Thursday, March 01, 2007

ਹਨੇਰੇ ਨੂੰ ਕੋਸਣ ਨਾਲੋਂ ਚੰਗਾ ਹੈ ਕਿ ਇੱਕ ਮੋਮਬੱਤੀ ਜਗਾ ਦਿੱਤੀ ਜਾਵੇ

(It is better to light a candle than to curse the darkness)
ਕਿਸੇ ਵੀ ਖੇਤਰ ਵਿੱਚ ਜੋ ਕੁਝ ਗਲਤ ਹੋ ਰਿਹਾ ਹੈ ਉਸਨੂੰ ਗੱਲੀਂਬਾਤੀਂ ਮਾੜਾ ਕਹਿਣ ਵਾਲੇ ਤਾਂ ਬਹੁਤ ਮਿਲ ਜਾਂਦੇ ਹਨ ਪਰ ਜੇ ਉਸ ਗਲਤ ਨੂੰ ਰੋਕਣ ਲਈ ਕੁਝ ਨਾ ਕੀਤਾ ਜਾਵੇ ਤਾਂ ਕੇਵਲ ਗੱਲਾਂ ਕਰਨ ਦੀ ਕੋਈ ਸਾਰਥਿਕਤਾ ਨਹੀਂ ਬਣਦੀ। ਇਸੇ ਲਈ ਕਿਸੇ ਚਿੰਤਕ ਨੇ ਕਿਹਾ ਹੈ ਕਿ ਹਨੇਰੇ ਨੂੰ ਕੋਸਣ ਨਾਲੋ ਚੰਗਾ ਹੈ ਕਿ ਇੱਕ ਮੋਮਬੱਤੀ ਜਗਾ ਦਿੱਤੀ ਜਾਵੇ। ਜਿੰਨਾਂ ਚਿਰ ਮੋਮਬੱਤੀ ਨਹੀਂ ਜਗਾਈ ਜਾਂਦੀ ਹਨੇਰਾ ਉਸੇ ਤਰ੍ਹਾਂ ਬਰਕਰਾਰ ਰਹੇਗਾ ਚਾਹੇ ਉਸਨੂੰ ਕਿੰਨਾ ਵੀ ਨਿੰਦ ਲਿਆ ਜਾਵੇ। ਅਫਸੋਸ ਹੈ ਕਿ ਇਹ ਸਾਦਾ ਜਿਹੀ ਸਚਾਈ ਬਹੁਤੇ ਲੋਕ ਨਹੀਂ ਸਮਝਦੇ। ਸੱਥਾਂ ਵਿੱਚ, ਮੀਟਿੰਗਾਂ ਵਿੱਚ, ਅਖਬਾਰਾਂ ਵਿੱਚ, ਭਾਸ਼ਨਾਂ ਵਿੱਚ ਸਮਾਜਿਕ ਰਾਜਨੀਤਕ ਬੁਰਾਈਆਂ ਖਿਲਾਫ ਬੜਾ ਕੁਝ ਕਿਹਾ ਜਾਂਦਾ ਹੈ ਪਰ ਉਸ ਬੁਰਾਈ ਨੂੰ ਖਤਮ ਕਰਨ ਲਈ ਠੋਸ ਕਦਮ ਬਹੁਤ ਘੱਟ ਚੁੱਕੇ ਜਾਂਦੇ ਹਨ। ਮੀਟਿੰਗ, ਭਾਸ਼ਨ ਜਾਂ ਗੱਲਬਾਤ ਸਮਾਪਤ ਹੋਣ ਬਾਅਦ ਸਭ ਕੁਝ ਉਵੇਂ ਹੀ ਚਲਦਾ ਰਹਿੰਦਾ ਹੈ।
ਅਸਲ ਵਿੱਚ ਕੰਮ ਕਰਨ ਨਾਲੋ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਹਨ ਜਿਵੇ ਮਹਾਨ ਦੇਸ਼ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ ਅਕਸਰ ਗਾਉਂਦਾ ਹੁੰਦਾ ਸੀ ਕਿ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।

ਇਸੇ ਕਰਕੇ ਬਹੁਤੇ ਲੋਕ ਹਨੇਰੇ ਨੂੰ ਕੋਸ ਕੇ, ਭਾਵ ਗੱਲਾਂ ਕਰਕੇ ਹੀ ਸਾਰ ਲੈਦੇ ਹਨ ਤੇ ਹਨੇਰਾ ਉਵੇਂ ਦਾ ਉਵੇਂ ਬਰਕਰਾਰ ਰਹਿੰਦਾ ਹੈ। ਹਨੇਰਾ ਉਦੋਂ ਹੀ ਘਟਦਾ ਹੈ ਜਦੋਂ ਇਸ ਸਚਾਈ ਤੋਂ ਚੇਤਨ ਹੋ ਕੇ, ਸਰਾਭੇ ਜਾਂ ਭਗਤ ਸਿੰਘ ਵਰਗੇ ਲੋਕ, ਹਨੇਰਾ ਘਟਾਉਣ ਲਈ ਅਮਲ ਵਿੱਚ ਵੀ ਠੋਸ ਕਦਮ ਚੁੱਕਦੇ ਹਨ।
ਉਪਰ ਦਿੱਤੇ ਕਥਨ ਦੇ ਅਰਥਾਂ ਨਾਲ ਮਿਲਦੀ ਜੁਲਦੀ ਇੱਕ ਹੋਰ ਟੂਕ ਹੈ - ਸੌ ਉਪਦੇਸ਼ ਦੇਣ ਨਾਲੋਂ ਇੱਕ ਉਦਾਹਰਣ ਬਣ ਕੇ ਪੇਸ਼ ਹੋਣਾ ਬਿਹਤਰ ਹੁੰਦਾ ਹੈ। ਇਹ ਟੂਕ ਵੀ ਇਹੀ ਗੱਲ ਦ੍ਰਿੜਾਉਂਦੀ ਹੈ ਕਿ ਕੇਵਲ ਗੱਲਾਂ ਕਰਨ ਨਾਲੋ ਅਮਲ ਵਿੱਚ ਕੁਝ ਕਰਨਾ ਸੌ ਗੁਣਾ ਵੱਧ ਚੰਗਾ ਹੁੰਦਾ ਹੈ।
ਅਮਲ ਤੋ ਟਲਣ ਦਾ ਇੱਕ ਇਹ ਵੀ ਬਹਾਨਾ ਹੁੰਦਾ ਹੈ ਕਿ ਹਨੇਰੇ ਖਿਲਾਫ ਮੇਰੇ ਇਕੱਲੇ ਦੇ ਲੜਨ ਨਾਲ ਭਲਾ ਕਿੰਨਾ ਕੁ ਫਰਕ ਪੈ ਜਾਣਾ ਹੈ। ਇਸ ਪ੍ਰਸੰਗ ਵਿੱਚ ਦੀਵੇ ਦੀ ਸੂਰਜ ਨੂੰ ਕਹੀ ਗੱਲ ਬਹੁਤ ਮਹੱਤਵਪੂਰਨ ਹੈ। ਦੀਵੇ ਨੇ ਡੁੱਬ ਰਹੇ ਸੂਰਜ ਨੂੰ ਕਿਹਾ ਸੀ ਕਿ ਮੈ ਤੇਰੇ ਜਿੰਨਾ ਤਾਕਤਵਰ ਤਾਂ ਨਹੀਂ ਕਿ ਰਾਤ ਨੂੰ ਦਿਨ ਵਿੱਚ ਬਦਲ ਸਕਾਂ ਪਰ ਤੇਰੇ ਮੁੜ ਪ੍ਰਗਟ ਹੋਣ ਤੱਕ ਰਾਤ ਦੇ ਹਨੇਰੇ ਖਿਲਾਫ ਲੜਦਾ ਜਰੂਰ ਰਹਾਂਗਾ। ਆਪਣੇ ਛੋਟੇ ਜਿਹੇ ਚਾਨਣ ਨਾਲ ਮੈ ਰਾਤ ਦੀ ਭਿਆਨਕਤਾ ਨੂੰ ਘੱਟ ਕਰਾਂਗਾ, ਰਾਹੀਆਂ ਨੂੰ ਰਾਹ ਦਰਸਾਂਦਾ ਰਹਾਂਗਾ, ਮੇਰੇ ਚਾਨਣ ਸਦਕਾ ਇਸ ਕਾਲੀ ਰਾਤ ਵਿੱਚ ਵੀ ਜ਼ਿਦਗੀ ਧੜਕਦੀ ਰਹੇਗੀ।
ਹਨੇਰਾ ਇੱਕ ਚਿੰਨ੍ਹ ਹੈ ਅਗਿਆਨਤਾ ਦਾ, ਕਾਲੀਆਂ ਤਾਕਤਾਂ ਦੀ ਸਰਦਾਰੀ ਦਾ। ਜਿਵੇਂ ਬਹੁਤੇ ਗਲਤ ਕਾਰਜ ਹਨੇਰੇ ਦੀ ਆੜ ਵਿੱਚ ਕੀਤੇ ਜਾਂਦੇ ਹਨ ਉਵੇਂ ਸਮਾਜ ਵਿੱਚ ਗਲਤ ਵਿਅਕਤੀ, ਗਲਤ ਵਿਚਾਰ, ਗਲਤ ਪ੍ਰਬੰਧ ਆਦਿ ਲੋਕਾਂ ਦੀ ਅਗਿਆਨਤਾ ਦੇ ਆਸਰੇ ਹੀ ਆਪਣੀ ਸਰਦਾਰੀ ਕਾਇਮ ਕਰਦੇ ਹਨ।
ਹਨੇਰਾ ਆਪਣੇ ਆਪ ਵਿੱਚ ਕੁਝ ਨਹੀਂ ਕੇਵਲ ਰੋਸ਼ਨੀ ਦੀ ਅਣਹੋਂਦ ਹੈ। ਅੱਜ ਜੇ ਚੁਫੇਰੇ ਹਨੇਰਾ ਦਿਸਦਾ ਹੈ ਤਾਂ ਇਸਦਾ ਕਾਰਣ ਵੀ ਇਹੀ ਹੈ ਕਿ ਮੋਮਬੱਤੀ ਜਾਂ ਦੀਪਕ ਬਣ ਕੇ ਲੋਕਾਂ ਨੂੰ ਗਿਆਨ ਦਾ ਚਾਨਣ ਵੰਡਣ ਵਾਲੇ ਲੋਕਾਂ ਦੀ ਘਾਟ ਹੈ।ਉਜਂ ਮੋਮਬੱਤੀ ਜਾਂ ਦੀਪਕ ਬਣ ਕੇ ਜਲਣਾ ਸੌਖਾ ਕਾਰਜ ਨਹੀਂ ਹੁੰਦਾ ਇਸ ਦੇ ਲਈ ਆਪਣਾ ਆਪ ਸਾੜਨਾ ਪੈਦਾ ਹੈ ਫਿਰ ਹੀ ਆਸ ਪਾਸ ਰੋਸ਼ਨੀ ਬਿਖਰਦੀ ਹੈ। ਸਾਡੇ ਲੋਕਾਂ ਵਿੱਚ ਫੈਲੀ ਵਿਆਪਕ ਅਗਿਆਨਤਾ ਨੂੰ ਖਤਮ ਕਰਨ ਲਈ ਵੀ ਗਿਆਨ ਦੇ ਦੀਪਕ ਬਣ ਕੇ ਜਲਣ ਦੀ ਲੋੜ ਹੈ ਫਿਰ ਹੀ ਸਾਡੀ ਸਮਾਜਿਕ ਅਤੇ ਰਾਜਨੀਤਕ ਜਿੰਦਗੀ ਨੂੰ ਸਹੀ ਸੇਧ ਮਿਲ ਸਕੇਗੀ।

No comments: