Wednesday, February 21, 2007

ਕੇਵਲ ਪੁਸਤਕਾਂ ਪੜ੍ਹਨਾ ਹੀ ਵਿਦਿਆ ਦੀ ਪ੍ਰਾਪਤੀ ਨਹੀਂ, ਇੱਟਾਂ ਦੇ ਢੇਰ ਨੂੰ ਕੋਈ ਸਿਆਣਾ ਇਮਾਰਤ ਦਾ ਨਾਮ ਨਹੀਂ ਦਿੰਦਾ

ਉਪਰੋਕਤ ਦੋ ਸਤਰਾਂ ਪੁਸਤਕਾਂ ਪੜ੍ਹਨ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਵੇਖਦੀਆਂ ਬਲਕਿ ਇਹ ਪੁਸਤਕਾਂ ਰਾਹੀਂ ਪ੍ਰਾਪਤ ਕੀਤੇ ਗਿਆਨ ਤੋਂ ਜੀਵਨ ਲਈ ਇੱਕ ਸਹੀ ਸੇਧ, ਕੁਦਰਤ ਪ੍ਰਤੀ ਇੱਕ ਠੀਕ ਦ੍ਰਿਸ਼ਟੀਕੋਣ ਅਤੇ ਸਮਾਜ ਪ੍ਰਤੀ ਇੱਕ ਕਲਿਆਣਕਾਰੀ ਫਲਸਫ਼ਾ ਬਨਾਉਣ ਦੀ ਲੋੜ ਨੂੰ ਵਧੀਆ ਸ਼ਬਦਾਂ ਵਿੱਚ ਬਿਆਨ ਕਰਦੀਆਂ ਹਨ। ਜਿਵੇਂ ਇਮਾਰਤ ਬਨਾਉਣ ਲਈ ਇੱਟਾਂ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਵਿਦਿਆ ਹਾਸਲ ਕਰਨ ਲਈ ਪੁਸਤਕਾਂ ਦੀ ਲੋੜ ਹੁੰਦੀ ਹੈ। ਜਿਵੇਂ ਇੱਟਾਂ ਨੂੰ ਵਿਸ਼ੇਸ਼ ਤਰਤੀਬ ਦੇ ਕੇ ਹੀ ਇਮਾਰਤ ਬਣਾਈ ਜਾ ਸਕਦੀ ਹੈ ਓਵੇਂ ਕਿਤਾਬਾਂ ਵਿਚੋਂ ਗ੍ਰਹਿਣ ਕੀਤੇ ਵਿਚਾਰਾਂ ਉਪਰ ਤਰਕਪੂਰਨ ਢੰਗ ਨਾਲ ਸੋਚ ਵਿਚਾਰ ਕਰਕੇ ਹੀ ਸਹੀ ਸਿੱਟੇ ਕੱਢੇ ਜਾ ਸਕਦੇ ਹਨ। ਜਿਵੇਂ ਇੱਟਾਂ ਵਿੱਚ ਕੱਚੀਆਂ ਪਿੱਲੀਆਂ ਇੱਟਾਂ ਹੁੰਦੀਆਂ ਹਨ ਜੋ ਇਮਾਰਤ ਵਿੱਚ ਲੱਗ ਜਾਣ ਤਾਂ ਇਮਾਰਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਓਵੇਂ ਕੁਝ ਪੁਸਤਕਾਂ ਵਿੱਚ ਵੀ ਕੱਚੇ ਪਿੱਲੇ ਵਿਚਾਰ ਹੁੰਦੇ ਹਨ ਜਿਨ੍ਹਾਂ ਨੂੰ ਰੱਦ ਕਰਕੇ ਬਾਹਰ ਸੁੱਟਣ ਦੀ ਲੋੜ ਹੁੰਦੀ ਹੈ।
ਸਾਨੂੰ ਪੁਸਤਕਾਂ ਵਿਚਲੀ ਜਾਣਕਾਰੀ (information) ਤੋਂ ਗਿਆਨ (knowledge) ਅਤੇ ਗਿਆਨ ਤੋਂ ਸਿਆਣਪ (wisdom) ਹਾਸਲ ਕਰਨ ਦਾ ਢੰਗ ਆਉਣਾ ਚਾਹੀਦਾ ਹੈ। ਵੱਖ ਵੱਖ ਵਰਤਾਰਿਆਂ ਬਾਰੇ ਜਾਣਕਾਰੀ ਇਕੱਠੀ ਕਰਦੇ ਜਾਣ ਨਾਲ ਅਸੀਂ ਗਿਆਨਵਾਨ ਤਾਂ ਹੋ ਜਾਂਦੇ ਹਾਂ ਪਰ ਜਰੂਰੀ ਨਹੀਂ ਕਿ ਇਕੱਠਾ ਕੀਤਾ ਗਿਆਨ ਸਾਨੂੰ ਸਿਆਣਾ ਵੀ ਬਣਾ ਦੇਵੇ। ਅੱਜ ਕੱਲ ਦੀ ਸਿੱਖਿਆ ਵਿੱਚ ਕਿਤਾਬਾਂ ਰਟਾ ਰਟਾ ਕੇ ਜਾਣਕਾਰੀ ਅਤੇ ਗਿਆਨ ਵਿੱਚ ਤਾਂ ਵਾਧਾ ਕਰ ਦਿੱਤਾ ਜਾਂਦਾ ਪਰ ਉਨ੍ਹਾਂ ਨੂੰ ਗਿਆਨ ਦੀ ਤਹਿ ਤੱਕ ਪਹੁੰਚਾ ਕੇ ਸਿਆਣੇ ਬਨਾਉਣ ਦੀ ਕੋਸ਼ਿਸ ਨਹੀਂ ਕੀਤੀ ਜਾਂਦੀ। ਇਸ ਬਾਰੇ ਚਿੰਤਾ ਕਰਦਾ ਹੋਇਆ ਅੰਗਰੇਜ ਕਵੀ ਅਤੇ ਚਿੰਤਕ ਟੀ. ਐਸ. ਈਲੀਅਟ ਵੀ ਕਹਿੰਦਾ ਹੈ ਕਿ ਅਸੀਂ ਸਿਆਣਪ ਨੂੰ ਗਿਆਨ ਦੇ ਢੇਰ ਵਿੱਚ ਗੁਆ ਲਿਆ ਹੈ। ਏਸੇ ਕਰਕੇ ਵਿਗਿਆਨ ਦੀਆਂ ਸੈਂਕੜੇ ਹਜਾਰਾਂ ਪੁਸਤਕਾਂ ਪੜ੍ਹ ਕੇ ਡਾਕਟਰ, ਇੰਜਨੀਅਰ, ਪ੍ਰੋਫੈਸਰ ਬਣੇ ਵਿਅਕਤੀ ਵੀ ਮੂਰਤੀਆਂ ਨੂੰ ਦੁੱਧ ਪਿਆਉਂਦੇ ਅਤੇ ਡੇਰਿਆਂ ‘ਚ ਅਨਪੜ੍ਹ ਸਾਧਾਂ ਅੱਗੇ ਮੱਥੇ ਘਸਾਉਂਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਉਪਰ ਵਿਚਾਰ-ਅਧੀਨ ਸਤਰਾਂ ਪੂਰੀ ਤਰ੍ਹਾਂ ਢੁਕਦੀਆਂ ਹਨ।ਉਹ ਉਨ੍ਹਾਂ ਨੂੰ ਮਿਲੀਆਂ ਇੱਟਾਂ ਤੋਂ ਇਮਾਰਤ ਬਨਾਉਣ ਵਿੱਚ ਨਾਕਾਮ ਰਹੇ ਹਨ।ਉਨ੍ਹਾਂ ਨੇ ਆਪਣੇ ਦਿਮਾਗਾਂ ਵਿੱਚ ਕਿਤਾਬਾਂ ਵਿੱਚੋਂ ਪੜ੍ਹੀ ਜਾਣਕਾਰੀ ਨੂੰ ਉਵੇਂ ਲੱਦਿਆ ਹੋਇਆ ਹੈ ਜਿੱਦਾਂ ਗਧੇ ਉਪਰ ਇੱਟਾਂ ਲੱਦੀਆਂ ਹੁੰਦੀਆਂ ਹਨ। ਜਿਵੇਂ ਇੱਕ ਚੰਗਾ ਰਾਜ ਮਿਸਤਰੀ ਇਨ੍ਹਾਂ ਇੱਟਾਂ ਤੋਂ ਵਧੀਆ ਇਮਾਰਤ ਬਣਾ ਦਿੰਦਾ ਹੈ ਜਿਸਤੋਂ ਉਸ ਵਿੱਚ ਰਹਿਣ ਵਾਲੇ ਵਿਅਕਤੀ ਸੁਖ ਹਾਸਲ ਕਰਦੇ ਹਨ ਉਸੇ ਤਰ੍ਹਾਂ ਠੀਕ ਵਿਚਾਰਧਾਰਾ ਦੀ ਅਗਵਾਈ ਵਿੱਚ ਕਿਤਾਬਾਂ ਤੋਂ ਲਈ ਜਾਣਕਾਰੀ ਨੂੰ ਵਿਅਕਤੀ ਅਤੇ ਸਮਾਜ ਦੇ ਸੁਖ ਵਿੱਚ ਵਾਧਾ ਕਰਨ ਲਈ ਵਰਤਿਆ ਜਾ ਸਕਦਾ ਹੈ।
ਕੁਝ ਵਿਅਕਤੀ ਇੱਟਾਂ ਦੇ ਢੇਰ ਲਗਾਉਣ ਵਿੱਚ ਮਾਹਰ ਹੁੰਦੇ ਹਨ ਭਾਵ ਉਨ੍ਹਾਂ ਨੇ ਬਹੁਤ ਪੁਸਤਕਾਂ ਪੜ੍ਹੀਆਂ ਹੁੰਦੀਆਂ ਹਨ। ਪਰ ਉਹ ਕਿਸੇ ਵੀ ਮਸਲੇ ਸਬੰਧੀ ਠੀਕ ਪਹੁੰਚ ਅਪਨਾਉਣ ਵਿੱਚ ਨਾਕਾਮ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਇੱਟਾਂ ਤੋਂ ਇਮਾਰਤ ਨਹੀਂ ਬਣਾਈ ਹੁੰਦੀ ਭਾਵ ਪੜ੍ਹੇ ਹੋਏ ਗਿਆਨ ਨੂੰ ਠੀਕ ਵਿਚਾਰਧਾਰਾ ਦੀ ਲੜੀ ਵਿੱਚ ਨਹੀਂ ਪਰੋਇਆ ਹੁੰਦਾ, ਜਾਣਕਾਰੀ ਦਾ ਤੱਤ ਕੱਢ ਕੇ ਮਨ ਵਿੱਚ ਵਸਾਇਆ ਨਹੀਂ ਹੁੰਦਾ। ਕੁਝ ਨੇ ਤੂੜੀ ਬਹੁਤੀ ਇਕੱਠੀ ਕੀਤੀ ਹੁੰਦੀ ਹੈ ਦਾਣੇ ਘੱਟ ਕੱਢੇ ਹੁੰਦੇ ਹਨ।ਭਾਵ ਉਨ੍ਹਾਂ ਨੇ ਅਜਿਹੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਹਨ ਅਤੇ ਅਜਿਹਾ ਗਿਆਨ ਇਕੱਠਾ ਕੀਤਾ ਹੁੰਦਾ ਹੈ ਜਿਸਦੀ ਅਜੋਕੇ ਦੌਰ ਵਿੱਚ ਕੋਈ ਮਹੱਤਤਾ ਨਹੀਂ ਹੁੰਦੀ। ਅਜਿਹੀਆਂ ਪੁਸਤਕਾਂ ਪੜ੍ਹ ਕੇ ਅੱਜ ਦੇ ਸਮੇਂ ਦੀਆਂ ਸਮਸਿਆਵਾਂ ਨੂੰ ਸੁਲਝਾਇਆ ਨਹੀਂ ਜਾ ਸਕਦਾ ਸਗੋਂ ਬਹੁਤੀ ਵਾਰੀ ਅਜਿਹੀਆਂ ਪੁਸਤਕਾਂ ਪੜ੍ਹ ਕੇ ਆਦਮੀ ਸਹੀ ਰਾਹ ਤੋਂ ਭਟਕ ਵੀ ਜਾਂਦਾ ਹੈ। ਸੋ ਜਰੂਰੀ ਹੈ ਕਿ ਨਾ ਸਿਰਫ ਚੰਗੀਆਂ ਕਿਤਾਬਾਂ ਹੀ ਪੜ੍ਹੀਆਂ ਜਾਣ ਸਗੋਂ ਉਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਸਹੀ ਜੀਵਨ ਸੇਧ ਵੀ ਅਪਣਾਈ ਜਾਵੇ।

Thursday, February 15, 2007

ਭਗਤ ਸਿੰਘ ਦੀ ਸ਼ਹਾਦਤ - ਇੱਕ ਮੁਲਅੰਕਣ

ਭਗਤ ਸਿੰਘ ਦੀ ਸ਼ਹਾਦਤ ਉਸਦੀ ਇੱਕ ਯੋਜਨਾਬੱਧ ਕਾਰਵਾਈ ਸੀ ਯਾਨੀ ਕਿ ਸ਼ਹਾਦਤ ਦੇ ਇਸ ਕਰਮ ਦਾ ਉਹ ਖੁਦ ਹੀ ਕਰਤਾ ਸੀ। ਇਤਿਹਾਸਕ ਤੌਰ 'ਤੇ ਇਹ ਤੱਥ ਗਲਤ ਨਹੀਂ ਹੈ ਕਿ ਭਗਤ ਸਿੰਘ ਦੀ ਅਗਵਾਈ ਹੇਠ ਉਠ ਰਹੀ ਆਜਾਦੀ ਦੀ ਹਥਿਆਰਬੰਦ ਲਹਿਰ ਨੂੰ ਦਬਾਉਣ ਲਈ ਅੰਗਰੇਜਾਂ ਦੁਆਰਾ ਭਗਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਇਸੇ ਤੱਥ ਦਾ ਇੱਕ ਇਹ ਵੀ ਰੂਪ ਹੈ ਕਿ ਆਪਣੇ ਵਿਚਾਰਾਂ ਨੂੰ ਫੈਲਾਉਣ ਲਈ ਭਗਤ ਸਿੰਘ ਨੇ ਸ਼ਹਾਦਤ ਦੇ ਦਿੱਤੀ। ਦੋਹਵੇਂ ਧਿਰਾਂ ਆਪਣੇ ਆਪਣੇ ਉਦੇਸ਼ਾਂ ਵਿੱਚ ਸਫਲ ਰਹੀਆਂ - ਭਗਤ ਸਿੰਘ ਦੀ ਸ਼ਹੀਦੀ ਨਾਲ ਉਹਨਾਂ ਦੀ ਜਥੇਬੰਦੀ ਹਿੰਦੁਸਤਾਨ ਸੋਸ਼ਲਿਸਟ ਰਿਪਬਕਲਿਨ ਆਰਮੀ ਤੇ ਮਾਰੂ ਸੱਟ ਵੱਜੀ ਅਤੇ ਦੋ ਕੁ ਸਾਲਾਂ ਵਿੱਚ ਹੀ ਉਹ ਇੱਕ ਜਥੇਬੰਦੀ ਵਜੋਂ ਖਤਮ ਹੋ ਗਈ ; ਦੂਜੇ ਪਾਸੇ ਭਗਤ ਸਿੰਘ ਦੀ ਸ਼ਹੀਦੀ ਨਾਲ ਭਗਤ ਸਿੰਘ ਦੇ ਵਿਚਾਰ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਫੈਲ ਗਏ।
ਅੱਜ ਜਦ ਇਸ ਘਟਨਾ ਨੂੰ 75 ਸਾਲ ਹੋ ਗਏ ਹਨ ਤਾਂ ਇਹ ਮੁਲਅੰਕਣ ਕਰਨਾ ਬਣਦਾ ਹੈ ਕਿ ਭਾਰਤ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਨ ਵਿੱਚ ਭਗਤ ਸਿੰਘ ਦੇ ਇਸ ਕਦਮ ਦਾ ਕੀ ਰੋਲ ਰਿਹਾ।
ਇਤਿਹਾਸ ਦੇ ਆਮ ਪਾਠਕਾਂ ਨੂੰ ਵੀ ਇਹ ਤਾਂ ਪਤਾ ਹੀ ਹੈ ਕਿ ਅਸੈਂਬਲੀ ਵਿੱਚ ਪਾਸ ਕੀਤੇ ਜਾ ਰਹੇ ਦੋ ਕਾਲੇ ਕਾਨੂੰਨਾਂ ਖਿਲਾਫ ਵਿਰੋਧ ਪ੍ਰਗਟ ਕਰਨ ਲਈ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਬੰਬ ਸੁੱਟੇ ਅਤੇ ਗ੍ਰਿਫਤਾਰੀ ਦੇ ਦਿੱਤੀ। ਇਹ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸਗੋਂ ਵਿਰੋਧ ਨੂੰ ਜੋਰਦਾਰ ਢੰਗ ਨਾਲ ਪ੍ਰਗਟ ਕਰਨ ਲਈ ਅਤੇ ਸਾਰੇ ਦੇਸ਼ ਦਾ ਧਿਆਨ ਇਸ ਮੁੱਦੇ ਵੱਲ ਖਿੱਚਣ ਲਈ ਹੀ ਇੱਕ ਧਮਾਕੇਦਾਰ ਢੰਗ ਅਪਣਾਇਆ ਗਿਆ। ਬੰਬ ਸੁੱਟ ਕੇ ਗ੍ਰਿਫਤਾਰੀ ਦੇਣ ਵਰਗਾ ਐਕਸ਼ਨ ਕਰਨਾ ਇੱਕ ਇਨਕਲਾਬੀ ਜਥੇਬੰਦੀ ਲਈ ਹੋਰ ਕਾਰਵਾਈਆਂ ਵਰਗੀ ਇੱਕ ਕਾਰਵਾਈ ਸੀ। ਪਰ ਇਹ ਐਕਸ਼ਨ ਕਰਨ ਲਈ ਭਗਤ ਸਿੰਘ ਦਾ ਜਾਣਾ ਇੱਕ ਵੱਡਾ ਫੈਸਲਾ ਸੀ ਕਿਉਂਕਿ ਭਗਤ ਸਿੰਘ ਉਤੇ ਪਹਿਲਾਂ ਹੀ ਸਾਂਡਰਸ ਕਤਲ ਕੇਸ ਚੱਲ ਰਿਹਾ ਸੀ ਅਤੇ ਸਭ ਨੂੰ ਪਤਾ ਸੀ ਕਿ ਉਸ ਵੱਲੋਂ ਗ੍ਰਿਫਤਾਰੀ ਦੇਣ ਦਾ ਮਤਲਬ ਸਿੱਧਾ ਫਾਂਸੀ ਵੱਲ ਨੂੰ ਜਾਣ ਤੋਂ ਸੀ ਜਦ ਕਿ ਪਾਰਟੀ ਦੇ ਕਿਸੇ ਹੋਰ ਮੈਂਬਰ ਨੂੰ ਇਸ ਐਕਸ਼ਨ ਦੀ ਸਜਾ ਵਜੋਂ ਜਿਆਦਾ ਸੰਭਾਵਨਾ ਉਮਰ ਕੈਦ ਦੀ ਬਣਦੀ ਸੀ ਜਿਵੇਂ ਕਿ ਦੱਤ ਨੂੰ ਹੋਈ ਵੀ। ਫੇਰ ਇਸ ਐਕਸ਼ਨ ਲਈ ਭਗਤ ਸਿੰਘ ਹੀ ਕਿਉਂ ਗਿਆ ?
ਸਭ ਤੋਂ ਪਹਿਲਾਂ ਤਾਂ ਇਹ ਸਾਫ ਹੋਣਾ ਚਾਹੀਦਾ ਹੈ ਕਿ ਪਾਰਟੀ ਵਿੱਚ ਇਸ ਐਕਸ਼ਨ ਲਈ ਕੋਈ ਬੰਦਿਆਂ ਦੀ ਘਾਟ ਨਹੀਂ ਸੀ ਕਿ ਭਗਤ ਸਿੰਘ ਨੂੰ ਭੇਜਿਆ ਗਿਆ। ਸਗੋਂ ਅਸਲੀਅਤ ਤਾਂ ਇਹ ਸੀ ਕਿ ਇਸ ਐਕਸ਼ਨ ਲਈ ਸਾਰੇ ਇਨਕਲਾਬੀ ਆਪਣੇ ਆਪ ਨੂੰ ਪੇਸ਼ ਕਰਨ ਲਈ ਬਹੁਤ ਉਤਾਵਲੇ ਸਨ, ਐਕਸ਼ਨ ਲਈ ਜਾਣ ਦੇ ਦਾਅਵੇਦਾਰਾਂ ਵੱਲੋਂ ਜੋਰਦਾਰ ਬਹਿਸ ਮੁਬਾਹਸਾ ਵੀ ਕੀਤਾ ਗਿਆ, ਨਾ ਚੁਣੇ ਜਾਣ ਵਾਲੇ ਰੁੱਸ ਕੇ ਵੀ ਬੈਠੇ ਅਤੇ ਇਹ ਵੀ ਕਿ ਬੰਬ ਸੁੱਟਣ ਵਾਲਿਆਂ ਲਈ ਪਾਰਟੀ ਨੇ ਪਹਿਲਾਂ ਜੈਦੇਵ ਕਪੂਰ ਅਤੇ ਬੀ.ਕੇ. ਦੱਤ ਦੇ ਨਾਮ ਫਾਈਨਲ ਵੀ ਕਰ ਲਏ ਸਨ ਪਰ ਭਗਤ ਸਿੰਘ ਦੀ ਜਿਦ ਬਲਕਿ ਧੱਕੇ ਅੱਗੇ ਪਾਰਟੀ ਨੂੰ ਝੁਕਣਾ ਪਿਆ ਅਤੇ ਜੈ ਦੇਵ ਦਾ ਨਾਮ ਕੱਢਕੇ ਭਗਤ ਸਿੰਘ ਦਾ ਪਾਉਣਾ ਪਿਆ। ਦਲੀਲ ਇਹ ਦਿੱਤੀ ਗਈ ਕਿ ਅਦਾਲਤ ਵਿੱਚ ਭਗਤ ਸਿੰਘ ਜਿਵੇਂ ਇਨਕਲਾਬੀਆਂ ਦੇ ਵਿਚਾਰਾਂ ਨੂੰ ਦੇਸ਼ ਸਾਹਮਣੇ ਪੇਸ਼ ਕਰ ਸਕੇਗਾ ਉਵੇਂ ਹੋਰ ਕੋਈ ਨਹੀਂ ਕਰ ਸਕੇਗਾ ਅਤੇ ਫਾਂਸੀ ਹੋਣਾ ਇਨਕਲਾਬੀਆਂ ਲਈ ਕੋਈ ਅਜਿਹਾ ਮਸਲਾ ਨਹੀਂ ਸੀ ਜੋ ਉਹਨਾਂ ਨੂੰ ਆਪਣੇ ਐਕਸ਼ਨ ਨੂੰ ਵਧੇਰੇ ਸਾਰਥਿਕ ਤਰੀਕੇ ਨਾਲ ਕਰਨ ਤੋਂ ਰੋਕ ਸਕੇ। ਬੰਬ ਸੁੱਟੇ ਗਏ, ਮੁਕੱਦਮਾ ਚੱਲਿਆ, ਭਗਤ ਸਿੰਘ ਨੇ ਇਨਕਲਾਬੀਆਂ ਦੇ ਆਦਰਸ਼ਾਂ ਨੂੰ ਬੜੇ ਜੋਰਦਾਰ ਢੰਗ ਨਾਲ ਅਦਾਲਤ ਵਿੱਚ ਪੇਸ਼ ਕੀਤਾ, ਅਦਾਲਤ ਦੀ ਕਾਰਵਾਈ ਪ੍ਰੈਸ ਰਾਹੀਂ ਸਾਰੇ ਦੇਸ਼ ਵਿੱਚ ਗਈ ਅਤੇ ਨਾਲ ਹੀ ਕ੍ਰਾਂਤੀਕਾਰੀਆਂ ਦੇ ਵਿਚਾਰ ਅਤੇ ਉਦੇਸ਼ ਲੋਕਾਂ ਤੱਕ ਪਹੁੰਚੇ। ਭਗਤ ਸਿੰਘ ਨੇ ਫਾਂਸੀ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਆਪਣੇ ਸਾਥੀ ਸਿ਼ਵ ਵਰਮਾ ਨੂੰ ਕਿਹਾ ਸੀ, '' ਇਨਕਲਾਬੀ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਮੈਂ ਸੋਚਿਆ ਸੀ ਕਿ ਜੇਕਰ ਮੈਂ ਮੁਲਕ ਦੀ ਹਰੇਕ ਨੁੱਕਰ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਅਰਾ ਪੁਚਾ ਦਿੱਤਾ, ਤਦ ਹੀ ਮੇਰੇ ਜੀਵਨ ਦਾ ਪੂਰਾ ਮੁੱਲ ਮਿਲੇਗਾ ........... ਮੇਰਾ ਖਿਆਲ ਹੈ ਕਿ ਕਿਸੇ ਦੀ ਵੀ ਜ਼ਿੰਦਗੀ ਦਾ ਇਸ ਤੋਂ ਵੱਧ ਮੁੱਲ ਨਹੀਂ ਹੋ ਸਕਦਾ''। ਭਗਤ ਸਿੰਘ ਦਾ ਇਹ ਨਿਸ਼ਾਨਾ ਤਾਂ ਪੂਰਾ ਹੋ ਗਿਆ ਯਾਨੀ ਕਿ 'ਇਨਕਲਾਬ ਜਿੰਦਾਬਾਦ' ਅਤੇ ਭਗਤ ਸਿੰਘ ਦਾ ਨਾਂ ਦੇਸ਼ ਦੀ ਹਰ ਨੁੱਕਰ ਵਿੱਚ ਪਹੁੰਚ ਗਿਆ ਪਰ ਭਗਤ ਸਿੰਘ ਦੀ ਜ਼ਿੰਦਗੀ ਐਨਾ ਕਾਰਜ ਕਰਨ ਤੋਂ ਵਧੇਰੇ ਮੁੱਲਵਾਨ ਸੀ ਜਿਸਦਾ ਭਗਤ ਸਿੰਘ ਨੂੰ ਵੀ ਸਹੀ ਅਹਿਸਾਸ ਨਹੀਂ ਸੀ। ਅਸਲ ਵਿੱਚ ਭਗਤ ਸਿੰਘ ਫਰਾਂਸੀਸੀ ਕ੍ਰਾਂਤੀਕਾਰੀਆਂ ਦੇ ' ਮੌਤ ਰਾਹੀਂ ਪ੍ਰਾਪੇਗੰਡਾ ਕਰਨ ' ਦੇ ਸੰਕਲਪ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਜਿਸ ਕਰਕੇ ਉਹ ਖੁਦ ਇਸੇ ਰਾਹ 'ਤੇ ਚੱਲ ਪਿਆ। ਕਿਹਾ ਜਾ ਸਕਦਾ ਹੈ ਕਿ ਭਗਤ ਸਿੰਘ ਨੂੰ ਆਪਣੀ ਮੌਤ ਦੇ ਮਹੱਤਵ ਦਾ ਤਾਂ ਪਤਾ ਸੀ ਪਰ ਉਸਨੂੰ ਆਪਣੀ ਜ਼ਿੰਦਗੀ ਦੇ ਮਹੱਤਵ ਦਾ ਸਹੀ ਅੰਦਾਜਾ ਨਹੀਂ ਸੀ।
ਕਿਵੇਂ ?
ਪਹਿਲੀ ਗੱਲ ਤਾਂ ਇਨਕਲਾਬੀਆਂ ਦੀ ਜਥੇਬੰਦੀ ਕੋਲ ਭਗਤ ਸਿੰਘ ਦੇ ਪੱਧਰ ਦਾ ਕੋਈ ਹੋਰ ਆਗੂ ਨਹੀਂ ਸੀ ਜੋ ਉਸਦੇ ਜਾਣ ਬਾਅਦ ਉਸਦਾ ਸਥਾਨ ਲੈ ਸਕਦਾ। ਭਗਤ ਸਿੰਘ ਹੋਰਾਂ ਦੀ ਫਾਂਸੀ ਤੋਂ ਬਾਅਦ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਇਹ ਲਹਿਰ ਆਪਣੇ ਜਥੇਬੰਦਕ ਰੂਪ ਵਿੱਚ ਖਤਮ ਹੋ ਗਈ। ਦੂਸਰੀ ਗੱਲ ਜਿਵੇਂ ਕਿ ਪ੍ਰੋ. ਬਿਪਨ ਚੰਦਰ ਜੀ ਕਹਿੰਦੇ ਹਨ ਕਿ ' ਇਨਕਲਾਬ ਜਿੰਦਾਬਾਦ ਦੇ ਨਾਅਰੇ ਦੇ ਹਰਮਨਪਿਆਰੇ ਹੋਣ ਅਤੇ ਸਰਵਜਨਕ ਤੌਰ 'ਤੇ ਅਪਣਾਏ ਜਾਣ ਦੇ ਅਤੇ ਭਗਤ ਸਿੰਘ ਹੋਰਾਂ ਦੀਆਂ ਕੁਰਬਾਨੀਆਂ ਨੂੰ ਸਤਿਕਾਰੇ ਜਾਣ ਦੇ ਬਾਵਜੂਦ ਇਹ ਸਭ ਕੁਝ ਕੌਮੀ ਚੇਤਨਤਾ ਨੂੰ ਇਨਕਲਾਬੀ ਮੋੜ ਪ੍ਰਦਾਨ ਕਰਨ ਵਿੱਚ ਕਾਮਯਾਬ ਨਾ ਹੋਇਆ ਅਸਲ ਵਿੱਚ ਉਸ ਸਿਆਸੀ ਮਸ਼ੀਨਰੀ ਦੀ ਅਣਹੋਂਦ ਸੀ ਜੋ ਉਨ੍ਹਾਂ ਦੀਆਂ ਅਥਾਹ ਕੁਰਬਾਨੀਆਂ ਤੋਂ ਪੈਦਾ ਹੋਏ ਜਜ਼ਬਿਆਂ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਉਹਨਾਂ ਦੇ ਅਸਲ ਨਿਸ਼ਾਨਿਆਂ ਦੀ ਪੂਰਤੀ ਲਈ ਲਾਮਬੰਦ ਕਰ ਸਕਦੀ।' ਭਗਤ ਸਿੰਘ ਜਿਵੇਂ ਆਜਾਦੀ ਲਈ ਚਲਦੀ ਆ ਰਹੀ ਹਥਿਆਰਬੰਦ ਧਾਰਾ ਨੂੰ ਸਹੀ ਦਿਸ਼ਾ ਵੱਲ ਮੋੜ ਦੇ ਰਿਹਾ ਸੀ, ਜਿਵੇਂ ਉਸਨੇ ਕੇਵਲ ਅੰਗਰੇਜਾਂ ਤੋਂ ਆਜਾਦੀ ਪ੍ਰਾਪਤ ਕਰਨ ਦੇ ਨਿਸ਼ਾਨੇ ਦੀ ਸੀਮਤਾਈ ਨੂੰ ਪਾਰ ਕਰਕੇ ਸਮਾਜਵਾਦੀ ਸਮਾਜ ਦੀ ਸਥਾਪਨਾ ਦਾ ਆਦਰਸ਼ ਇਨਕਲਾਬੀਆਂ ਦੇ ਸਾਹਮਣੇ ਲਿਆਂਦਾ, ਜਿਵੇਂ ਉਸਨੇ ਗੰਭੀਰ ਅਧਿਐਨ ਕਰਕੇ ਆਪਣੇ ਵਿਚਾਰਾਂ ਨੂੰ ਨਿਖੇਰਿਆ ਉਸ ਸਭ ਕਾਸੇ ਤੋਂ ਜਾਪਦਾ ਹੈ ਕਿ ਉਸ ਵਿੱਚ ਉਹ ਯੋਗਤਾ ਵਿਕਸਿਤ ਹੋ ਗਈ ਸੀ ਜੋ ਅੰਗਰੇਜਾਂ ਤੋਂ ਆਜਾਦੀ ਲਈ ਚੱਲ ਰਹੀ ਲੜਾਈ ਨੂੰ ਸਮਾਜਵਾਦ ਲਈ ਲੜਾਈ ਵਿੱਚ ਬਦਲ ਸਕਣ ਲਹੀ ਜਰੂਰੀ ਸੀ।
ਭਗਤ ਸਿੰਘ ਨੇ ਸੱਚ ਦਾ ਇਹ ਕੋਨਾ ਤਾਂ ਪੂਰੀ ਤਰ੍ਹਾਂ ਪਕੜ ਲਿਆ ਸੀ ਕਿ ਵਿਅਕਤੀ ਅਤੇ ਆਗੂ ਬਾਹਰਮੁਖੀ ਹਾਲਤਾਂ ਦੀ ਪੈਦਾਵਾਰ ਹੁੰਦੇ ਹਨ। ਉਦਾਹਰਣ ਵਜੋਂ ਫਾਂਸੀ ਦੀ ਸਜਾ ਹੋਣ ਤੋਂ ਬਾਅਦ ਭਗਤ ਸਿੰਘ ਨੇ ਸੁਖਦੇਵ ਨੂੰ ਲਿਖਿਆ -
'ਭਲਾ ਜੇ ਅਸੀਂ ਮੈਦਾਨ ਵਿੱਚ ਨਾ ਨਿਤਰੇ ਹੁੰਦੇ ਤਾਂ ਕੀ ਇਸਦਾ ਭਾਵ ਇਹ ਹੋਣਾ ਸੀ ਕਿ ਕੋਈ ਇਨਕਲਾਬੀ ਕਾਰਜ ਨਹੀਂ ਸੀ ਵਾਪਰਨਾ ? ਜੇਕਰ ਤੂੰ ਏਦਾਂ ਸੋਚਦਾ ਹੈਂ ਤਾਂ ਇਹ ਤੇਰੀ ਗਲਤੀ ਹੈ। ਇਹ ਸਹੀ ਹੈ ਕਿ ਅਸੀਂ ਕਿਸੇ ਹੱਦ ਤੀਕਰ ਸਿਆਸੀ ਵਾਤਾਵਰਣ ਨੂੰ ਬਦਲਣ ਵਿੱਚ ਹਿੱਸਾ ਪਾਇਆ ਹੈ। (ਪਰ) ਇਸਦੇ ਨਾਲ ਹੀ ਅਸੀਂ ਸਮੇਂ ਦੀਆਂ ਲੋੜਾਂ ਅਤੇ ਮੰਗਾਂ ਦੀ ਉਪਜ ਹਾਂ।'
ਭਗਤ ਸਿੰਘ ਦੀ ਗੱਲ ਤਾਂ ਠੀਕ ਸੀ ਪਰ ਆਗੂ ਵੀ ਬਾਹਰਮੁਖੀ ਹਾਲਤਾਂ ਨੂੰ ਬਦਲਣ ਵਿੱਚ ਵੱਡਾ ਰੋਲ ਕਰਦੇ ਹਨ ਜਿਹੜਾ ਭਗਤ ਸਿੰਘ ਸ਼ਾਇਦ ਕਰ ਸਕਦਾ ਸੀ ਪਰ ਸ਼ਹੀਦੀ ਦੇ ਰੁਮਾਂਸ ਵਿੱਚ ਉਹ ਆਪਣੀ ਆਗੂ ਵਾਲੀ ਸਮਰੱਥਾ ਵੱਲ ਝਾਕਿਆ ਵੀ ਨਾ।
-------- -------- -------
ਖੈਰ ਇਹ ਉਸਦੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਫੈਸਲੇ ਦਾ ਇੱਕ ਪੱਖ ਹੈ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਕਲਿਨ ਆਰਮੀ ਉਸਦੀ ਘਾਟ ਪੂਰੀ ਨਾ ਕਰ ਸਕੀ ਅਤੇ ਜਥੇਬੰਦਕ ਤੌਰ 'ਤੇ ਇਸਦਾ ਮਾਰੂ ਅਸਰ ਪਿਆ। ਪਰ ਕੀ ਭਗਤ ਸਿੰਘ ਦੀ ਮੌਤ ਨੇ ਉਸਦੀ ਜ਼ਿੰਦਗੀ ਨਾਲੋਂ ਵੱਡੇ ਸਿੱਟੇ ਨਹੀਂ ਕੱਢੇ ? ਇਸ ਗੱਲ ਦਾ ਕਿਆਫਾ ਹੀ ਲਗਾਇਆ ਜਾ ਸਕਦਾ ਹੈ ਕਿ ਜੇ ਭਗਤ ਸਿੰਘ ਜ਼ਿੰਦਾ ਰਹਿੰਦਾ ਤਾਂ ਉਹ ਭਾਰਤੀ ਆਜਾਦੀ ਸੰਗਰਾਮ ਉਤੇ ਕਿਰਤੀ ਵਰਗ ਦੀ ਸਰਦਾਰੀ ਸਥਾਪਿਤ ਕਰ ਸਕਦਾ ਜਾਂ ਨਾ, ਪਰ ਉਸਦੀ ਸ਼ਹਾਦਤ ਨੇ ਲੋਕ ਮਨਾਂ ਉਪਰ ਜੋ ਅਸਰ ਪਾਇਆ, ਲੋਕ ਲਹਿਰਾਂ ਦੇ ਆਗੂਆਂ ਲਈ ਜਿਵੇਂ ਉਹ ਰੋਲ ਮਾਡਲ ਬਣਿਆ, ਉਹ ਪ੍ਰਭਾਵ ਬਹੁਤ ਵੱਡਾ ਪਿਆ।
ਜਦ ਕੋਈ ਆਗੂ ਕਿਸੇ ਲੋਕ ਪੱਖੀ ਲਹਿਰ ਨੂੰ ਅਗਵਾਈ ਦਿੰਦਾ ਹੈ ਤਾਂ ਉਹ ਦੋ ਕਾਰਜ ਪ੍ਰਮੁੱਖ ਤੌਰ 'ਤੇ ਕਰਦਾ ਹੈ - ਲੋਕਾਂ ਨੂੰ ਜਥੇਬੰਦ ਕਰਨਾ ਅਤੇ ਪ੍ਰੇਰਨਾ ਦੇਣੀ। ਜਥੇਬੰਦ ਕਰਨ ਵਾਲਾ ਕਾਰਜ ਤਾਂ ਜਿਉਂਦੇ ਰਹਿਣ ਦੇ ਸਮੇਂ ਦੌਰਾਨ ਹੀ ਹੁੰਦਾ ਹੈ ਯਾਨੀ ਕਿ ਵੱਧ ਤੋਂ ਵੱਧ 50 ਕੁ ਸਾਲ ਪਰ ਵਿਅਕਤੀ ਦੀ ਪ੍ਰੇਰਨਾ ਹਜਾਰਾਂ ਸਾਲ ਤੱਕ ਚਲਦੀ ਰਹਿ ਸਕਦੀ ਹੈ। ਇਹ ਭਗਤ ਸਿੰਘ ਵੱਲ ਦੇਖ ਕੇ ਹੀ ਪਤਾ ਚਲਦਾ ਹੈ ਕਿ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਆਪਣੀ ਮੌਤ ਨੂੰ ਇੱਕ ਮਾਮੂਲੀ ਗੱਲ ਕਿਵੇਂ ਬਣਾ ਲਿਆ ਜਾਂਦਾ ਹੈ, ਕਿਵੇਂ ਮੌਤ ਨੂੰ ਸਾਹਮਣੇ ਵੇਖ ਕੇ ਵੀ ' ਮੈਂ ਨਾਸਤਿਕ ਕਿਉਂ ਹਾਂ ' ਵਰਗੀਆਂ ਲਿਖਤਾਂ ਲਿਖ ਦਿੱਤੀਆਂ ਜਾਂਦੀਆਂ ਹਨ, ਕਿਵੇਂ ਅੰਤ ਸਮੇਂ ਤੱਕ ਵੀ ਆਪਣੇ ਗਿਆਨ ਨੂੰ ਲਗਾਤਾਰ ਵਿਸ਼ਾਲਦੇ ਜਾਈਦਾ ਹੈ। ਜੇ ਭਗਤ ਸਿੰਘ ਦੀ ਇਸ ਢੰਗ ਨਾਲ ਸ਼ਹਾਦਤ ਨਾ ਹੋਈ ਹੁੰਦੀ ਤਾਂ ਬਾਅਦ ਵਿੱਚ ਉਠੀਆਂ ਇਨਕਲਾਬੀ ਲਹਿਰਾਂ ਦੇ ਕਾਰਕੁੰਨਾਂ ਨੇ ਇਹ ਸਾਰਾ ਕੁਝ ਕਿਥੋਂ ਸਿੱਖਣਾ ਸੀ ?
ਸਾਡੇ ਵਿਰਸੇ ਵਿੱਚ ਸਾਡੇ ਕੋਲ ਧਾਰਮਿਕ ਸ਼ਹੀਦ ਹੀ ਸਨ। ਹੋਰ ਸ਼ਹੀਦ ਵੀ ਹੈਣ ਪਰ ਉਹਨਾਂ ਦਾ ਰੁਤਬਾ ਧਾਰਮਿਕ ਸ਼ਹੀਦਾਂ ਦੇ ਬਰਾਬਰ ਨਹੀਂ ਜਾਂਦਾ। ਇਹ ਭਗਤ ਸਿੰਘ ਦੀ ਸ਼ਹਾਦਤ ਹੀ ਦਰਸਾਉਂਦੀ ਹੈ ਕਿ ਕੇਵਲ ਆਪਣੀਆਂ ਧਾਰਮਿਕ ਮਾਨਤਾਵਾਂ ਖਾਤਰ ਹੀ ਮੌਤ ਨੂੰ ਖਿੜੇ ਮੱਥੇ ਕਬੂਲ ਨਹੀਂ ਕੀਤਾ ਜਾਂਦਾ ਸਗੋਂ ਮਨੁੱਖਤਾ ਦੇ ਵਡੇਰੇ ਹਿਤਾਂ ਅਤੇ ਚੰਗੇਰੇ ਭਵਿੱਖ ਲਈ ਵੀ ਮੌਤ ਨੂੰ ਉਸੇ ਦਲੇਰੀ ਨਾਲ ਕਬੂਲਿਆ ਜਾਂਦਾ ਹੈ। ਭਗਤ ਸਿੰਘ ਇਸੇ ਕਰਕੇ ਸ਼ਹੀਦ-ਏ-ਆਜ਼ਮ ਹੈ ਕਿ ਉਸਨੇ ਆਪਣੀ ਸ਼ਹੀਦੀ ਦੂਸਰਿਆਂ ਨਾਲੋਂ ਵੱਡੇ ਆਦਰਸ਼ਾਂ ਖਾਤਰ ਦਿੱਤੀ।
ਸ਼ਹਾਦਤ ਕਬੂਲ ਕੇ ਜੋ ਰੋਲ ਭਗਤ ਸਿੰਘ ਨੇ ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿੱਚ ਕੀਤਾ ਅਜਿਹਾ ਰੋਲ ਦੱਖਣੀ ਅਮਰੀਕਾ ਵਿੱਚ ਚੀ-ਗੁਵੇਰਾ ਨੇ ਕੀਤਾ। ਚੀ-ਗੁਵੇਰਾ ਵੀ ਬੋਲੀਵੀਆ ਵਿੱਚ ਇਨਕਲਾਬ ਲਿਆਉਣ ਵਿੱਚ ਸਫਲ ਨਹੀਂ ਹੋਇਆ ਪਰ ਉਹ ਉਥੋਂ ਦੇ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਭਗਤ ਸਿੰਘ ਨੂੰ ਦੱਖਣੀ ਏਸ਼ੀਆ ਦਾ ਚੀ-ਗੁਵੇਰਾ ਕਹਿ ਲਵੋ ਜਾਂ ਚੀ-ਗੁਵੇਰੇ ਨੂੰ ਦੱਖਣੀ ਏਸ਼ੀਆ ਦਾ ਭਗਤ ਸਿੰਘ, ਇਕੋ ਗੱਲ ਹੈ। ਅੱਜ ਜੇ ਦੱਖਣੀ ਅਮਰੀਕਾ ਵਿੱਚ ਖੱਬੇ ਪੱਖੀ ਲਹਿਰ ਸ਼ਾਨ ਨਾਲ ਉਭਰ ਰਹੀ ਹੈ ਤਾਂ ਉਸ ਪਿੱਛੇ ਚੀ-ਗੁਵੇਰਾ ਦੁਆਰਾ ਪੈਦਾ ਕੀਤੀ ਮਾਨਸਿਕਤਾ ਦਾ ਬਹੁਤ ਵੱਡਾ ਹੱਥ ਹੈ ਅਤੇ ਇਸੇ ਤਰ੍ਹਾਂ ਭਾਰਤ ਵਿੱਚ ਖੱਬੇ ਪੱਖੀਆਂ ਦਾ ਜੋ ਪ੍ਰਭਾਵ ਅਤੇ ਲੜਨ ਸਮਰੱਥਾ ਹੈ ਉਸ ਪਿੱਛੇ ਭਗਤ ਸਿੰਘ ਦੀ ਸ਼ਹਾਦਤ ਦੀ ਵੱਡੀ ਅਹਿਮੀਅਤ ਹੈ।
ਕਿਹਾ ਜਾ ਸਕਦਾ ਹੈ ਕਿ ਭਗਤ ਸਿੰਘ ਦੀ ਸ਼ਹਾਦਤ ਦਾ ਦੇਸ਼ ਦੀ ਸਮਾਜਵਾਦੀ ਇਨਕਲਾਬੀ ਲਹਿਰ ਨੂੰ ਵਕਤੀ ਤੌਰ 'ਤੇ ਨੁਕਸਾਨ ਹੋਇਆ ਪਰ ਲੰਮੇ ਦਾਅ ਤੋਂ ਉਸਨੇ ਭਾਰਤ ਵਿੱਚ ਸਮਾਜਵਾਦੀ ਇਨਕਲਾਬੀ ਲਹਿਰ ਨੂੰ ਬਹੁਤ ਸ਼ਕਤੀ ਪ੍ਰਦਾਨ ਕੀਤੀ ਭਗਤ ਸਿੰਘ ਦੀ ਸ਼ਹਾਦਤ ਅਜਾਂਈ ਨਹੀਂ ਗਈ ਚਾਹੇ ਅਸੀਂ ਭਗਤ ਸਿੰਘ ਦੇ ਸੁਫਨਿਆਂ ਦਾ ਸਮਾਜ ਅਜੇ ਤੱਕ ਸਥਾਪਿਤ ਨਹੀਂ ਕਰ ਸਕੇ ਹਾਂ ਪਰ ਭਗਤ ਸਿੰਘ ਦੀ ਸ਼ਹਾਦਤ ਇਸ ਸੁਫਨੇ ਨੂੰ ਮਰਨ ਵੀ ਨਹੀਂ ਦੇਵੇਗੀ।
ਅੱਜ ਭਗਤ ਸਿੰਘ ਦੀ ਤਸਵੀਰ ਰਿਕਸਿ਼ਆਂ ਮਗਰ ਲੱਗੀਆਂ ਫੋਟੋਆਂ ਤੋਂ ਲੈ ਕੇ ਕਾਰਾਂ ਦੇ ਸਟਿਕਰਾਂ ਤੱਕ, ਪੇਂਡੂ ਕੁੜੀਆਂ ਵੱਲੋਂ ਕੱਢੀਆਂ ਚਾਦਰਾਂ ਤੋਂ ਲੈ ਕੇ ਫਿਲਮੀ ਪੋਸਟਰਾਂ ਤੱਕ ਅਤੇ ਢਾਬਿਆਂ, ਖੋਖਿਆਂ ਤੋਂ ਲੈ ਕੇ ਸਜੇ ਸਜਾਏ ਡਰਾਇੰਗ ਰੂਮਾਂ ਤੱਕ ਮਿਲਦੀ ਹੈ ਤਾਂ ਇਸਦਾ ਕਾਰਣ ਇਹੀ ਹੈ ਕਿ ਭਗਤ ਸਿੰਘ ਦੀ ਤਸਵੀਰ ਲੋਕਾਂ ਦੇ ਦਿਲਾਂ ਤੱਕ ਉਤਰੀ ਹੋਈ ਹੈ। ਸਾਡਾ ਅਕਸਰ ਗਿਲਾ ਰਹਿੰਦਾ ਹੈ ਕਿ ਭਗਤ ਸਿੰਘ ਦੀਆਂ ਤਸਵੀਰਾਂ ਤਾਂ ਬਹੁਤ ਹਰਮਨਪਿਆਰੀਆਂ ਹਨ ਪਰ ਉਸਦੇ ਵਿਚਾਰ ਆਮ ਲੋਕਾਂ ਤੱਕ ਨਹੀਂ ਪਹੁੰਚੇ। ਯਾਨੀ ਭਗਤ ਸਿੰਘ ਲੋਕਾਂ ਦੇ ਦਿਲਾਂ ਵਿੱਚ ਤਾਂ ਵਸਿਆ ਹੋਇਆ ਹੈ, ਦਿਮਾਗਾਂ ਵਿੱਚ ਨਹੀਂ। ਪਰ ਇਹ ਵੀ ਕੋਈ ਛੋਟੀ ਗੱਲ ਨਹੀਂ, ਅਸਲ ਵਿੱਚ ਆਮ ਲੋਕਾਈ ਦੇ ਦਿਲ ਤੱਕ ਪਹੁੰਚਣਾ ਹੀ ਔਖਾ ਹੁੰਦਾ ਹੈ ਦਿਮਾਗਾਂ ਤੱਕ ਤਾਂ ਕਦੇ ਵੀ ਪਹੁੰਚਿਆ ਜਾ ਸਕਦਾ ਹੈ। ਲੋਕਾਂ ਦੇ ਦਿਲਾਂ ਤੱਕ ਭਗਤ ਸਿੰਘ ਖੁਦ ਪਹੁੰਚਿਆ ਉਸਨੂੰ ਲੋਕਾਂ ਦੇ ਦਿਮਾਗਾਂ ਤੱਕ ਪਹੁੰਚਾਉਣਾ ਸਾਡਾ ਕਾਰਜ ਹੈ।

Saturday, February 03, 2007

ਸੌਵੀਂ ਸੱਟ ਤੇ ਟੁੱਟਣ ਵਾਲੇ ਲੋਹੇ ਦਾ ਟੁੱਟਣਾ ਪਹਿਲੀ ਸੱਟ ਤੇ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਉਸਨੂੰ ਪੈਣ ਵਾਲੀ ਹਰ ਸੱਟ ਦਾ ਮਹੱਤਵ ਹੁੰਦਾ ਹੈ

ਹਰ ਵੱਡਾ ਕਾਰਜ ਸਿਰੇ ਚਾੜਣ ਲਈ ਸੈਂਕੜੇ ਹਜਾਰਾਂ ਕ੍ਰਿਆਵਾਂ ਦੀ ਲੋੜ ਪੈਂਦੀ ਹੈ ਅਤੇ ਹਰ ਕ੍ਰਿਆ ਦੀ ਸਫਲਤਾ ਲਈ ਅੱਗੇ ਅਨੇਕਾਂ ਕੋਸ਼ਿਸਾਂ ਕਰਨੀਆ ਪੈਂਦੀਆਂ ਹਨ। ਬਹੁਤ ਵਾਰ ਅਸੀਂ ਮੰਜ਼ਿਲ ਨੂੰ ਦੂਰ ਵੇਖਕੇ ਨਿਸਚਲ ਹੋ ਜਾਂਦੇ ਹਾਂ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਦੂਰ ਤੋਂ ਦੂਰ ਮੰਜ਼ਿਲ ਵੱਲ ਵੀ ਸਫਰ ਪਹਿਲੇ ਕਦਮ ਤੋਂ ਹੀ ਸ਼ੁਰੂ ਹੁੰਦਾ ਹੈ। ਪਹਿਲਾ ਕਦਮ ਪੁੱਟਣ ਨਾਲ ਮੰਜ਼ਿਲ ਦੀ ਦੂਰੀ ਵਿੱਚ ਕੋਈ ਗਿਣਨਯੋਗ ਫਰਕ ਨਹੀਂ ਪੈਂਦਾ ਪਰ ਜੇ ਅਸੀਂ ਇਹ ਸੋਚ ਕੇ ਪਹਿਲਾ ਕਦਮ ਹੀ ਨਾ ਪੁੱਟੀਏ ਕਿ ਇੱਕ ਕਦਮ ਨਾਲ ਕਿੰਨੀ ਕੁ ਦੂਰੀ ਤਹਿ ਹੋ ਜਾਵੇਗੀ ਤਾਂ ਕੀ ਅਸੀਂ ਮੰਜ਼ਿਲ ’ਤੇ ਕਦੇ ਪਹੁੰਚ ਸਕਾਂਗੇ?
ਇੱਕ ਨਿੱਕੇ ਬੱਚੇ ਨੂੰ ਤੁਰਨਾ ਸਿਖਦੇ ਦੇਖਣਾ ਬਹੁਤ ਦਿਲਚਸਪ ਹੈ। ਉਹ ਵਾਰ ਵਾਰ ਡਿੱਗਣ, ਸੱਟਾਂ ਖਾਣ ਦੇ ਬਾਵਜੂਦ ਸਿੱਧਾ ਖੜਨ ਅਤੇ ਤੁਰਨ ਲਈ ਆਪਣੇ ਯਤਨ ਜਾਰੀ ਰਖਦਾ ਹੈ ਅਤੇ ਅੰਤ ਵਿੱਚ ਸਫਲ ਹੁੰਦਾ ਹੈ। ਉਸਦੇ ਸਿੱਧਾ ਖੜਾ ਹੋਣ ਅਤੇ ਪੁਲਾਂਘ ਭਰਨ ਦੀ ਹਰ ਕੋਸ਼ਿਸ ਦਾ ਆਪਣਾ ਮਹੱਤਵ ਹੈ। ਬਹੁਤ ਸਾਰੇ ਵਿਅਕਤੀ ਵੱਡੇ ਹੋਕੇ ਆਪਣੇ ਬਚਪਨ ਵਿੱਚ ਜਾਣੀ ਇਸ ਸਾਦਾ ਸਚਾਈ ਨੂੰ ਭੁੱਲ ਜਾਂਦੇ ਹਨ। ਉਹ ਹਰ ਕੰਮ ਤੁਰੰਤ ਫੁਰਤ ਹੋਇਆ ਦੇਖਣਾ ਚਾਹੁੰਦੇ ਹਨ, ਇਹ ਰੁਝਾਨ ਅਜੋਕੇ ਦੌਰ ਵਿੱਚ ਵਧੇਰੇ ਭਾਰੂ ਹੋ ਰਿਹਾ ਹੈ। ਇਸਦੇ ਬਾਹਰਮੁਖੀ ਕਾਰਣ ਵੀ ਹਨ ਕਿ ਤਕਨੀਕੀ ਤਰੱਕੀ ਨੇ ਬਟਨ ਦੱਬ ਕੇ ਕੰਮ ਕਰਵਾਉਣ ਦੀ ਜੋ ਸਮਰੱਥਾ ਮਸ਼ੀਨਾਂ ਰਾਹੀਂ ਪੈਦਾ ਕੀਤੀ ਹੈ ਉਹੀ ‘ਬਟਨ ਦੱਬ’ ਪਹੁੰਚ ਮਨੁੱਖ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਲਾਗੂ ਕਰਨ ਦੀ ਕੋਸ਼ਿਸ ਕਰਦਾ ਹੈ ਪਰ ਅਜਿਹਾ ਕਰਦੇ ਸਮੇਂ ਉਹ ਭੁੱਲ ਜਾਂਦਾ ਹੈ ਕਿ ਬਟਨ ਦੱਬ ਕੇ ਕੰਮ ਹੋ ਸਕਣ ਦੀ ਸਮਰੱਥਾ ਹਾਸਲ ਕਰਨ ਪਿੱਛੇ ਵੀ ਕਿਸੇ ਵਿਗਿਆਨੀ ਦੀਆਂ ਹਜਾਰਾਂ ਲੱਖਾਂ ਕੋਸ਼ਿਸਾਂ ਦਾ ਇਤਿਹਾਸ ਪਿਆ ਹੁੰਦਾ ਹੈ, ਹਜਾਰਾਂ ਕਾਮਿਆਂ ਦੀਆਂ ਅਣਗਿਣਤ ਕਸ਼ਟਦਾਇਕ ਕ੍ਰਿਆਵਾਂ ਦੇ ਸਿੱਟੇ ਵਜੋਂ ਹੀ ਉਹ ਬਟਨ ਦੱਬ ਕੇ ਕੰਮ ਕਰਨ ਦੇ ਕਾਬਿਲ ਹੋਇਆ ਹੈ।
ਜੋ ਵਿਅਕਤੀ ਸਮਾਜ ਵਿੱਚ ਕੋਈ ਤਬਦੀਲੀ ਲਿਆਉਣਾ ਚਾਹੁੰਦੇ ਹਨ ਉਨ੍ਹਾਂ ਲਈ ਸਵੈ ਸਾਂਚੀ ਦੇ ਇਸ ਕਥਨ ਦੀ ਸਚਾਈ ਨੂੰ ਜਾਣਨਾ ਬਹੁਤ ਜਰੂਰੀ ਹੈ। ਸਮਾਜ ਹਜਾਰਾਂ ਲੱਖਾਂ ਵਿਅਕਤੀਆਂ ਨੂੰ ਮਿਲਕੇ ਬਣਦਾ ਹੈ, ਹਰ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਬਣਤਰ ਹਜਾਰਾਂ ਲੱਖਾਂ ਕ੍ਰਿਆਵਾਂ ਦਾ ਸਿੱਟਾ ਹੁੰਦੀ ਹੈ, ਇਹਨਾਂ ਵਿਚੋਂ ਹਰ ਕ੍ਰਿਆ ਨੂੰ ਪ੍ਰਭਾਵਿਤ ਕਰਨ ਵਾਲੇ ਸੈਂਕੜੇ ਹਜਾਰਾਂ ਕਾਰਕ ਕੰਮ ਕਰਦੇ ਹਨ। ਸੋ ਸਮਾਜ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਸਦੇ ਪਿੱਛੇ ਕੋਈ ਦੋ ਚਾਰ ਕਾਰਣ ਨਹੀਂ ਹੁੰਦੇ ਜਿਨ੍ਹਾਂ ਨੂੰ ਕੰਟਰੋਲ ਕਰਕੇ ਸਮਾਜ ਨੂੰ ਆਪਣੀ ਇੱਛਾ ਅਨੁਸਾਰ ਤਬਦੀਲ ਕੀਤਾ ਜਾ ਸਕੇ। ਸਮਾਜ ਵਿੱਚ ਅਣਗਿਣਤ ਹੀ ਵਿਅਕਤੀ, ਜਥੇਬੰਦੀਆਂ, ਗਰੁੱਪ, ਪਾਰਟੀਆਂ, ਸੰਸਥਾਵਾਂ ਕੰਮ ਕਰ ਰਹੀਆਂ ਹਨ ਜੋ ਵਿਅਕਤੀਆਂ ਦੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਹਲ। ਸਮਾਜ ਦਾ ਇੱਕ ਪੈਦਾਵਾਰੀ ਪ੍ਰਬੰਧ ਹੁੰਦਾ ਹੈ ਜੋ ਵਿਅਕਤੀਆਂ ਦੀ ਸੋਚ ਦਾ ਮੂਲ ਆਧਾਰ ਬਣਦਾ ਹੈ, ਇੱਕ ਸਮਾਜਿਕ ਸਿਸਟਮ ਹੁੰਦਾ ਹੈ ਜੋ ਵਿਅਕਤੀਆਂ ਦੀ ਸੋਚ ਅਤੇ ਕਾਰਜਾਂ ਨੂੰ ਭਾਰੂ ਤਾਕਤਾਂ ਵੱਲੋਂ ਮਿਥੇ ਹੋਏ ਰਸਤਿਆਂ ’ਤੇ ਚਲਾਉਣ ਦੀ ਕੋਸ਼ਿਸ ਕਰਦਾ ਹੈ, ਇੱਕ ਸਭਿਆਚਾਰਕ ਤਾਣਾਬਾਣਾ ਹੁੰਦਾ ਹੈ ਜੋ ਵਿਅਕਤੀ ਦੀ ਸੋਚ ਅਤੇ ਵਿਵਹਾਰ ਨੂੰ ਇੱਕ ਖਾਸ ਦਾਇਰੇ ਵਿੱਚ ਜਕੜ ਕੇ ਰਖਦਾ ਹੈ। ਜਦ ਸਮਾਜ ਨੂੰ ਤਬਦੀਲ ਕਰਨ ਦੀ ਗੱਲ ਚਲਦੀ ਹੈ ਤਾਂ ਇਸ ਸਾਰੇ ਕੁਝ ਨੂੰ ਇਕੋ ਸੱਟ ਨਾਲ ਨਹੀਂ ਬਦਲਿਆ ਜਾ ਸਕਦਾ। ਚੰਗੀਆਂ ਅਤੇ ਮਾੜੀਆਂ ਤਾਕਤਾਂ ਵਿਚਕਾਰ ਇੱਕ ਗੁੰਝਲਦਾਰ ਸੰਘਰਸ਼ ਚਲਦਾ ਹੈ। ਇਹ ਸੰਘਰਸ਼ ਆਰਥਿਕ, ਸਮਾਜਿਕ, ਰਾਜਨੀਤਕ, ਸਭਿਆਚਾਰਕ, ਵਿਚਾਰਧਾਰਕ ਸਾਰੀਆਂ ਪੱਧਰਾਂ ’ਤੇ ਫੈਲਿਆ ਹੁੰਦਾ ਹੈ। ਇਸ ਸੰਘਰਸ਼ ਵਿੱਚ ਹੋ ਰਹੀ ਹਰ ਕ੍ਰਿਆ ਦਾ ਆਪਣਾ ਮਹੱਤਵ ਹੁੰਦਾ ਹੈ, ਜਿਸਨੇ ਅੱਗੇ ਹੋਰ ਕ੍ਰਿਆਵਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ। ਕਈ ਵਾਰ ਸਾਨੂੰ ਕਿਸੇ ਕ੍ਰਿਆ ਦਾ ਫੌਰੀ ਸਿੱਟਾ ਨਹੀਂ ਦਿਸਦਾ ਪਰ ਅਜਿਹਾ ਨਹੀਂ ਹੋ ਸਕਦਾ ਕਿ ਕਿਸੇ ਕਾਰਜ ਦਾ ਕੋਈ ਮਹੱਤਵ ਹੀ ਲਾ ਹੋਵੇ। ਇਹੀ ਸਵੈਸਾਂਚੀ ਦੇ ਕਥਨ ਦਾ ਅਰਥ ਹੈ ਕਿ ਸਮਾਜੀ ਜੰਜ਼ੀਰਾਂ ਨੂੰ ਤੋੜਨ ਲਈ ਚੱਲ ਰਹੀਆਂ ਕੋਸ਼ਿਸ਼ਾਂ ਵਿੱਚ ਮਾਰੀ ਹਰ ਸੱਟ ਦਾ ਆਪਣਾ ਮਹੱਤਵ ਹੁੰਦਾ ਹੈ।

Thursday, February 01, 2007

ਨਿੱਕੀ ਵੱਡੀ ਉਮਰ ਦੀਆਂ ਗੱਲਾਂ ਛੱਡੋ, ਆਉ ਵੇਖੀਏ ਕਿਸ ਦੇ ਵਿਚਾਰ ਠੀਕ ਹਨ

ਉਮਰ ਵਧਣ ਦੇ ਨਾਲ ਵਿਅਕਤੀ ਨੂੰ ਜ਼ਿੰਦਗੀ ਦਾ ਵਧੇਰੇ ਤਜਰਬਾ ਹਾਸਲ ਹੋ ਜਾਂਦਾ ਹੈ ਜਿਸ ਕਰਕੇ ਉਹ ਸਮਝਦਾ ਹੈ ਕਿ ਉਸਦੇ ਵਿਚਾਰ ਵਧੇਰੇ ਠੀਕ ਹਨ।ਪਰ ਸਿਆਣਪ ਅਤੇ ਉਮਰ ਦਾ ਐਨਾ ਸਿੱਧਾ ਸਬੰਧ ਨਹੀਂ ਹੁੰਦਾ।ਕੇਵਲ ਜ਼ਿੰਦਗੀ ਜੀਵੀ ਜਾਣ ਨਾਲ ਹੀ ਬੰਦਾ ਸਿਆਣਾ ਨਹੀਂ ਹੋਈ ਜਾਂਦਾ।ਉਮਰ ਦੇ ਸਾਲਾਂ ਨਾਲੋਂ ਇਹ ਗੱਲ ਜਿਆਦਾ ਮਹੱਤਵਪੂਰਨ ਹੈ ਕਿ ਉਸਨੇ ਇਨ੍ਹਾਂ ਸਾਲਾਂ ਵਿੱਚ ਗ੍ਰਹਿਣ ਕੀ ਕੀਤਾ ਹੈ।ਅਤੇ ਗ੍ਰਹਿਣ ਕੀ ਕੀਤਾ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸਦਾ ਗਿਆਨ ਗ੍ਰਹਿਣ ਕਰਨ ਦਾ ਢੰਗ ਕੀ ਹੈ ? ਉਸਦਾ ਦ੍ਰਿਸ਼ਟੀਕੋਣ ਕੀ ਹੈ ? ਇੱਕ ਵਿਅਕਤੀ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਦਾ ਹੈ, ਹਜਾਰਾਂ ਸਾਲ ਪਹਿਲਾਂ ਦੇ ਮਨੁੱਖ ਦੇ ਅਲਪ-ਗਿਆਨ ਵਿਚੋਂ ਬਣੀਆਂ ਅਤੇ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆਉਂਦੀਆਂ ਧਾਰਨਾਵਾਂ ਨੂੰ ਹੀ ਪੂਰਨ ਸੱਚ ਮੰਨ ਕੇ ਮਨ ਵਿੱਚ ਵਸਾਉਂਦਾ ਰਹਿੰਦਾ ਹੈ, ਪਰਖ ਪੜਤਾਲ ਦੇ ਰਾਹ ਨਹੀਂ ਪੈਦਾ ਤਾਂ ਉਸਦੀ ਉਮਰ ਵਧਣ ਨਾਲ ਉਸਦੇ ਦਿਮਾਗ ਵਿੱਚ ਕੂੜਾ ਹੀ ਜਮਾਂ ਹੋਈ ਜਾਵੇਗਾ।ਉਹ ਠੀਕ ਵਿਚਾਰਾਂ ਨੂੰ ਅਪਨਾਉਣ ਦੀ ਸਮਰੱਥਾ ਗੁਆ ਬੈਠੇਗਾ।ਇਸਦੇ ਮੁਕਾਬਲੇ ਜੇ ਕੋਈ ਵਿਅਕਤੀ ਹਰ ਵਰਤਾਰੇ ਦੀ ਤਹਿ ਤੱਕ ਜਾਂਦਾ ਹੈ, ਝੂਠ ਪਾਖੰਡ ਨੂੰ ਨਕਾਰ ਕੇ ਸੱਚ ਦੀ ਖੋਜ ਦੇ ਰਾਹ ਪੈਦਾ ਹੈ ਤਾਂ ਉਹ ਵਧਦੀ ਉਮਰ ਨਾਲ ਸਚਾਈ ਦੇ ਹੋਰ ਨੇੜੇ ਹੁੰਦਾ ਜਾਂਦਾ ਹੈ।
ਜੀਵਨ ਤਜਰਬੇ ਦੇ ਸਬੰਧ ਵਿੱਚ ਇੱਕ ਗੱਲ ਹੋਰ ਬਹੁਤ ਮਹੱਤਵਪੂਰਨ ਹੈ।ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਨਿੱਜੀ ਅਨੁਭਵਾਂ ਵਿਚੋਂ ਵਿਅਕਤੀਗਤ ਤਜਰਬਾ ਹਾਸਲ ਕਰਦਾ ਹੈ।ਇਹ ਤਜਰਬਾ ਉਮਰ ਵਧਣ ਨਾਲ ਵਧਦਾ ਜਾਂਦਾ ਹੈ।ਪਰ ਇਸਦੇ ਨਾਲ ਹੀ ਹਰ ਵਿਅਕਤੀ ਮਨੁੱਖ ਜਾਤੀ ਦੇ ਸਮੂਹਿਕ ਤਜਰਬੇ ਵਿਚੋਂ ਵੀ ਗਿਆਨ ਹਾਸਲ ਕਰਦਾ ਹੈ।ਇਸ ਸਮੂਹਿਕ ਤਜਰਬੇ ਪੱਖੋਂ ਹਰ ਨਵੀਂ ਪੀੜ੍ਹੀ ਪਹਿਲੀ ਨਾਲੋਂ ਵਧੇਰੇ ਅਮੀਰ ਹੁੰਦੀ ਜਾਂਦੀ ਹੈ ਕਿਉਂਕਿ ਨਵੀਂ ਪੀੜ੍ਹੀ ਕੋਲ ਆਧੁਨਿਕ ਸਮੇਂ ਤੱਕ ਦਾ ਗਿਆਨ ਹੁੰਦਾ ਹੈ ਜਦ ਕਿ ਪੁਰਾਣੀ ਪੀੜ੍ਹੀ ਆਮ ਕਰਕੇ ਆਪਣੀ ਉਮਰ ਦੇ ਇੱਕ ਖਾਸ ਪੜਾਅ ਤੱਕ ਹੀ ਸਮੂਹਿਕ ਗਿਆਨ ਵਿਚੋਂ ਹਿੱਸਾ ਲੈਦੀ ਹੈ ਉਸ ਤੋਂ ਬਾਅਦ ਵਿਅਕਤੀ ਆਪਣੇ ਜਾਤੀ ਤਜਰਬੇ ਵਿਚੋਂ ਬਣੀਆਂ ਧਾਰਨਾਵਾਂ ਨੂੰ ਵਧੇਰੇ ਮਹੱਤਤਾ ਦੇਣ ਲੱਗ ਜਾਂਦਾ ਹੈ।ਉਸਦਾ ਬਾਹਰੀ ਗਿਆਨ ਉਸ ਖਾਸ ਪੜਾਅ ਤੇ ਸਥਿਰ ਹੋ ਜਾਂਦਾ ਹੈ।ਉਸਨੂੰ ਜਾਪਦਾ ਹੈ ਕਿ ਉਸਨੂੰ ਸਭ ਕਾਸੇ ਦਾ ਪਤਾ ਹੀ ਹੈ।ਨਵਾਂ ਕੁਝ ਉਹੀ ਗ੍ਰਹਿਣ ਕੀਤਾ ਜਾਂਦਾ ਹੈ ਜੋ ਉਸ ਦੀਆਂ ਪੁਰਾਣੀਆਂ ਧਾਰਨਾਵਾਂ ਦੇ ਚੌਖਟੇ ਵਿੱਚ ਫਿੱਟ ਆਉਂਦਾ ਹੋਵੇ।ਇਹ ਗੱਲ ਬਹੁਸੰਮਤੀ ਲੋਕਾਂ ਤੇ ਲਾਗੂ ਹੁੰਦੀ ਹੈ।
ਥੋੜ੍ਹੇ ਜਿਹੇ ਵਿਅਕਤੀ ਹੀ ਅਜਿਹੇ ਹੁੰਦੇ ਹਨ ਜੋ ਸਾਰੀ ਉਮਰ ਨਵੇਂ ਵਿਚਾਰਾਂ ਪ੍ਰਤੀ ਆਪਣੇ ਦਿਮਾਗਾਂ ਨੂੰ ਖੁੱਲ੍ਹਾ ਰਖਦੇ ਹਨ। ਉਂਜ ਅਜਿਹੀ ਪਹੁੰਚ ਅਪਨਾਉਣ ਪਿੱਛੇ ਵੀ ਉਸਦੀ ਪਹਿਲੀ ਉਮਰ ਵਿੱਚ ਬਣੇ ਦ੍ਰਿਸ਼ਟੀਕੋਣ ਦਾ ਵੱਡਾ ਹੱਥ ਹੁੰਦਾ ਹੈ।ਇਹ ਦ੍ਰਿਸ਼ਟੀਕੋਣ ਇਹ ਮੰਗ ਕਰਦਾ ਹੈ ਕਿ ਠੀਕ ਵਿਚਾਰ ਕਿਤੋਂ ਵੀ ਆਉਣ, ਭਾਵੇਂ ਉਹ ਤੁਹਾਡੇ ਪਹਿਲੇ ਵਿਚਾਰਾਂ ਨੂੰ ਕਟਦੇ ਹੀ ਹੋਣ, ਉਹ ਵਿਚਾਰ ਅਪਨਾਉਣ ਵਿੱਚ ਕਦੇ ਝਿਜਕ ਨਹੀਂ ਕਰਨੀ ਚਾਹੀਦੀ।ਅਜਿਹੇ ਦ੍ਰਿਸ਼ਟੀਕੋਣ ਦਾ ਧਾਰਨੀ ਵਿਅਕਤੀ ਵਿਚਾਰਧਾਰਕ ਤੌਰ ਤੇ ਲਗਾਤਾਰ ਵਿਕਾਸ ਕਰਦਾ ਜਾਂਦਾ ਹੈ।
ਦੂਜੇ ਪਾਸੇ ਇਹ ਵੀ ਜਰੂਰੀ ਨਹੀਂ ਕਿ ਛੋਟੀ ਉਮਰ ਦਾ ਵਿਅਕਤੀ ਜੋ ਨਵੇਂ ਵਿਚਾਰ ਲੈ ਕੇ ਆ ਰਿਹਾ ਹੈ ਉਹ ਹਮੇਸ਼ਾਂ ਹੀ ਠੀਕ ਹੋਣ।ਠੀਕ ਅਤੇ ਗਲਤ ਵਿਚਾਰਾਂ ਵਿੱਚ ਸੰਘਰਸ਼ ਹਰ ਦੌਰ ਵਿੱਚ ਚਲਦਾ ਰਹਿੰਦਾ ਹੈ।ਨਵੇਂ ਦੌਰ ਵਿੱਚ ਠੀਕ ਦੇ ਨਾਲ ਨਾਲ ਨਵੇਂ ਗਲਤ ਵਿਚਾਰ ਵੀ ਪੈਦਾ ਹੁੰਦੇ ਰਹਿੰਦੇ ਹਨ।
ਤਰਕਸ਼ੀਲਤਾ ਦਾ ਤਾਂ ਮੁੱਖ ਨਾਅਰਾ ਹੀ ਇਹ ਹੈ ਕਿ ਹਰ ਵਰਤਾਰੇ ਨੂੰ ਪੂਰਵ ਧਾਰਨਾਵਾਂ ਤੋਂ ਮੁਕਤ ਹੋ ਕੇ ਜਾਣਿਆ ਜਾਵੇ ਹਰ ਵਿਚਾਰ ਨੂੰ ਤਰਕ ਦੀ ਕਸਵੱਟੀ ਤੇ ਪਰਖ ਕੇ ਅਪਨਾਇਆ ਜਾਵੇ।ਕੋਈ ਵਿਅਕਤੀ ਚਾਹੇ ਉਮਰ ਵਿੱਚ ਵੱਡਾ ਹੋਵੇ, ਚਾਹੇ ਰੁਤਬੇ ਵਿੱਚ, ਚਾਹੇ ਪੜ੍ਹਾਈ ਵਿੱਚ ਜਰੂਰੀ ਨਹੀਂ ਕਿ ਉਹ ਹਰ ਮਾਮਲੇ ਵਿੱਚ ਠੀਕ ਹੀ ਹੋਵੇ।ਕਿਸੇ ਵੀ ਗੱਲ ਦੇ ਗਲਤ ਠੀਕ ਹੋਣ ਦਾ ਫੈਸਲਾ ਉਸ ਗੱਲ ਨੂੰ ਕਹਿਣ ਵਾਲੇ ਵਿਅਕਤੀ ਦੇ ਆਧਾਰ ਤੇ ਨਹੀਂ ਕੀਤਾ ਜਾ ਸਕਦਾ ਸਗੋਂ ਉਸ ਵਿਚਾਰ ਦੀ ਅਮਲ ਵਿੱਚ ਕੀਤੀ ਪਰਖ ਅਤੇ ਤਰਕ ਦੇ ਆਧਾਰ ਤੇ ਕੀਤੀ ਪੜਤਾਲ ਹੀ ਕਰ ਸਕਦੀ ਹੈ।ਇਸੇ ਕਰਕੇ ਕਿਹਾ ਜਾਂਦਾ ਹੈ ਕਿ ਛੋਟੀ ਵੱਡੀ ਉਮਰ ਦੀਆਂ ਗੱਲਾਂ ਛੱਡੇ ਆਓ ਵੇਖੀਏ ਕਿਸਦੇ ਵਿਚਾਰ ਠੀਕ ਹਨ।