ ਸਹਿਮਤ ਨਹੀਂ ਹੋਵਾਂਗਾ।”
ਆਸਤ੍ਰੋਵਸਕੀ ਨੇ ਇਸ ਪਹਿਲੇ ਨਾਵਲ ਤੋਂ ਜਲਦ ਪਿੱਛੋਂ ਆਪਣਾ ਦੂਜਾ ਨਾਵਲ 'ਤੂਫ਼ਾਨਾਂ ਦੇ ਜਾਏ' ਲਿਖਣਾ ਸ਼ੁਰੂ ਕੀਤਾ ਪ੍ਰੰਤੂ ਉਸ ਦੀ ਮੌਤ ਨੇ ਇਸ ਨੂੰ ਮੁਕੰਮਲ ਨਾ ਕਰਨ ਦਿੱਤਾ। 22 ਦਸੰਬਰ, 1936 ਨੂੰ ਜਦ ਇਸ ਨਾਵਲ ਦਾ ਪਹਿਲਾ ਹਿੱਸਾ ਪ੍ਰਕਾਸ਼ਿਤ ਹੋਇਆ, ਉਸੇ ਦਿਨ ਆਸਤ੍ਰੋਵਸਕੀ ਸਦਾ ਲਈ ਅਲਵਿਦਾ ਕਹਿ ਗਿਆ।
ਜੇ ਆਸਤ੍ਰੋਵਸਕੀ ਕਝ ਸਮਾਂ ਹੋਰ ਜਿਉਂਦਾ ਰਹਿੰਦਾ ਤਾਂ ਲਾਜ਼ਮੀ ਹੀ ਉਸ ਨੇ ਸੰਸਾਰ ਸਾਹਿਤ ਵਿੱਚ ਵੱਡਮੁੱਲਾ ਹਿੱਸਾ ਪਾਉਣਾ ਸੀ ਪ੍ਰੰਤੂ ਅਗੇਤੀ ਮੌਤ ਦੇ ਕਾਰਨ ਉਸ ਦੀ ਮੁੱਖ ਰਚਨਾ ਇਹੀ ਇੱਕ ਨਾਵਲ ਹੈ ਅਤੇ ਇਸੇ ਇੱਕੋ ਨਾਵਲ ਨੇ ਉਸ ਨੂੰ ਅਮਰ ਕਰ ਦਿੱਤਾ।
ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਵਿੱਚ ਇਸ ਨਾਵਲ ਦਾ ਦੋ ਵਾਰ ਅਨੁਵਾਦ ਹੋ ਚੁੱਕਾ ਹੈ। ਪਹਿਲੀ ਵਾਰ 1959 ਵਿੱਚ ਇਸ ਦਾ ਅਨੁਵਾਦ ਪ੍ਰੀਤਲੜੀ ਪ੍ਰੈਸ, ਪ੍ਰੀਤ ਨਗਰ ਵੱਲੋਂ ਛਾਪਿਆ ਗਿਆ। ਇਹ ਅਨੁਵਾਦ 'ਸੂਰਮੇ ਦੀ ਸਿਰਜਣਾ' ਨਾਮ ਹੇਠ ਦਰਸ਼ਨ ਸਿੰਘ ਅਤੇ ਸੁਖਬੀਰ ਸਿੰਘ ਨੇ ਕੀਤਾ ਸੀ। ਫਿਰ 1981 ਵਿੱਚ ਪ੍ਰਗਤੀ ਪ੍ਰਕਾਸ਼ਨ ਮਾਸਕੋ ਵੱਲੋਂ ਇਹੀ ਨਾਵਲ 'ਕਬਹੂੰ ਨਾ ਛਾਡੈ ਖੇਤ' ਦੇ ਨਾਂਅ ਹੇਠ ਦੋ ਭਾਗਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਹ ਦੂਸਰਾ ਅਨੁਵਾਦ ਕਰਨਜੀਤ ਸਿੰਘ ਨੇ ਕੀਤਾ।
ਕਮਿਊਨਿਸਟ ਵਿਚਾਰਧਾਰਾ ਨੇ ਮਨੁੱਖ ਨੂੰ ਜ਼ਿੰਦਗੀ ਦੇ ਉਚੇ ਆਦਰਸ਼ਾਂ ਨਾਲ ਪ੍ਰਣਾਇਆ, ਮਨੁੱਖ ਦੀ ਆਜ਼ਾਦੀ, ਬਰਾਬਰੀ, ਭਾਈਚਾਰੇ ਲਈ ਜਿਉਣਾ ਸਿਖਾਇਆ। ਇਹ ਨਹੀਂ ਕਿ ਪਹਿਲਾਂ ਇਹ ਆਦਰਸ਼ ਮਨੁੱਖ ਦੇ ਅੱਗੇ ਪੇਸ਼ ਨਹੀਂ ਹੋਏ ਸਨ ਪ੍ਰੰਤੂ ਪਹਿਲਾਂ ਇਹ ਆਪਣੇ ਆਪ ਵਿੱਚ ਆਦਰਸ਼ ਨਹੀਂ ਸਨ ਸਗੋਂ ਕਿਸੇ ਹੋਰ ਜਾਤੀ ਮਕਸਦ ਲਈ ਕੀਤੇ ਜਾਣ ਵਾਲੇ ਕਾਰਜ ਸਨ। ਜਿਵੇਂ ਗਰੀਬਾਂ ਨੂੰ ਦਾਨ ਦਿਓ ਤੁਹਾਨੂੰ ਸਵਰਗ ਵਿੱਚ ਥਾਂ ਮਿਲੇਗਾ, ਦੂਜਿਆਂ ਉਤੇ ਦਇਆ ਕਰੋ ਤਾਂ ਪ੍ਰਮਾਤਮਾ ਤੁਹਾਡੇ ਉਤੇ ਦਇਆ ਕਰੇਗਾ, ਮਾੜੇ ਕੰਮ ਕਰੋਗੇ ਤਾਂ ਅਗਲੇ ਜਨਮ ਵਿੱਚ ਭੁਗਤਣੇ ਪੈਣਗੇ। ਕਮਿਊਨਿਸਟਾਂ ਪਿੱਛੇ ਵਿਗਿਆਨਕ ਦਰਸ਼ਨ ਸੀ ਜਿਸ ਮੁਤਾਬਿਕ ਇਸ ਵਿਸ਼ਵ ਤੋਂ ਬਾਹਰ ਨਾ ਕੋਈ ਸਵਰਗ ਨਰਕ ਹੈ ਅਤੇ ਨਾ ਹੀ ਜੀਵ ਦੀ ਮੌਤ ਤੋਂ ਬਾਅਦ ਕੋਈ ਹੋਰ ਜੀਵਨ ਹੋਣਾ ਹੈ। ਸੋ ਜੋ ਕੁਝ ਕਰਨਾ ਹੈ ਇਸੇ ਜੀਵਨ ਵਿੱਚ ਅਤੇ ਇਸੇ ਸੰਸਾਰ ਨੂੰ ਵਧੀਆ ਬਣਾਉਣ ਲਈ ਕਰਨਾ ਹੈ। ਇਸ ਤੋਂ ਅੱਗੇ ਇਸ ਵਿਚਾਰਧਾਰਾ ਨੇ ਵਿਅਕਤੀ ਨੂੰ ਸਮੂਹ ਨਾਲ ਇੱਕ-ਮਿੱਕ ਕੀਤਾ, ਦੂਜਿਆਂ ਨੂੰ ਲਿਤਾੜ ਕੇ ਆਪਣਾ ਜੀਵਨ ਵਧੀਆ ਬਣਾਉਣ ਦੀ ਬਜਾਏ ਸਮੁੱਚੇ ਸਮਾਜਿਕ ਜੀਵਨ ਨੂੰ ਉੱਚਾ ਚੁੱਕਣ ਦਾ ਆਦਰਸ਼ ਬਣਾਇਆ। ਆਸਤ੍ਰੋਵਸਕੀ ਦੇ ਸ਼ਬਦਾਂ ਵਿੱਚ ਜਿਹੜੇ ਲੋਕ ਸਾਂਝੇ ਉਦੇਸ਼ ਲਈ ਨਹੀਂ ਲੜ ਸਕਦੇ, ਉਹ ਆਪਣੀ ਜਾਤੀ ਖੁਸ਼ੀ ਵਾਸਤੇ ਵੀ ਨਹੀਂ ਲੜ ਸਕਦੇ। ਅੱਜ ਜਿੱਥੇ ਮਾਰਕਸਵਾਦ ਨੂੰ ਨਵੀਆਂ ਪ੍ਰਸਥਿਤੀਆਂ ਦੇ ਹਾਣੀ ਬਣਾਉਣ ਲਈ ਇਸਨੂੰ ਵਿਗਿਆਨ ਤਰੀਕੇ ਨਾਲ ਮੁੜ ਘੋਖਣ, ਪੜਤਾਲਣ ਅਤੇ ਵਿਕਸਿਤ ਕਰਨ ਦੀ ਲੋੜ ਹੈ ਉਥੇ ਇਸ ਵੱਲੋਂ ਪੇਸ਼ ਕੀਤੇ ਗਏ ਮਨੁੱਖੀ ਜ਼ਿੰਦਗੀ ਦੇ ਆਦਰਸ਼ਾਂ ਨੂੰ ਮੁੜ ਦ੍ਰਿੜਾਏ ਜਾਣ ਦੀ ਲੋੜ ਹੈ। ਪਿਛਲੇ ਸਮੇਂ ਵਿੱਚ ਸੰਸਾਰ ਪੱਧਰ ਤੇ ਵਾਪਰੀਆਂ ਕੁਝ ਘਟਨਾਵਾਂ ਦੇ ਅਸਰਾਂ ਸਦਕਾ ਕੀ ਅਸੀਂ ਅਜਿਹੇ ਉੱਚੀਆਂ ਕਦਰਾਂ-ਕੀਮਤਾਂ ਵਾਲੇ ਸਾਹਿਤ ਤੋਂ ਵਾਂਝੇ ਤਾਂ ਨਹੀਂ ਹੋ ਰਹੇ ? ਅਜਿਹੇ ਸਾਹਿਤ ਨੂੰ ਮੁੜ ਸਾਡੇ ਲੋਕਾਂ ਦੇ ਹੱਥਾਂ ਵਿੱਚ ਲਿਆਉਣ ਲਈ ਕੁਝ ਕਰਨ ਦੀ ਲੋੜ ਹੈ। ਆਖਿਰ ਚੰਗੇਰੇ ਸਮਾਜ, ਚੰਗੇਰੀ ਜ਼ਿੰਦਗੀ ਲਈ ਸੰਘਰਸ਼ ਤਾਂ ਚਲਦਾ ਹੀ ਰਹਿਣਾ ਹੈ।