Thursday, February 01, 2007

ਨਿੱਕੀ ਵੱਡੀ ਉਮਰ ਦੀਆਂ ਗੱਲਾਂ ਛੱਡੋ, ਆਉ ਵੇਖੀਏ ਕਿਸ ਦੇ ਵਿਚਾਰ ਠੀਕ ਹਨ

ਉਮਰ ਵਧਣ ਦੇ ਨਾਲ ਵਿਅਕਤੀ ਨੂੰ ਜ਼ਿੰਦਗੀ ਦਾ ਵਧੇਰੇ ਤਜਰਬਾ ਹਾਸਲ ਹੋ ਜਾਂਦਾ ਹੈ ਜਿਸ ਕਰਕੇ ਉਹ ਸਮਝਦਾ ਹੈ ਕਿ ਉਸਦੇ ਵਿਚਾਰ ਵਧੇਰੇ ਠੀਕ ਹਨ।ਪਰ ਸਿਆਣਪ ਅਤੇ ਉਮਰ ਦਾ ਐਨਾ ਸਿੱਧਾ ਸਬੰਧ ਨਹੀਂ ਹੁੰਦਾ।ਕੇਵਲ ਜ਼ਿੰਦਗੀ ਜੀਵੀ ਜਾਣ ਨਾਲ ਹੀ ਬੰਦਾ ਸਿਆਣਾ ਨਹੀਂ ਹੋਈ ਜਾਂਦਾ।ਉਮਰ ਦੇ ਸਾਲਾਂ ਨਾਲੋਂ ਇਹ ਗੱਲ ਜਿਆਦਾ ਮਹੱਤਵਪੂਰਨ ਹੈ ਕਿ ਉਸਨੇ ਇਨ੍ਹਾਂ ਸਾਲਾਂ ਵਿੱਚ ਗ੍ਰਹਿਣ ਕੀ ਕੀਤਾ ਹੈ।ਅਤੇ ਗ੍ਰਹਿਣ ਕੀ ਕੀਤਾ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸਦਾ ਗਿਆਨ ਗ੍ਰਹਿਣ ਕਰਨ ਦਾ ਢੰਗ ਕੀ ਹੈ ? ਉਸਦਾ ਦ੍ਰਿਸ਼ਟੀਕੋਣ ਕੀ ਹੈ ? ਇੱਕ ਵਿਅਕਤੀ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਦਾ ਹੈ, ਹਜਾਰਾਂ ਸਾਲ ਪਹਿਲਾਂ ਦੇ ਮਨੁੱਖ ਦੇ ਅਲਪ-ਗਿਆਨ ਵਿਚੋਂ ਬਣੀਆਂ ਅਤੇ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆਉਂਦੀਆਂ ਧਾਰਨਾਵਾਂ ਨੂੰ ਹੀ ਪੂਰਨ ਸੱਚ ਮੰਨ ਕੇ ਮਨ ਵਿੱਚ ਵਸਾਉਂਦਾ ਰਹਿੰਦਾ ਹੈ, ਪਰਖ ਪੜਤਾਲ ਦੇ ਰਾਹ ਨਹੀਂ ਪੈਦਾ ਤਾਂ ਉਸਦੀ ਉਮਰ ਵਧਣ ਨਾਲ ਉਸਦੇ ਦਿਮਾਗ ਵਿੱਚ ਕੂੜਾ ਹੀ ਜਮਾਂ ਹੋਈ ਜਾਵੇਗਾ।ਉਹ ਠੀਕ ਵਿਚਾਰਾਂ ਨੂੰ ਅਪਨਾਉਣ ਦੀ ਸਮਰੱਥਾ ਗੁਆ ਬੈਠੇਗਾ।ਇਸਦੇ ਮੁਕਾਬਲੇ ਜੇ ਕੋਈ ਵਿਅਕਤੀ ਹਰ ਵਰਤਾਰੇ ਦੀ ਤਹਿ ਤੱਕ ਜਾਂਦਾ ਹੈ, ਝੂਠ ਪਾਖੰਡ ਨੂੰ ਨਕਾਰ ਕੇ ਸੱਚ ਦੀ ਖੋਜ ਦੇ ਰਾਹ ਪੈਦਾ ਹੈ ਤਾਂ ਉਹ ਵਧਦੀ ਉਮਰ ਨਾਲ ਸਚਾਈ ਦੇ ਹੋਰ ਨੇੜੇ ਹੁੰਦਾ ਜਾਂਦਾ ਹੈ।
ਜੀਵਨ ਤਜਰਬੇ ਦੇ ਸਬੰਧ ਵਿੱਚ ਇੱਕ ਗੱਲ ਹੋਰ ਬਹੁਤ ਮਹੱਤਵਪੂਰਨ ਹੈ।ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਨਿੱਜੀ ਅਨੁਭਵਾਂ ਵਿਚੋਂ ਵਿਅਕਤੀਗਤ ਤਜਰਬਾ ਹਾਸਲ ਕਰਦਾ ਹੈ।ਇਹ ਤਜਰਬਾ ਉਮਰ ਵਧਣ ਨਾਲ ਵਧਦਾ ਜਾਂਦਾ ਹੈ।ਪਰ ਇਸਦੇ ਨਾਲ ਹੀ ਹਰ ਵਿਅਕਤੀ ਮਨੁੱਖ ਜਾਤੀ ਦੇ ਸਮੂਹਿਕ ਤਜਰਬੇ ਵਿਚੋਂ ਵੀ ਗਿਆਨ ਹਾਸਲ ਕਰਦਾ ਹੈ।ਇਸ ਸਮੂਹਿਕ ਤਜਰਬੇ ਪੱਖੋਂ ਹਰ ਨਵੀਂ ਪੀੜ੍ਹੀ ਪਹਿਲੀ ਨਾਲੋਂ ਵਧੇਰੇ ਅਮੀਰ ਹੁੰਦੀ ਜਾਂਦੀ ਹੈ ਕਿਉਂਕਿ ਨਵੀਂ ਪੀੜ੍ਹੀ ਕੋਲ ਆਧੁਨਿਕ ਸਮੇਂ ਤੱਕ ਦਾ ਗਿਆਨ ਹੁੰਦਾ ਹੈ ਜਦ ਕਿ ਪੁਰਾਣੀ ਪੀੜ੍ਹੀ ਆਮ ਕਰਕੇ ਆਪਣੀ ਉਮਰ ਦੇ ਇੱਕ ਖਾਸ ਪੜਾਅ ਤੱਕ ਹੀ ਸਮੂਹਿਕ ਗਿਆਨ ਵਿਚੋਂ ਹਿੱਸਾ ਲੈਦੀ ਹੈ ਉਸ ਤੋਂ ਬਾਅਦ ਵਿਅਕਤੀ ਆਪਣੇ ਜਾਤੀ ਤਜਰਬੇ ਵਿਚੋਂ ਬਣੀਆਂ ਧਾਰਨਾਵਾਂ ਨੂੰ ਵਧੇਰੇ ਮਹੱਤਤਾ ਦੇਣ ਲੱਗ ਜਾਂਦਾ ਹੈ।ਉਸਦਾ ਬਾਹਰੀ ਗਿਆਨ ਉਸ ਖਾਸ ਪੜਾਅ ਤੇ ਸਥਿਰ ਹੋ ਜਾਂਦਾ ਹੈ।ਉਸਨੂੰ ਜਾਪਦਾ ਹੈ ਕਿ ਉਸਨੂੰ ਸਭ ਕਾਸੇ ਦਾ ਪਤਾ ਹੀ ਹੈ।ਨਵਾਂ ਕੁਝ ਉਹੀ ਗ੍ਰਹਿਣ ਕੀਤਾ ਜਾਂਦਾ ਹੈ ਜੋ ਉਸ ਦੀਆਂ ਪੁਰਾਣੀਆਂ ਧਾਰਨਾਵਾਂ ਦੇ ਚੌਖਟੇ ਵਿੱਚ ਫਿੱਟ ਆਉਂਦਾ ਹੋਵੇ।ਇਹ ਗੱਲ ਬਹੁਸੰਮਤੀ ਲੋਕਾਂ ਤੇ ਲਾਗੂ ਹੁੰਦੀ ਹੈ।
ਥੋੜ੍ਹੇ ਜਿਹੇ ਵਿਅਕਤੀ ਹੀ ਅਜਿਹੇ ਹੁੰਦੇ ਹਨ ਜੋ ਸਾਰੀ ਉਮਰ ਨਵੇਂ ਵਿਚਾਰਾਂ ਪ੍ਰਤੀ ਆਪਣੇ ਦਿਮਾਗਾਂ ਨੂੰ ਖੁੱਲ੍ਹਾ ਰਖਦੇ ਹਨ। ਉਂਜ ਅਜਿਹੀ ਪਹੁੰਚ ਅਪਨਾਉਣ ਪਿੱਛੇ ਵੀ ਉਸਦੀ ਪਹਿਲੀ ਉਮਰ ਵਿੱਚ ਬਣੇ ਦ੍ਰਿਸ਼ਟੀਕੋਣ ਦਾ ਵੱਡਾ ਹੱਥ ਹੁੰਦਾ ਹੈ।ਇਹ ਦ੍ਰਿਸ਼ਟੀਕੋਣ ਇਹ ਮੰਗ ਕਰਦਾ ਹੈ ਕਿ ਠੀਕ ਵਿਚਾਰ ਕਿਤੋਂ ਵੀ ਆਉਣ, ਭਾਵੇਂ ਉਹ ਤੁਹਾਡੇ ਪਹਿਲੇ ਵਿਚਾਰਾਂ ਨੂੰ ਕਟਦੇ ਹੀ ਹੋਣ, ਉਹ ਵਿਚਾਰ ਅਪਨਾਉਣ ਵਿੱਚ ਕਦੇ ਝਿਜਕ ਨਹੀਂ ਕਰਨੀ ਚਾਹੀਦੀ।ਅਜਿਹੇ ਦ੍ਰਿਸ਼ਟੀਕੋਣ ਦਾ ਧਾਰਨੀ ਵਿਅਕਤੀ ਵਿਚਾਰਧਾਰਕ ਤੌਰ ਤੇ ਲਗਾਤਾਰ ਵਿਕਾਸ ਕਰਦਾ ਜਾਂਦਾ ਹੈ।
ਦੂਜੇ ਪਾਸੇ ਇਹ ਵੀ ਜਰੂਰੀ ਨਹੀਂ ਕਿ ਛੋਟੀ ਉਮਰ ਦਾ ਵਿਅਕਤੀ ਜੋ ਨਵੇਂ ਵਿਚਾਰ ਲੈ ਕੇ ਆ ਰਿਹਾ ਹੈ ਉਹ ਹਮੇਸ਼ਾਂ ਹੀ ਠੀਕ ਹੋਣ।ਠੀਕ ਅਤੇ ਗਲਤ ਵਿਚਾਰਾਂ ਵਿੱਚ ਸੰਘਰਸ਼ ਹਰ ਦੌਰ ਵਿੱਚ ਚਲਦਾ ਰਹਿੰਦਾ ਹੈ।ਨਵੇਂ ਦੌਰ ਵਿੱਚ ਠੀਕ ਦੇ ਨਾਲ ਨਾਲ ਨਵੇਂ ਗਲਤ ਵਿਚਾਰ ਵੀ ਪੈਦਾ ਹੁੰਦੇ ਰਹਿੰਦੇ ਹਨ।
ਤਰਕਸ਼ੀਲਤਾ ਦਾ ਤਾਂ ਮੁੱਖ ਨਾਅਰਾ ਹੀ ਇਹ ਹੈ ਕਿ ਹਰ ਵਰਤਾਰੇ ਨੂੰ ਪੂਰਵ ਧਾਰਨਾਵਾਂ ਤੋਂ ਮੁਕਤ ਹੋ ਕੇ ਜਾਣਿਆ ਜਾਵੇ ਹਰ ਵਿਚਾਰ ਨੂੰ ਤਰਕ ਦੀ ਕਸਵੱਟੀ ਤੇ ਪਰਖ ਕੇ ਅਪਨਾਇਆ ਜਾਵੇ।ਕੋਈ ਵਿਅਕਤੀ ਚਾਹੇ ਉਮਰ ਵਿੱਚ ਵੱਡਾ ਹੋਵੇ, ਚਾਹੇ ਰੁਤਬੇ ਵਿੱਚ, ਚਾਹੇ ਪੜ੍ਹਾਈ ਵਿੱਚ ਜਰੂਰੀ ਨਹੀਂ ਕਿ ਉਹ ਹਰ ਮਾਮਲੇ ਵਿੱਚ ਠੀਕ ਹੀ ਹੋਵੇ।ਕਿਸੇ ਵੀ ਗੱਲ ਦੇ ਗਲਤ ਠੀਕ ਹੋਣ ਦਾ ਫੈਸਲਾ ਉਸ ਗੱਲ ਨੂੰ ਕਹਿਣ ਵਾਲੇ ਵਿਅਕਤੀ ਦੇ ਆਧਾਰ ਤੇ ਨਹੀਂ ਕੀਤਾ ਜਾ ਸਕਦਾ ਸਗੋਂ ਉਸ ਵਿਚਾਰ ਦੀ ਅਮਲ ਵਿੱਚ ਕੀਤੀ ਪਰਖ ਅਤੇ ਤਰਕ ਦੇ ਆਧਾਰ ਤੇ ਕੀਤੀ ਪੜਤਾਲ ਹੀ ਕਰ ਸਕਦੀ ਹੈ।ਇਸੇ ਕਰਕੇ ਕਿਹਾ ਜਾਂਦਾ ਹੈ ਕਿ ਛੋਟੀ ਵੱਡੀ ਉਮਰ ਦੀਆਂ ਗੱਲਾਂ ਛੱਡੇ ਆਓ ਵੇਖੀਏ ਕਿਸਦੇ ਵਿਚਾਰ ਠੀਕ ਹਨ।

No comments: