ਸਿਆਹੀ ਦਾ ਇੱਕ ਤੁਪਕਾ, ਲੱਖਾਂ ਲੋਕਾਂ ਨੂੰ, ਸੋਚਾਂ ਵਿੱਚ ਪਾ ਦਿੰਦਾ ਹੈ
ਇਹ ਕਥਨ ਲਿਖੇ ਹੋਏ ਸ਼ਬਦਾਂ ਦੀ ਮਹੱਤਤਾ ਨੂੰ ਬੜੇ ਸੰਖੇਪ ਅਤੇ ਖੂਬਸੂਰਤ ਰੂਪ ਵਿੱਚ ਪ੍ਰਗਟਾਉਂਦਾ ਹੈ। ਸਿਆਹੀ ਦੇ ਇੱਕ ਤੁਪਕੇ ਨਾਲ ਕੁਝ ਸ਼ਬਦ ਜਾਂ ਕੁਝ ਫਿਕਰੇ ਲਿਖੇ ਜਾਂਦੇ ਹਨ, ਇਨ੍ਹਾਂ ਸ਼ਬਦਾਂ ਨੂੰ ਲੱਖਾਂ ਲੋਕ ਪੜ੍ਹਦੇ ਹਨ ਅਤੇ ਪੜ੍ਹ ਕੇ ਸੋਚਦੇ ਹਨ। ਕੋਈ ਵਿਅਕਤੀ ਜਦ ਆਪਣੇ ਵਿਚਾਰ ਬੋਲਕੇ ਦੂਸਰੇ ਵਿਅਕਤੀਆਂ ਅੱਗੇ ਪੇਸ਼ ਕਰਦਾ ਹੈ ਤਾਂ ਉਹ ਵਿਚਾਰ ਕੇਵਲ ਉਨ੍ਹਾਂ ਚੰਦ ਬੰਦਿਆਂ ਤੱਕ ਹੀ ਜਾਂਦੇ ਹਨ ਜੋ ਉਸ ਵਕਤ ਉਸਨੂੰ ਸੁਣ ਰਹੇ ਹੁੰਦੇ ਹਨ। ਸੋ ਬੋਲ ਕੇ ਪੇਸ਼ ਕੀਤੇ ਜਾਂਦੇ ਵਿਚਾਰ ਇੱਕ ਵਿਸ਼ੇਸ ਸਮੇਂ ਅਤੇ ਸਥਾਨ ਤੀਕ ਸੀਮਤ ਰਹਿੰਦੇ ਹਨ ਉਸਤੋਂ ਅੱਗੇ ਹੋਰ ਲੋਕਾਂ ਰਾਹੀਂ ਅਸਿੱਧੇ ਰੂਪ ਵਿੱਚ ਹੀ ਜਾਂਦੇ ਹਨ। ਪਰ ਜੋ ਵਿਚਾਰ ਸਿਆਹੀ ਨਾਲ ਲਿਖੇ ਜਾਂਦੇ ਹਨ ਉਹ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਵਿਚੋਂ ਨਿਕਲਕੇ ਹਰ ਯੁੱਗ ਅਤੇ ਹਰ ਕੌਮ ਦੇ ਲੋਕਾਂ ਤੱਕ ਪਹੁੰਚ ਸਕਣ ਦੇ ਕਾਬਲ ਹੋ ਜਾਂਦੇ ਹਨ ਅਤੇ ਉਪਰੋਕਤ ਕਥਨ ਅਨੁਸਾਰ ਲੱਖਾਂ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੰਦੇ ਹਨ।
ਮਨੁੱਖਤਾ ਦੇ ਇਤਿਹਾਸ ਉਤੇ ਨਜ਼ਰ ਮਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਲਿਖੇ ਹੋਏ ਸ਼ਬਦਾਂ ਨੇ ਸਮੇਂ ਸਮੇਂ ਤੇ ਕਿਵੇਂ ਆਪਣਾ ਅਸਰ ਦਿਖਾਇਆ ਹੈ। ਸਿਆਹੀ ਦੇ ਤੁਪਕੇ ਨਾਲ ਲੱਖਾਂ ਲੋਕ ਕੇਵਲ ਸੋਚਾਂ ਵਿੱਚ ਹੀ ਨਹੀਂ ਪੈਂਦੇ ਸਗੋਂ ਉਨ੍ਹਾਂ ਸੋਚਾਂ ਦੇ ਆਧਾਰ ਤੇ ਅਮਲ ਕਰਨ ਵੱਲ ਵੀ ਤੁਰਦੇ ਹਨ। ਛਾਪੇਖਾਨੇ ਦੀ ਕਾਢ ਨਾਲ ਮਨੁੱਖ ਨੇ ਲਿਖਤੀ ਵਿਚਾਰਾਂ ਨੂੰ ਬਹੁਤ ਵੱਡੇ ਪੱਧਰ ਤੇ ਹੋਰ ਲੋਕਾਂ ਤੀਕ ਪਹੁੰਚਾਣ ਦੀ ਸਮਰੱਥਾ ਵਿਕਸਿਤ ਕਰ ਲਈ ਜਿਸ ਨਾਲ ਸਿਆਹੀ ਦੇ ਤੁਪਕੇ ਦੀ ਮਨੁੱਖ ਲਈ ਮਹੱਤਤਾ ਬਹੁਤ ਵੱਡੀ ਹੋ ਗਈ। ਇਸ ਛਾਪੇਖਾਨੇ ਦੀ ਕਾਢ ਸਦਕਾ ਹੀ ਯੌਰਪ ਵਿੱਚ ਪੰਦਰਵੀਂ ਸੋਲਵੀਂ ਸਦੀ ਵਿੱਚ ਤਰਕ ਅਤੇ ਗਿਆਨ ਦੀ ਲਹਿਰ ਚੱਲਣੀ ਸੰਭਵ ਹੋਈ ਜਿਸਨੇ ਯੌਰਪ ਵਿਚੋਂ ਮੱਧਯੁਗੀ ਕਦਰਾਂ ਕੀਮਤਾਂ ਖਤਮ ਕਰਕੇ ਉਥੋਂ ਦਾ ਸਾਰਾ ਸਮਾਜਿਕ ਰਾਜਨੀਤਿਕ ਢਾਂਚਾ ਬਦਲ ਕੇ ਰੱਖ ਦਿੱਤਾ। ਜੇ ਰੂਸੋ ਅਤੇ ਵਾਲਟੇਅਰ ਵਰਗੇ ਚਿੰਤਕਾਂ ਨੇ ਸਿਆਹੀ ਦੇ ਤੁਪਕੇ ਵਰਤਕੇ ਉਥੋਂ ਦੇ ਲੋਕਾਂ ਨੂੰ ਸੋਚਾਂ ਵਿੱਚ ਪਾਇਆ ਤਾਂ ਹੀ ਫਰਾਂਸ ਦੀ ਕ੍ਰਾਂਤੀ ਵਰਗੀ ਸ਼ਾਨਦਾਰ ਇਤਿਹਾਸਕ ਘਟਨਾ ਵਾਪਰੀ। ਮਾਰਕਸ ਅਤੇ ਏਂਗਲਜ਼ ਵੱਲੋਂ ਵਰਤੀ ਸਿਆਹੀ ਨੇ ਸਾਰੇ ਸੰਸਾਰ ਦਾ ਇਤਹਾਸ ਬਦਲ ਕੇ ਰੱਖ ਦਿੱਤਾ। ਮਨੁੱਖਤਾ ਦੇ ਬੌਧਿਕ ਵਿਕਾਸ ਵਿੱਚ ਸਿਆਹੀ ਨਾਲ ਲਿਖੇ ਵਿਚਾਰਾਂ ਦਾ ਬਹੁਤ ਵੱਡਾ ਰੋਲ ਹੈ। ਕਾਲੀ ਸਿਆਹੀ ਨੇ ਹੀ ਮਨੁੱਖੀ ਮਨਾਂ ਵਿੱਚ ਪਾਏ ਜਾਂਦੇ ਹਨੇਰੇ ਨੂੰ ਦੂਰ ਕਰਕੇ ਰੋਸ਼ਨੀ ਦਾ ਰਾਹ ਦਿਖਾਇਆ ਹੈ।
ਜਿਹੜੀਆਂ ਤਾਕਤਾਂ ਸੰਸਾਰ ਨੂੰ ਹਨੇਰੇ ਵਿੱਚ ਰੱਖਣਾ ਚਾਹੁੰਦੀਆਂ ਹਨ ਉਹ ਸਿਆਹੀ ਦੀ ਸ਼ਕਤੀ ਤੋਂ ਬਹੁਤ ਡਰਦੀਆਂ ਹਨ ਅਤੇ ਜਦ ਵੀ ਮੌਕਾ ਮਿਲਦਾ ਹੈ ਇਸਤੇ ਵਾਰ ਕਰਦੀਆਂ ਹਨ। ਇਤਿਹਾਸ ਵਿੱਚ ਇਸਦੀ ਸਭ ਤੋਂ ਵੱਡੀ ਅਤੇ ਦੁਖਦਾਈ ਮਿਸਾਲ ਐਲਗਜ਼ੈਂਡਰੀਆ ਦੀ ਲਾਇਬ੍ਰੇਰੀ ਦਾ ਸਾੜੇ ਜਾਣਾ ਹੈ। ਇਹ ਲਾਇਬ੍ਰੇਰੀ ਪ੍ਰਚੀਨ ਰੋਮਨ ਸਭਿਅਤਾ ਦੀ ਬੜੀ ਫਖਰਯੋਗ ਪ੍ਰਾਪਤੀ ਸੀ ਜਿਸ ਵਿੱਚ ਉਸ ਸਮੇਂ ਤੱਕ ਲਿਖੀ ਗਈ ਹਰ ਕਿਤਾਬ ਦੀ ਕਾਪੀ ਰੱਖੀ ਗਈ ਸੀ। ਇਤਿਹਾਸਕ ਵੇਰਵਿਆਂ ਅਨੁਸਾਰ ਇਸ ਵਿੱਚ 4 ਲੱਖ ਕਿਤਾਬਾਂ ਸਨ ਜੋ ਉਸ ਸਮੇਂ ਦੇ ਸੰਦਰਭ ਵਿੱਚ ਦੇਖਿਆ ਬਹੁਤ ਵੱਡੀ ਗਿਣਤੀ ਬਣਦੀ ਹੈ। ਜਦ ਈਸਾਈਅਤ ਨੇ ਫੈਲਣਾ ਸ਼ੁਰੂ ਕੀਤਾ ਤਾਂ ਚੌਥੀ ਸਦੀ ਵਿੱਚ ਮਨੁੱਖਤਾ ਦੇ ਬੇਹੱਦ ਕੀਮਤੀ ਖਜ਼ਾਨੇ, ਇਸ ਲਾਇਬ੍ਰੇਰੀ ਨੂੰ, ਸਾੜ ਦਿੱਤਾ ਗਿਆ। ਇਹ ਲਾਇਬ੍ਰੇਰੀ ਸਾੜਣ ਲਈ ਜੁੰਮੇਂਵਾਰ ਐਲਗਜ਼ੈਂਡਰੀਆ ਦੇ ਮੁਖੀਆ ਥੀਓਫਿਲਸ ਨੂੰ ਮੰਨਿਆ ਜਾਂਦਾ ਹੈ ਜੋ ਇਹ ਸਮਝਦਾ ਸੀ ਕਿ ਜੇ ਕਿਤਾਬਾਂ ਦੇ ਰੂਪ ਵਿੱਚ ਇਸ ਤਰ੍ਹਾਂ ਦਾ ਵਿਸ਼ਾਲ ਗਿਆਨ ਲੋਕਾਂ ਦੀ ਪਹੁੰਚ ਵਿੱਚ ਰਿਹਾ ਤਾਂ ਉਹ ਬਾਈਬਲ ਅਤੇ ਇਸਾਈਅਤ ਉਤੇ ਅੰਨ੍ਹੇਵਾਹ ਵਿਸ਼ਵਾਸ ਨਹੀਂ ਕਰਨਗੇ। (ਵੈਸੇ ਇਸਨੂੰ ਸਾੜੇ ਜਾਣ ਦੀ ਘਟਨਾ ਜੂਲੀਅਸ ਸੀਜ਼ਰ ਨਾਲ ਵੀ ਜੋੜੀ ਜਾਂਦੀ ਹੈ ਪਰ ਇਤਿਹਾਸਕ ਵਿਸ਼ਲੇਸ਼ਣ ਇਸਦੀ ਪੁਸ਼ਟੀ ਨਹੀਂ ਕਰਦਾ। )
ਸਿਆਹੀ ਦਾ ਤੁਪਕਾ ਲੱਖਾਂ ਲੋਕਾਂ ਨੂੰ ਕਿਵੇਂ ਸੋਚਾਂ ਵਿੱਚ ਪਾਉਂਦਾ ਹੈ ਤਰਕਸ਼ੀਲ ਤਾਂ ਖੁਦ ਇਸਦੀ ਬੜੀ ਸ਼ਾਨਦਾਰ ਉਦਾਹਰਣ ਹਨ। ਡਾ. ਕਵੂਰ ਵੱਲੋਂ ਆਪਣੇ ਜੀਵਨ ਤਜਰਬਿਆਂ ਨੂੰ ਜਦ ਸਿਆਹੀ ਨਾਲ ਲਿਖੇ ਸ਼ਬਦਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਤਾਂ ਉਹ ਕੇਰਲ ਅਤੇ ਸ਼੍ਰੀਲੰਕਾ ਦੀਆਂ ਹੱਦਾਂ ਨੂੰ ਲੰਘ ਕੇ ਸਾਰੇ ਦੇਸ਼ ਵਾਸੀਆਂ ਦੀ ਸੋਚ ਤੇ ਅਸਰ ਅੰਦਾਜ ਹੋ ਸਕੇ ਅਤੇ ਉਨ੍ਹਾਂ ਵਿਚਾਰਾਂ ਨੂੰ ਜਦ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਕੇ ਕਿਤਾਬੀ ਰੂਪ ਵਿੱਚ ਪੇਸ਼ ਕੀਤਾ ਗਿਆ ਤਾਂ ਹੀ ਪੰਜਾਬ ਵਿੱਚ ਤਰਕਸ਼ੀਲ ਵਿਚਾਰ ਇੱਕ ਲਹਿਰ ਦਾ ਰੂਪ ਧਾਰਨ ਕਰ ਸਕੇ। ਇਸਨੇ ਲੱਖਾਂ ਲੋਕਾਂ ਨੂੰ ਸੋਚਾਂ ਵਿੱਚ ਪਾਇਆ ਹੀ ਨਹੀਂ ਸਗੋਂ ਉਨ੍ਹਾਂ ਦੀ ਸੋਚ ਨੂੰ ਚੰਗੇ ਪਾਸੇ ਮੋੜਾ ਵੀ ਦਿੱਤਾ।
ਸਿਆਹੀ ਦੇ ਤੁਪਕੇ ਨੇ ਹੀ ਮਨੁੱਖਤਾ ਦੁਆਰਾ ਹਾਸਲ ਕੀਤੇ ਗਿਆਨ ਨੂੰ ਕੁਝ ਵਿਸ਼ੇਸ ਵਿਅਕਤੀਆਂ ਦੇ ਕਬਜੇ ਵਿਚੋਂ ਕੱਢ ਕੇ ਸਮੂਹ ਲੋਕਾਂ ਤੀਕ ਪਹੁੰਚਾਣਾ ਸੰਭਵ ਬਣਾਇਆ। ਹੁਣ ਵਿਗਿਆਨ ਦੀ ਹੋਰ ਤਰੱਕੀ ਸਦਕਾ ਟੈਲੀਵੀਜ਼ਨ, ਫਿਲਮਾਂ, ਇੰਟਰਨੈਟ ਆਦਿ ਆ ਜਾਣ ਕਾਰਣ ਕੁਝ ਲੋਕਾਂ ਨੂੰ ਅੱਜ ਦੇ ਯੁੱਗ ਵਿੱਚ ਕਿਤਾਬਾਂ ਅਤੇ ਲਿਖਤੀ ਗਿਆਨ ਦੀ ਮਹੱਤਤਾ ਘਟ ਰਹੀ ਪ੍ਰਤੀਤ ਹੁੰਦੀ ਹੈ ਪਰ ਇਨ੍ਹਾਂ ਨਵੇਂ ਸਾਧਨਾਂ ਰਾਹੀਂ ਦਿੱਤੇ ਜਾ ਰਹੇ ਗਿਆਨ ਦਾ ਆਧਾਰ ਵੀ ਲਿਖਤਾਂ ਹੀ ਹਨ। ਸੋ ਸਿਆਹੀ ਦਾ ਤੁਪਕਾ ਅੱਜ ਵੀ ਲੱਖਾਂ ਲੋਕਾਂ ਨੂੰ ਸੋਚਾਂ ਵਿੱਚ ਪਾਉਂਦਾ ਹੈ, ਉਨ੍ਹਾਂ ਦੇ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਸਾਧਨ ਬਣਦਾ ਹੈ ਅਤੇ ਸੋਚਾਂ ਨੂੰ ਚੰਗੇਰੇ ਅਮਲ ਵਿੱਚ ਪਾਉਣ ਲਈ ਪ੍ਰੇਰਨਾ ਦਾ ਸ੍ਰੋਤ ਬਣਦਾ ਹੈ। ਇਹ ਕੋਸ਼ਿਸਾਂ ਕਰਨ ਦੀ ਲੋੜ ਹੈ ਕਿ ਇਨਸਾਨ ਸਿਆਹੀ ਦੇ ਤੁਪਕੇ ਤੋਂ ਦੂਰ ਨਾ ਹੋਵੇ।
No comments:
Post a Comment