Wednesday, January 03, 2007

ਪੰਜਾਬੀ ਬਨਾਮ ਅੰਗਰੇਜ਼ੀ ਦੀ ਵਰਤਮਾਨ ਸਥਿਤੀ ਦੇ ਮੂਲ ਸੋਮੇ

1. ਕੁਝ ਸਾਲ ਪਹਿਲਾਂ ਬਠਿੰਡੇ ਤੋਂ ਇੱਕ ਮਿੱਤਰ ਪ੍ਰੀਵਾਰ ਸਮੇਤ ਮਿਲਣ ਲਈ ਸਾਡੇ ਘਰ ਆਇਆ। ਉਹਨਾਂ ਦੇ ਇੱਕ ਤਿੰਨ-ਚਾਰ ਸਾਲ ਦਾ ਬੱਚਾ ਵੀ ਸੀ। ਵਿਹੜੇ ਵਿੱਚ ਬੈਠੇ ਗੱਲਾਂਬਾਤਾਂ ਕਰ ਰਹੇ ਸਾਂ ਤਾਂ ਬੱਚਾ ਕੋਲ ਆ ਗਿਆ। ਮਿੱਤਰ ਨੇ ਸਾਹਮਣੇ ਲੰਘਦੀਆਂ ਬਿਜਲੀ ਦੀਆਂ ਤਾਰਾਂ ਉਪਰ ਬੈਠੇ ਪੰਛੀਆਂ ਵੱਲ ਇਸ਼ਾਰਾ ਕਰਕੇ ਬੱਚੇ ਨੂੰ ਪਿਆਰ ਨਾਲ ਪੁੱਛਿਆ, “ਬੇਟੇ ਉਹ ਕੀ ਬੈਠਾ ਹੈ ?”
“ਕਬੂਤਰ” ਬੱਚੇ ਨੇ ਸਹਿਜ ਭਾਅ ਉਤਰ ਦਿੱਤਾ।
ਇਸ ਤੇ ਮਿੱਤਰ ਦੀ ਪਿਆਰ ਭਰੀ ਅਵਾਜ਼ ਇੱਕ ਦਮ ਕੜਕ ਵਿੱਚ ਬਦਲ ਗਈ, “ਉਏ ਇਹ ਕਬੂਤਰ ਏ ?”
ਮੈ ਹੈਰਾਨ ਪਰੇਸ਼ਾਨ ਹੋ ਕੇ ਮੁੜ ਤਾਰਾਂ ਵੱਲ ਝਾਕਿਆ ਕਿ ਬੱਚੇ ਤੋਂ ਕੀ ਗਲਤੀ ਹੋ ਗਈ ਕਿਉਂਕਿ ਉਥੇ ਤਾਂ ਸੱਚਮੁੱਚ ਕਬੂਤਰ ਹੀ ਬੈਠੇ ਸਨ। ਖੈਰ ਐਨੇ ਨੂੰ ਮਿੱਤਰ ਮੁੜ ਉਸੇ ਸਖਤੀ ਭਰੇ ਲਹਿਜੇ ਵਿੱਚ ਬੋਲਿਆ, “ਤੈਨੂੰ ਕਿੰਨੀ ਵਾਰੀ ਦੱਸਿਆ ਹੈ ਕਿ ਇਹ ਪਿਜ਼ਨ ਹੁੰਦਾ ਹੈ ਤੂੰ ਫੇਰ ਕਬੂਤਰ ਕਬੂਤਰ ਲਾਈ ਆ।” ਬੱਚਾ ਵਿਚਾਰਾ ਢਿੱਲਾ ਜਿਹਾ ਮੂੰਹ ਕਰੀ ਉਥੋਂ ਖਿਸਕ ਗਿਆ।
2। 1974-75 ਦੀ ਗੱਲ ਹੈ ਕਿ ਅਸੀਂ ਪ੍ਰੈਪ (ਮੈਡੀਕਲ) ਵਿੱਚ ਦਾਖਲ ਹੋਏ।ਬਾਟਨੀ ਦੇ ਪੀਰੀਅਡ ਵਿੱਚ ਤਣੇ ਦੇ ਵੱਖ ਵੱਖ ਰੂਪਾਂਤਰਾਂ ਬਾਰੇ ਪੜ੍ਹਾਇਆ ਜਾ ਰਿਹਾ ਸੀ। ਮੈਡਮ ਨੂੰ ਪਤਾ ਸੀ ਕਿ ਇਹ ਕੁਝ ਸੰਖੇਪ ਰੂਪ ਵਿੱਚ ਦਸਵੀਂ ਸ਼੍ਰੇਣੀ ਦੇ ਸਿਲੇਬਸ ਵਿੱਚ ਹੀ ਹੁੰਦਾ ਹੈ ਸੋ ਉਸਨੇ ਪੁੱਛ ਲਿਆ ਕਿ ਅਰਬੀ ਵਿੱਚ ਤਣੇ ਦਾ ਕਿਹੜਾ ਰੂਪ ਹੁੰਦਾ ਹੈ।ਕੌਨਵੈਟ ਸਕੂਲਾਂ ਦੇ ਪੜ੍ਹੇ ਜਾਂ ਹੋਰ ਸ਼ਹਿਰੀ ਬੱਚਿਆਂ ਨੂੰ ਇਸਦਾ ਉਤਰ ਪਤਾ ਨਹੀਂ ਸੀ ਅਤੇ ਪੇਂਡੂ ਸਕੂਲਾਂ 'ਚੋਂ ਆਏ ਵਿਦਿਆਰਥੀ ਪ੍ਰੋਫੈਸਰ ਤੋਂ ਕੁਝ ਪੁੱਛਣ ਜਾਂ ਦੱਸਣ ਦੀ ਖੇਚਲ ਘੱਟ ਵੱਧ ਹੀ ਕਰਦੇ ਹਨ ਸੋ ਕਲਾਸ ਵਿੱਚ ਚੁੱਪ ਰਹੀ। ਆਖਰ ਮੈਡਮ ਨੇ ਇੱਕ ਪੇਂਡੂ ਸਕੂਲ ਵਿੱਚੋਂ ਆਈ ਇੱਕ ਕੁੜੀ ਨੂੰ ਖੜ੍ਹਾ ਕਰ ਲਿਆ ਕਿ ਤੂੰ ਦੱਸ। ਕੁੜੀ ਨੇ ਸੰਗਦੀ ਜਿਹੀ ਨੇ ਕਿਹਾ, “ਘਣਕੰਦ”। ਘਣਕੰਦ ਕਹਿਣ ਤੇ ਸਾਰੀ ਜਮਾਤ ਹੱਸ ਪਈ ਤੇ ਕੁੜੀ ਕੱਚੀ ਜਿਹੀ ਹੋ ਗਈ।ਖੈਰ ਮੈਡਮ ਨੂੰ ਕਿਵੇਂ ਨਾ ਕਿਵੇਂ ਪਤਾ ਸੀ ਕਿ ਪੰਜਾਬੀ ਦੇ 'ਵਿਦਵਾਨਾਂ' ਨੇ ਰਾਈਜ਼ੋਮ ਦੀ ਪੰਜਾਬੀ ਘਣਕੰਦ ਕੀਤੀ ਹੋਈ ਹੈ ਸੋ ਉਸਨੇ ਕੁੜੀ ਨੂੰ ਬਿਠਾ ਦਿੱਤਾ ਪਰ ਕੁੜੀ ਦਾ ਕਈ ਦਿਨ ਮਖੌਲ ਉਡਦਾ ਰਿਹਾ।
3। ਇੱਕ ਸਾਹਿਤਕਾਰ ਮਿੱਤਰ ਦੇ ਘਰ ਗਿਆ ਤਾਂ ਉਹ ਆਪਣੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ 'ਹੋਮ-ਵਰਕ' ਕਰਵਾ ਰਿਹਾ ਸੀ। ਕਹਿਣ ਲੱਗਾ ਆਪਾਂ ਤਾਂ ਤੱਪੜ ਮਾਰਕਾ ਸਕੂਲਾਂ ਵਿੱਚ ਪੜ੍ਹ ਗਏ ਘੱਟੋ ਘੱਟ ਇਹਨਾਂ ਨੂੰ ਤਾਂ ਵਧੀਆ ਐਜੂਕੇਸ਼ਨ ਦਿਵਾਈਏਕਾਪੀਆਂ ਤੋਂ ਪਤਾ ਲੱਗਾ ਕਿ ਉਸਦਾ 'ਵਧੀਆ ਐਜੂਕੇਸ਼ਨ' ਤੋਂ ਭਾਵ ਅੰਗਰੇਜੀ ਮਾਧਿਅਮ ਵਾਲੇ ਸਕੂਲ ਵਿੱਚ ਪੜ੍ਹਾਉਣ ਤੋਂ ਸੀ। ਖੈਰ ਉਹ ਮਿੱਤਰ ਸਾਹਿਤ ਸਭਾ ਦਾ ਅਹੁਦੇਦਾਰ ਵੀ ਸੀ ਜਦ ਮੈ ਉਠਣ ਲੱਗਾ ਤਾਂ ਕਹਿੰਦਾ ਕਿ ਤੂੰ ਪੱਤਰਕਾਰ ਦੇ ਘਰ ਕੋਲ ਦੀ ਲੰਘਣਾ ਹੈ ਮੇਰਾ ਪ੍ਰੈਸ ਨੋਟ ਦਿੰਦਾ ਜਾਵੀਂ। 'ਹੋਮ-ਵਰਕ' ਕਰਾਉਣ ਦੇ ਨਾਲ ਨਾਲ ਹੀ ਉਹ ਪ੍ਰੈਸ ਨੋਟ ਤਿਆਰ ਕਰੀ ਗਿਆ ਜਿਸ ਵਿੱਚ ਦਰਜ ਸੀ ਕਿ ਦਫ਼ਤਰਾਂ ਵਿੱਚ ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਸਰਕਾਰੀ ਸਕੂਲਾਂ ਦੀਆਂ ਪ੍ਰਾਇਮਰੀ ਜਮਾਤਾਂ ਵਿੱਚ ਅੰਗਰੇਜ਼ੀ ਲਾਗੂ ਕਰਨ ਦੇ ਪੰਜਾਬੀ ਵਿਰੋਧੀ ਵਤੀਰੇ ਨੂੰ ਤਿਆਗਿਆ ਜਾਵੇ।
4। ਪੰਜਾਬ ਦੀ ਧਰਤੀ ਉਤੇ ਵਾਪਰਦਾ ਇਹ ਅਨਰਥ ਵੀ ਸੁਣਨ ਵਿੱਚ ਆਇਆ ਹੈ ਕਿ ਕੁਝ ਸਕੂਲਾਂ ਵਿੱਚ ਜਿਹੜੇ ਬੱਚੇ ਪੰਜਾਬੀ ਬੋਲਦੇ ਫੜ੍ਹੇ ਜਾਂਦੇ ਹਨ ਉਹਨਾਂ ਨੂੰ ਸਜ਼ਾ ਵਜੋਂ ਗਲ ਵਿੱਚ 'ਮੈ ਗਧਾ ਹਾਂ' ਲਿਖੀ ਹੋਈ ਫੱਟੀ ਪਾ ਕੇ ਖੜ੍ਹਾ ਦਿੱਤਾ ਜਾਂਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਅਜਿਹਾ ਕਰਨ ਵਾਲੇ ਕਈ ਸਕੂਲਾਂ ਦੇ ਨਾਮ ਬਾਬਾ ਫਰੀਦ, ਦਸ਼ਮੇਸ਼ ਜਾਂ ਹੋਰ ਸਿੱਖ ਗੁਰੂਆਂ ਦੇ ਨਾਵਾਂ ਨਾਲ ਸ਼ੁਰੂ ਹੁੰਦੇ ਹਨ।
5। ਇੱਕ ਜਿਮੀਂਦਾਰ ਭਈਆਂ ਨੂੰ ਰੋਕ ਕੇ ਪੁੱਛ ਰਿਹਾ ਸੀ, “ਕਣਕ ਵਾਢਣੀ ਹੈ, ਚੱਲੋਂਗੇ।” ਭਈਆਂ ਦਾ ਨੰਬਰਦਾਰ (ਆਗੂ) ਕਹਿ ਰਿਹਾ ਸੀ, “ਸਰਦਾਰ ਜੀ ਚਲਾਂਗੇ, ਚਲਾਂਗੇ ਕਿਉਂ ਨਹੀਂ, ਹੋਰ ਆਪਾਂ ਨੇ ਕੀ ਕਰਨਾ ਹੈਗਾ।”
6। ਅਨੇਕਾਂ ਇਹੋ ਜਿਹੇ 'ਬੁੱਧੀਜੀਵੀ' ਮਿਲਦੇ ਹਨ ਜੋ ਪੰਜਾਬ ਵਿੱਚ ਵਸਦੇ ਕੁਝ ਮਾਰਵਾੜੀ ਜਾਂ ਹਰਿਆਣਵੀ ਪਿਛੋਕੜ ਵਾਲੇ ਬਾਣੀਆਂ ਤੋਂ ਇਸ ਕਰਕੇ ਦੁਖੀ ਹਨ ਕਿ ਉਹ ਘਰ ਵਿੱਚ ਹਿੰਦੀ ਬੋਲਦੇ ਹਨ ਜਦ ਕਿ ਉਹ ਅੰਨ ਪੰਜਾਬ ਦਾ ਖਾਂਦੇ ਹਨ। ਉਹੀ ਸੱਜਣ ਫਿਰ ਵੀ ਦੁਖੀ ਹੁੰਦੇ ਹਨ ਜਦ ਉਹਨਾਂ ਨੂੰ ਪਤਾ ਲਗਦਾ ਹੈ ਕਿ ਇੰਗਲੈਡ ਵਿੱਚ ਜਾ ਵਸੇ ਪੰਜਾਬੀਆਂ ਦੀ ਸੰਤਾਨ ਪੰਜਾਬੀ ਭੁੱਲ ਕੇ ਅੰਗਰੇਜ਼ੀ ਬੋਲਣ ਲੱਗ ਪਈ ਹੈ। (ਤਦ ਇੰਗਲੈਡ ਦਾ ਅੰਨ ਖਾਕੇ ਅੰਗਰੇਜ਼ੀ ਬੋਲੀ ਜਾਣੀ ਚਾਹੀਦੀ ਹੈ ਇਹ ਦਲੀਲ ਪਤਾ ਨਹੀਂ ਕਿਉਂ ਨਹੀਂ ਲਾਗੂ ਹੁੰਦੀ)।
ਅਜਿਹੀਆਂ ਅਨੇਕਾਂ ਝਲਕੀਆਂ ਪੰਜਾਬ ਦੇ ਅਜੋਕੇ ਭਾਸ਼ਾਈ ਦ੍ਰਿਸ਼ ਵਿੱਚ ਵੇਖਣ ਨੂੰ ਮਿਲਦੀਆਂ ਹਨ।ਇਸ ਵਰਤਾਰੇ ਦੇ ਸਾਰੇਪੱਖਾਂ ਨੂੰ ਵੇਖਿਆ ਜਾਵੇ ਤਾਂ ਘੱਟੋ ਘੱਟ ਐਨਾ ਕੁ ਜਰੂਰ ਸਾਫ਼ ਹੋ ਜਾਂਦਾ ਹੈ ਕਿ ਇਹ ਵਰਤਾਰਾ ਸਾਡੇ ਆਮ ਪ੍ਰਚਲਿਤ ਸਾਹਿਤ ਸਭਾਈ ਪਹੁੰਚ ਨਾਲੋਂ ਵਧੇਰੇ ਗੰਭੀਰ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ।
ਵਿਗਿਆਨਕ ਤੌਰ ਤੇ ਇਹ ਸਿੱਧ ਹੋ ਚੁੱਕਾ ਹੈ ਕਿ ਬੋਲੀ ਦੇ ਵਿਕਾਸ ਨੇ ਮਨੁੱਖ ਨੂੰ ਬਾਕੀ ਜਾਨਵਰਾਂ ਨਾਲੋਂ ਅਲੱਗ ਕਰਕੇ ਵਿਕਾਸ ਦੇ ਰਸਤੇ ਤੋਰਨ ਵਿੱਚ ਵੱਡਾ ਹਿੱਸਾ ਪਾਇਆ ਭਾਵ ਬੋਲੀ ਦੀ ਉਤਪਤੀ ਮਨੁੱਖ ਜਾਤੀ ਦੀ ਉਤਪਤੀ ਨਾਲ ਹੀ ਜੁੜੀ ਹੋਈ ਹੈ। ਮਨੁੱਖ ਜਾਤੀ ਦੀ ਉਤਪਤੀ ਬਾਰੇ ਅੱਜ ਕੱਲ੍ਹ ਦਾ ਪ੍ਰਵਾਨਿਤ ਸਿਧਾਂਤ ਇਹ ਹੈ ਕਿ ਇਹ ਉਤਰੀ ਅਫ਼ਰੀਕਾ ਵਿੱਚ ਪੈਦਾ ਹੋਈ ਜਿਥੋਂ ਇਹ ਸਾਰੇ ਸੰਸਾਰ ਵਿੱਚ ਖਿੰਡ ਗਈ।ਚਾਹੇ ਧਰਤੀ ਦੇ ਕੁਝ ਹੋਰ ਸਥਾਨਾਂ ਤੇ ਵੀ ਜੀਵ-ਵਿਕਾਸ ਦੇ ਸਿੱਟੇ ਵਜੋਂ ਮਨੁੱਖ ਜਾਤੀ ਦੇ ਵਿਕਾਸ ਕਰਨ ਦੀ ਸੰਭਾਵਨਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਪਰ ਫਿਰ ਵੀ ਇਹ ਗੱਲ ਸਾਫ਼ ਹੈ ਕਿ ਮਨੁੱਖ ਜਾਤੀ ਇੱਕ ਜਾਂ ਦੋ-ਤਿੰਨ ਕੇਂਦਰਾਂ ਤੋਂ ਹੀ ਸਾਰੇ ਸੰਸਾਰ ਵਿੱਚ ਫੈਲੀ। ਜਿਵੇਂ ਜਿਵੇਂ ਮਨੁੱਖ ਜਾਤੀ ਦੂਰ ਦੁਰਾਡੇ ਇਲਾਕਿਆਂ ਵਿੱਚ ਫੈਲਦੀ ਗਈ ਉਹਨਾਂ ਨਵੇਂ-ਨਵੇਂ ਖਿੱਤਿਆਂ ਵਿੱਚ ਦੂਸਰੇ ਖਿੱਤਿਆਂ ਨਾਲੋਂ ਬੋਲੀ ਵਿੱਚ ਫਰਕ ਆਉਂਦਾ ਗਿਆ ਕਿਉਂਕਿ ਹਰ ਖਿਤੇ ਵਿੱਚ ਉਹਨਾਂ ਦਾ ਵਾਹ ਵੱਖਰੀ ਤਰ੍ਹਾਂ ਦੇ ਸੰਸਾਰ ਨਾਲ ਪੈਦਾ ਸੀ। ਜਿਹੋ ਜਿਹੀਆਂ ਵਸਤਾਂ ਨਾਲ ਵਾਹ ਅਰਬ ਦੇ ਰੇਗਿਸਤਾਨਾਂ ਵਿੱਚ ਪੈਦਾ ਸੀ ਉਹ ਯੌਰਪ ਦੇ ਠੰਢੇ ਇਲਾਕਿਆਂ ਨਾਲੋਂ ਬਿਲਕੁਲ ਵੱਖਰੀਆਂ ਸਨ।ਇਸ ਕਰਕੇ ਪਹਿਲਾਂ ਸ਼ਬਦ-ਭੰਡਾਰ ਵਿੱਚ ਫਰਕ ਪਿਆ ਅਤੇ ਫਿਰ ਆਵਾਜਾਈ ਅਤੇ ਸੰਚਾਰ ਦੇ ਸਾਧਨ ਨਾ ਹੋਣ ਕਾਰਨ ਜਿਹੜੇ ਲੋਕ ਇੱਕ ਇਲਾਕੇ ਵਿਚੋਂ ਉਠ ਕੇ ਦੂਜੇ ਇਲਾਕੇ ਵਿੱਚ ਚਲੇ ਜਾਂਦੇ ਸਨ ਉਹਨਾਂ ਦਾ ਪਹਿਲੇ ਇਲਾਕੇ ਨਾਲ ਕੋਈ ਸਬੰਧ ਨਹੀਂ ਰਹਿੰਦਾ ਸੀ। ਇਸ ਅਲੱਗ-ਥਲੱਗਤਾ ਕਾਰਨ ਕੁਝ ਪੀੜ੍ਹੀਆਂ ਵਿੱਚ ਹੀ ਵੱਖਰੇ ਇਲਾਕੇ ਦੇ ਲੋਕਾਂ ਦੀ ਵੱਖਰੀ ਬੋਲੀ ਬਣ ਜਾਂਦੀ। ਸੋ ਵੱਖ ਵੱਖ ਭਾਸ਼ਾਵਾਂ ਦੇ ਹੋਂਦ ਵਿੱਚ ਆਉਣ ਦਾ ਕਾਰਨ ਪ੍ਰਾਚੀਨ ਸਮੇਂ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਆਪਸੀ ਆਉਣ ਜਾਣ ਅਤੇ ਤਾਲਮੇਲ ਦੀ ਘਾਟ ਹੋਣਾ ਸੀ।
ਵਿਗਿਆਨ ਦਾ ਯੁੱਗ ਆਉਣ ਨਾਲ ਆਵਾਜਾਈ ਅਤੇ ਸੰਚਾਰ ਦੇ ਸਾਧਨ ਵਿਕਸਿਤ ਹੋਣ ਲੱਗੇ ਤਾਂ ਉਹਨਾਂ ਨੇ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ। ਇਸ ਮੇਲਜੋਲ ਨੇ ਸਾਰੀ ਮਨੁੱਖ ਜਾਤੀ ਦੀ ਇੱਕ ਸਾਂਝੀ ਭਾਸ਼ਾ ਹੋਣ ਦੀ ਲੋੜ ਨੂੰ ਮਹਿਸੂਸ ਕਰਵਾਉਣਾ ਸ਼ੁਰੂ ਕੀਤਾ। ਇਸ ਲੋੜ ਨੂੰ ਪੂਰਾ ਕਰਨ ਲਈ ਹੋਈ ਇੱਕ ਵਰਣਨਯੋਗ ਕੋਸ਼ਿਸ਼ Esperanto (ਐਸਪੈਰਾਂਟੋ) ਭਾਸ਼ਾ ਸੀ ਜੋ 1887 ਦੇ ਲੱਗਭੱਗ ਇੱਕ ਪੋਲਿਸ਼ ਵਿਦਵਾਨ ਜੇਮਨਹੌਫ਼ ਵੱਲੋਂ ਬਣਾਈ ਗਈ। ਇਹ ਸਿਖਣ ਲਈ ਸੌਖੀ ਸੀ। ਇਸਦੇ ਕੇਵਲ 16 ਵਿਆਕਰਣ ਨਿਯਮ ਸਨ।ਉਸ ਨੂੰ ਆਸ ਸੀ ਕਿ ਇਹ ਭਾਸ਼ਾ ਸਾਰੇ ਸੰਸਾਰ ਦੇ ਲੋਕਾਂ ਵਲੋਂ ਆਪਣੀ ਦੂਜੀ ਭਾਸ਼ਾ ਦੇ ਤੌਰ 'ਤੇ ਅਪਣਾ ਲਈ ਜਾਵੇਗੀ ਅਤੇ ਇਸ ਤਰ੍ਹਾਂ ਸਾਰੇ ਸੰਸਾਰ ਦੀ ਇੱਕ ਸਾਂਝੀ ਸੰਪਰਕ ਭਾਸ਼ਾ ਬਣ ਜਾਵੇਗੀ। ਪਰ ਬੋਲਚਾਲ ਦੀ ਭਾਸ਼ਾ ਇਸ ਤਰ੍ਹਾਂ ਕਿਸੇ ਇੱਕ ਵਿਅਕਤੀ ਵਲੋਂ ਬਣਾਵਟੀ ਤੌਰ ਤੇ ਬਣਾ ਕੇ ਲੋਕਾਂ ਵਿੱਚ ਛੱਡੀ ਜਾਣ ਵਾਲੀ ਵਸਤੂ ਨਹੀਂ ਹੁੰਦੀ। ਕਿਸੇ ਭਾਸ਼ਾ ਦਾ ਵਿਕਾਸ ਅਤੇ ਲੋਕਾਂ ਵਲੋਂ ਇਸਨੂੰ ਅਪਣਾਏ ਜਾਣਾ ਇੱਕ ਲੰਮੀ ਇਤਿਹਾਸਕ ਪ੍ਰਕਿਰਿਆ ਦੇ ਸਿੱਟੇ ਵਜੋਂ ਹੁੰਦਾ ਹੈ। ਸੋ ਐਸਪੈਰਾਂਟੋ ਨੂੰ ਸੰਸਾਰ ਦੇ ਸਮੂਹ ਲੋਕਾਂ ਵੱਲੋਂ ਅਪਣਾਏ ਜਾਣ ਦਾ ਸੁਪਨਾ ਪੂਰਾ ਨਾ ਹੋਇਆ। ਦੂਜੀ ਸੰਸਾਰ ਜੰਗ ਤੀਕ ਇਸਨੂੰ ਪ੍ਰਚਲਿਤ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਅਤੇ ਕਈ ਲੱਖ ਲੋਕਾਂ ਨੇ ਇਹ ਸਿੱਖੀ ਵੀ ਪਰ ਦੂਜੀ ਸੰਸਾਰ ਜੰਗ ਤੋਂ ਬਾਅਦ ਐਸਪੈਰਾਂਟੋ ਵਾਲੀ ਕੋਸ਼ਿਸ਼ ਖਤਮ ਹੋ ਗਈ ਅਤੇ ਇਸਦੀ ਜਗ੍ਹਾ ਅੰਗਰੇਜ਼ੀ ਸਾਂਝੀ ਸੰਸਾਰ ਭਾਸ਼ਾ ਦੇ ਵਜੋਂ ਅੱਗੇ ਆਉਣ ਲੱਗੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਸਾਰ ਦੀਆਂ ਹਜ਼ਾਰਾਂ ਭਾਸ਼ਾਵਾਂ ਵਿੱਚੋਂ ਅੰਗਰੇਜ਼ੀ ਹੀ ਕਿਉਂ ਸੰਸਾਰ-ਭਾਸ਼ਾ ਦਾ ਸਥਾਨ ਹਾਸਲ ਕਰਨ ਵੱਲ ਵਧ ਰਹੀ ਹੈ ? ਇਹ ਕੋਈ ਇੱਕ ਦੇਸ਼ ਜਾਂ ਅੰਗਰੇਜ਼ਾਂ ਦੀ ਸਾਜਿਸ਼ ਦਾ ਸਿੱਟਾ ਨਹੀਂ ਸਗੋਂ ਅਨੇਕਾਂ ਇਤਿਹਾਸਕ, ਭੂਗੋਲਿਕ, ਰਾਜਨੀਤਕ, ਆਰਥਿਕ ਅਤੇ ਤਕਨੀਕੀ ਕਾਰਨਾਂ ਦੇ ਕੁਲ ਜੋੜ ਵਿੱਚੋਂ ਉਭਰ ਕੇ ਸਾਹਮਣੇ ਆ ਰਹੀ ਹੈ। ਅੰਗਰੇਜ਼ੀ ਮਗਰ ਇਹ ਫੈਕਟਰ ਵੱਧ ਜੋਰਦਾਰ ਸਨ ਜਿਸ ਕਰਕੇ ਯੌਰਪ ਦੀਆਂ ਹੋਰ ਭਾਸ਼ਾਵਾਂ ਹੌਲੀ ਹੌਲੀ ਇਸ ਮੁਕਾਬਲੇ ਵਿੱਚੋਂ ਬਾਹਰ ਹੁੰਦੀਆਂ ਗਈਆਂ ਅਤੇ ਏਸ਼ੀਆ/ਅਫ਼ਰੀਕਾਂ ਦੀਆਂ ਭਾਸ਼ਾਵਾਂ ਤਾਂ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਵਿੱਚ ਹੀ ਮਸਰੂਫ਼ ਹੋ ਗਈਆਂ।
ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਾਰਾ ਸੰਸਾਰ ਇੱਕ ਹੋਣ ਵੱਲ ਵਧ ਰਿਹਾ ਹੈ, ਇਸਦੀ ਇੱਕ ਸਾਂਝੀ ਸੰਪਰਕ ਭਾਸ਼ਾ ਬਣੇਗੀ ਅਤੇ ਹੁਣ ਇਹ ਵੀ ਹਰ ਇੱਕ ਨੂੰ ਮੰਨਣਾ ਹੀ ਪਵੇਗਾ ਕਿ ਇਹ ਸਾਂਝੀ ਸੰਪਰਕ ਭਾਸ਼ਾ ਅੰਗਰੇਜ਼ੀ ਹੋਵੇਗੀ। ਪਰ ਤਰਕ ਦੀ ਪੱਧਰ ਤੇ ਇਹ ਗੱਲ ਜਚਣ ਦੇ ਬਾਵਜੂਦ ਅਮਲ ਦੀ ਪੱਧਰ 'ਤੇ ਅੰਗਰੇਜ਼ੀ ਦਾ ਸਾਂਝੀ ਸੰਸਾਰ-ਭਾਸ਼ਾ ਬਣਨ ਦਾ ਰਸਤਾ ਐਡਾ ਸਿੱਧ-ਪੱਧਰਾ ਨਹੀਂ। ਇਸੇ ਕਰਕੇ ਅਨੇਕਾਂ ਗੁੰਝਲਦਾਰ ਸਵਾਲ ਉਠ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਉਠਣਗੇ।
ਸਭ ਤੋਂ ਮੁੱਖ ਸਵਾਲ ਹੈ ਕਿ ਕੀ ਅੰਗਰੇਜ਼ੀ ਭਾਸ਼ਾ ਦੇ ਇਸ ਤਰ੍ਹਾਂ ਛਾ ਜਾਣ ਨਾਲ ਦੂਸਰੀਆਂ ਭਾਸ਼ਾਵਾਂ ਦੀ ਹੋਂਦ ਖਤਮ ਹੋ ਜਾਵੇਗੀ ਜਾਂ ਮਨੁੱਖ ਦੋ-ਭਾਸ਼ਾਈ/ਬਹੁ-ਭਾਸ਼ਾਈ ਹੋ ਜਾਵੇਗਾ ਯਾਨੀ ਕਿ ਵੱਖ ਵੱਖ ਖਿੱਤਿਆਂ ਵਿੱਚ ਆਪਣੀਆਂ ਭਾਸ਼ਾਵਾਂ ਵੀ ਕਾਇਮ ਰਹਿਣਗੀਆਂ ਅਤੇ ਅੰਗਰੇਜ਼ੀ ਭਾਸ਼ਾ ਵੀ ਜਾਣੀ ਜਾਵੇਗੀ ?
ਅਸਲ ਵਿੱਚ ਡਾਰਵਿਨ ਦਾ ਜਿਉਂਦੇ ਰਹਿਣ ਲਈ ਸੰਘਰਸ਼ ਦਾ ਸਿਧਾਂਤ ਭਾਸ਼ਾਵਾਂ 'ਤੇ ਵੀ ਲਾਗੂ ਹੋ ਰਿਹਾ ਹੈ।ਜਿਸਦੇ ਸਿੱਟੇ ਵਜੋਂ ਬਹੁਤ ਸਾਰੀਆਂ ਭਾਸ਼ਾਵਾਂ ਖਤਮ ਹੋਣਗੀਆਂ ਅਤੇ ਬਹੁਤੀਆਂ ਨਵੀਆਂ ਲੋੜਾਂ ਅਨੁਸਾਰ ਤਬਦੀਲ ਹੋਣਗੀਆਂ।ਇਸ ਆਪਸੀ ਸੰਘਰਸ਼ ਵਿੱਚ ਉਹ ਭਾਸ਼ਾਵਾਂ ਵੱਧ ਤਕੜੀਆਂ ਸਾਬਤ ਹੋਣਗੀਆਂ ਜਿੰਨ੍ਹਾਂ ਨੂੰ ਬੋਲਣ ਵਾਲੇ ਆਰਥਿਕ, ਰਾਜਨੀਤਕ ਅਤੇ ਤਕਨੀਕੀ ਤੌਰ ਤੇ ਅੱਗੇ ਹਨ।
ਇਹ ਇੱਕ ਤੱਥ ਹੈ ਕਿ ਅਜੋਕੇ ਦੌਰ ਵਿੱਚ ਛੋਟੀਆਂ ਮੋਟੀਆਂ ਅਨੇਕਾਂ ਭਾਸ਼ਾਵਾਂ/ਬੋਲੀਆਂ ਖਤਮ ਹੋ ਰਹੀਆਂ ਹਨ।ਹਰ ਦਹਾਕੇ ਵਿੱਚ ਦਰਜਨਾਂ ਬੋਲੀਆਂ ਨਾਲ ਇਹ ਵਾਪਰ ਰਿਹਾ ਹੈ।ਦੂਸਰਾ ਤੱਥ ਇਹ ਹੈ ਕਿ ਸੰਚਾਰ ਸਾਧਨਾਂ ਦੇ ਵਿਕਸਿਤ ਹੋ ਜਾਣ ਅਤੇ ਆਮ ਆਦਮੀ ਦੀ ਜਿੰਦਗੀ ਨਾਲ ਜੁੜ ਜਾਣ ਸਦਕਾ ਨੇੜਲੀਆਂ ਭਾਸ਼ਾਵਾਂ ਵਿੱਚ ਆਪਸੀ ਲੈਣ ਦੇਣ ਵਧ ਰਿਹਾ ਹੈ ਜਿਸ ਕਰਕੇ ਵੱਖ-ਵੱਖ ਭੂਗੋਲਿਕ/ਰਾਜਨੀਤਕ ਖਿੱਤਿਆਂ ਵਿੱਚੋਂ ਸਾਂਝੀਆਂ ਭਾਸ਼ਾਵਾਂ ਪੈਦਾ ਹੋਣ ਦਾ ਅਧਾਰ ਤਿਆਰ ਹੋ ਰਿਹਾ ਹੈ।ਤੀਸਰਾ ਤੱਥ ਇਹ ਵੀ ਹੈ ਕਿ ਭਾਸ਼ਾ ਕਿਉਂਕਿ ਕਿਸੇ ਇਲਾਕੇ ਦੇ ਸਮੁੱਚੇ ਜੀਵਨ ਅਤੇ ਸਭਿਆਚਾਰ ਨਾਲ ਜੁੜੀ ਹੁੰਦੀ ਹੈ ਜਿਸ ਕਰਕੇ ਆਪਣੀ ਆਪਣੀ ਭਾਸ਼ਾ ਪ੍ਰਤੀ ਚੇਤੰਨਤਾ ਅਤੇ ਭਾਵੁਕਤਾ ਵੀ ਪੈਦਾ ਹੋਈ ਹੈ।
ਆਓ, ਇਹਨਾਂ ਵਰਤਾਰਿਆਂ ਦੀ ਰੌਸ਼ਨੀ ਵਿੱਚ ਪੰਜਾਬੀ ਭਾਸ਼ਾ ਦੀ ਹਾਲਤ 'ਤੇ ਵਿਚਾਰ ਕਰੀਏ।
ਪੰਜਾਬ ਆਰਥਿਕ ਤੌਰ ਤੇ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਅੱਗੇ ਹੈ।ਦਿੱਲੀ, ਬੰਬਈ ਵਰਗੇ ਕੁਝ ਮਹਾਂਨਗਰੀ ਕੇਂਦਰਾਂ ਨੂੰ ਛੱਡ ਕੇ ਇੱਥੋਂ ਦੀ ਪ੍ਰਤੀ ਵਿਅਕਤੀ ਆਮਦਨੀ ਸਭ ਤੋਂ ਵੱਧ ਹੈ।ਆਰਥਿਕ ਖੜੋਤ ਦੇ ਇਸ ਦੌਰ ਵਿੱਚ ਵੀ ਵਹੀਕਲਾਂ ਅਤੇ ਘਰੇਲੂ ਵਰਤੋਂ ਦੀ ਮਸ਼ੀਨਰੀ ਤੋਂ ਲੈ ਕੇ ਵਿਸਕੀ ਤੱਕ ਦੀ ਖਪਤ ਦੀ ਇਹ ਤਕੜੀ ਮੰਡੀ ਹੈ।ਹਿੰਦੁਸਤਾਨ ਦੇ ਬਾਕੀ ਹਿੱਸਿਆਂ ਵਿੱਚ ਵਸਦੇ ਪੰਜਾਬੀ ਵੀ ਉਥੇ ਆਰਥਿਕ ਤੌਰ ਤੇ ਮਜ਼ਬੂਤ ਸਥਿਤੀ ਵਿੱਚ ਹਨ।
ਇਸ ਆਰਥਿਕ ਤਕੜਾਈ ਵਿੱਚੋਂ ਪੰਜਾਬੀ ਭਾਸ਼ਾ ਦੇ ਮਜਬੂਤ ਸਥਿਤੀ ਵਿੱਚ ਹੋਣ ਦਾ ਤਰਕ ਉਭਰਦਾ ਹੈ।ਇਹ ਫੈਕਟਰ ਭਾਵ ਆਰਥਿਕਤਾ ਵਾਲਾ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਅਜਿਹਾ ਰੋਲ ਕਰ ਵੀ ਰਿਹਾ ਹੈ।ਅੱਜ ਲੱਖਾਂ ਦੀ ਗਿਣਤੀ ਵਿੱਚ ਭਈਏ ਪੰਜਾਬ ਵਿੱਚ ਰੁਜ਼ਗਾਰ ਖਾਤਰ ਆਉਂਦੇ ਹਨ।ਉਹ ਸਾਰੇ ਘੱਟੋ ਘੱਟ ਪੰਜਾਬੀ ਸਮਝਣੀ ਜਰੂਰ ਸਿੱਖ ਜਾਂਦੇ ਹਨ ਅਤੇ ਉਹਨਾਂ ਦਾ ਕਾਫ਼ੀ ਵੱਡਾ ਹਿੱਸਾ ਪੰਜਾਬੀ ਬੋਲਣੀ ਵੀ ਸਿੱਖ ਜਾਂਦਾ ਹੈ।ਟੈਲੀਵਿਜ਼ਨ 'ਤੇ ਆਉਂਦੀਆਂ ਮਸ਼ਹੂਰੀਆਂ ਵਿੱਚ ਬਹੁਤੀਆਂ ਵਿੱਚ ਪੰਜਾਬੀ ਫਿਕਰੇ ਪਾਏ ਜਾਂਦੇ ਹਨ, ਪੰਜਾਬੀ ਲੋਕ ਵਿਖਾਏ ਜਾਂਦੇ ਹਨ।(ਕਿਉਂਕਿ ਇਹਨਾਂ ਦੀ ਬਹੁਤੀ ਖਪਤ ਪੰਜਾਬ ਵਿੱਚ ਹੋਣੀ ਹੁੰਦੀ ਹੈ।) ਫਿਲਮਾਂ ਵਿੱਚ ਪੰਜਾਬੀ ਧੁਨਾਂ, ਗਾਣਿਆਂ ਵਿੱਚ ਪੰਜਾਬੀ ਸ਼ਬਦ ਅਤੇ ਪੰਜਾਬੀ ਪਾਤਰ ਪੰਜਾਬੀ ਆਬਾਦੀ ਦੀ ਨਿਸਬਿਤ ਵਿੱਚ ਕਿਤੇ ਵੱਧ ਸਥਾਨ ਲੈ ਰਹੇ ਹਨ।
ਦੂਜੇ ਪਾਸੇ ਰਾਜਨੀਤਕ, ਇਤਿਹਾਸਕ ਅਤੇ ਧਾਰਮਿਕ ਪੱਖ ਪੰਜਾਬੀ ਦੇ ਉਲਟ ਭੁਗਤੇ ਹਨ।ਰਾਜਨੀਤਕ ਤੌਰ ਤੇ ਪੰਜਾਬੀ ਭਾਸ਼ਾ ਉਤੇ ਸਭ ਤੋਂ ਵੱਡੀ ਸੱਟ ਪੰਜਾਬ ਦਾ ਦੋ ਹਿੱਸਿਆਂ ਵਿੱਚ ਵੰਡਿਆ ਜਾਣਾ ਸੀ।ਇਸ ਨਾਲ ਪੰਜਾਬੀ ਦੀ ਇੱਕਜੁੱਟ ਤਾਕਤ ਟੋਟਿਆਂ ਵਿੱਚ ਵੰਡੀ ਗਈ ਅਤੇ ਇੱਕ ਸ਼ਕਤੀਸ਼ਾਲੀ ਵਰਗ ਦੀ ਜੁਬਾਨ ਹੋਣ ਦੀ ਭਾਰੂ ਸਥਿਤੀ ਤੋਂ ਦੋਹਵਾਂ ਦੇਸ਼ਾਂ ਵਿੱਚ ਹੀ ਉਰਦੂ ਅਤੇ ਹਿੰਦੀ ਤੋਂ ਬਚਾਅ ਵਾਲੇ ਪੈਤੜੇ ਤੇ ਆ ਗਈ।
ਪੰਜਾਬੀ ਭਾਸ਼ਾ ਨੂੰ ਲਿਖਤ ਰੂਪ ਵਿੱਚ ਪੇਸ਼ ਕਰਨ ਲਈ ਦੋ ਲਿਪੀਆਂ (ਗੁਰਮੁਖੀ ਅਤੇ ਸ਼ਾਹਮੁਖੀ) ਹੋਣ ਨੇ ਵੀ ਇਸਦੇ ਭਵਿੱਖੀ ਸੰਸਾਰ ਦੀਆਂ ਚੋਣਵੀਆਂ ਭਾਸ਼ਾਵਾਂ ਵਿੱਚੋਂ ਇੱਕ ਬਣ ਸਕਣ ਦੀ ਸੰਭਾਵਨਾ ਨੂੰ ਸੱਟ ਮਾਰੀ ਹੈ। ਰਾਜਨੀਤਕ ਵੰਡ ਅਤੇ ਲਿਪੀ-ਵੰਡ ਨੇ ਪੰਜਾਬੀ ਨੂੰ ਇੱਕ ਸ਼ਕਤੀਸ਼ਾਲੀ ਭਾਸ਼ਾ ਵੱਲ ਵਿਕਸਿਤ ਹੋਣ ਦੀ ਥਾਂ ਤੇ ਦੋ ਭਾਸ਼ਾਵਾਂ ਦੇ ਬਣਨ ਦੇ ਰਾਹ ਤੋਰਕੇ ਨਾਂਹ-ਪੱਖੀ ਰੋਲ ਕੀਤਾ ਹੈ।
ਪੰਜਾਬੀ ਭਾਸ਼ਾ ਸਿੱਖ ਧਰਮ ਨਾਲ ਜੁੜ ਗਈ ਹੈ। ਇਸਨੇ ਵੀ ਪੰਜਾਬੀ ਭਾਸ਼ਾ ਦੇ ਇਸ ਖਿੱਤੇ ਦੀ ਸਹਿਜ ਸੁਭਾਵਿਕ ਬੋਲੀ ਹੋਣ ਦੇ ਰੋਲ ਨੂੰ ਸੱਟ ਮਾਰੀ ਹੈ।
ਵਿਗਿਆਨਕ ਅਤੇ ਤਕਨੀਕੀ ਤੌਰ ਤੇ ਵੀ ਪੰਜਾਬ ਵਿੱਚ ਅਜਿਹੀਆਂ ਨਵੀਆਂ ਖੋਜਾਂ/ਕਾਢਾਂ ਨਹੀਂ ਹੋ ਰਹੀਆਂ ਜਿੰਨ੍ਹਾਂ ਨੂੰ ਪੰਜਾਬੀ ਭਾਸ਼ਾ ਵਿੱਚ ਪੇਸ਼ ਕੀਤਾ ਜਾ ਰਿਹਾ ਹੋਵੇ ਅਤੇ ਜਿੰਨ੍ਹਾਂ ਲਈ ਸੰਸਾਰ ਦੇ ਬਾਕੀ ਲੋਕਾਂ ਨੂੰ ਪੰਜਾਬੀ ਭਾਸ਼ਾ ਦੀ ਮੁਥਾਜੀ ਹੋਵੇ ਸੋ ਇਸ ਪੱਖ ਤੋਂ ਵੀ ਪੰਜਾਬੀ ਭਾਸ਼ਾ ਦੀਆਂ ਸੰਸਾਰ ਪੱਧਰ ਉਤੇ ਅੰਗਰੇਜੀ ਦੇ ਮੁਕਾਬਲੇ ਕੋਈ ਬਹੁਤੀਆਂ ਭਵਿੱਖੀ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ।ਆਉਣ ਵਾਲੇ ਸਮੇਂ ਦੀ ਭਾਸ਼ਾਈ ਸਥਿਤੀ ਉਪਰੋਕਤ ਬਿਆਨ ਕੀਤੇ ਆਰਥਿਕ, ਰਾਜਨੀਤਕ, ਸਭਿਆਚਾਰਕ, ਤਕਨੀਕੀ ਫੈਕਟਰਾਂ ਦੀ ਅੰਤਰ-ਕ੍ਰਿਆ ਦੇ ਕੁਝ ਜਮ੍ਹਾਂ-ਜੋੜ ਵਿੱਚੋਂ ਹੀ ਬਣਨੀ ਹੈ।
ਇਸ ਜੋੜ-ਮੇਲ ਵਿੱਚੋਂ ਹੀ ਉਹ ਪੰਜਾਬੀ ਸਮੂਹਿਕ ਅਵਚੇਤਨ ਉਭਰਿਆ ਹੈ ਜੋ ਜਾਣਦਾ ਹੈ ਕਿ ਗਿਆਨ-ਵਿਗਿਆਨ ਦੇ ਖੇਤਰਾਂ ਦੀ ਆਧੁਨਿਕ ਜਾਣਕਾਰੀ ਲੈਣ ਲਈ ਅਤੇ ਵਿਕਸਿਤ ਸੰਸਾਰ ਨਾਲ ਜੁੜਨ ਲਈ ਆਉਣ ਵਾਲੀਆਂ ਨਸਲਾਂ ਵਾਸਤੇ ਅੰਗਰੇਜ਼ੀ ਭਾਸ਼ਾ ਦਾ ਵਰਤੋਂ ਯੋਗ ਵਿਹਾਰਕ ਗਿਆਨ ਹੋਣਾ ਜਰੂਰੀ ਹੈ। ਅਜੋਕੇ ਦੌਰ ਦਾ ਇਹ ਸਮੂਹਿਕ ਅਵਚੇਤਨ ਬੱਚਿਆਂ ਨੂੰ ਕਬੂਤਰ ਨੂੰ ਪਿਜ਼ਨ ਆਖਣ ਲਈ ਮਜਬੂਰ ਕਰਵਾਉਂਦਾ ਹੈ, ਪੰਜਾਬੀ ਭਾਸ਼ਾ ਦੇ ਮੁਦਈ ਬਣਦੇ ਲੋਕਾਂ ਪਾਸੋਂ ਉਹਨਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਦਾਖਲ ਕਰਵਾਉਂਦਾ ਹੈ ਅਤੇ ਹਾਲਤਾਂ ਵਿੱਚੋਂ ਪੈਦਾ ਹੋਇਆ ਇਹੀ ਸਮੂਹਿਕ ਅਵਚੇਤਨ ਪੰਜਾਬੀ
ਲੇਖਕਾਂ ਵਲੋਂ ਅੰਗਰੇਜ਼ੀ ਲਾਗੂ ਕਰਨ ਦੇ ਵਿਰੋਧ ਵਿੱਚ ਕੀਤੀ ਹਾਲ ਪਾਹਰਿਆ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਦਾ ਹੈ।
ਸੋ ਤੱਤ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਲੋਕਾਂ ਦੀ ਮੁਕਾਬਲਤਨ ਚੰਗੀ ਆਰਥਿਕਤਾ ਅਤੇ ਉਦਮੀ ਸੁਭਾਅ ਕਾਰਨ ਭਾਰਤ ਅਤੇ ਭਾਰਤੀ ਭਾਸ਼ਾਵਾਂ ਦੇ ਸੰਦਰਭ ਵਿੱਚ ਪੰਜਾਬੀ ਮਜ਼ਬੂਤ ਸਥਿਤੀ ਵਿੱਚ ਹੈ।ਪਰ ਇਹੀ ਦੋਹਵੇਂ ਪੱਖ (ਆਰਥਿਕਤਾ ਅਤੇ ਉਦਮੀ ਹੋਣਾ) ਇਸਦੇ ਲੋਕਾਂ ਲਈ ਅੰਗਰੇਜ਼ੀ ਜਾਣਨ ਲਈ ਤਾਂਘ ਪੈਦਾ ਕਰਦੇ ਹਨ ਕਿਉਂਕਿ ਪੰਜਾਬ ਦੇ ਅਗਲੇਰੇ ਵਿਕਾਸ ਲਈ ਇਸਨੂੰ ਗਿਆਨ, ਸਹਾਇਤਾ ਅਤੇ ਵਿਕਾਸ-ਮਾਡਲ ਅੰਗਰੇਜ਼ੀ ਸੰਸਾਰ ਵਿਚੋਂ ਹੀ ਮਿਲਣਾ ਹੈ ਨਾ ਕਿ ਕਿਸੇ ਯੂ.ਪੀ., ਬਿਹਾਰ, ਰਾਜਸਥਾਨ ਜਾਂ ਪੱਛਮੀ ਪੰਜਾਬ ਵਿੱਚੋਂ। ਇਸੇ ਤਰ੍ਹਾਂ ਪੰਜਾਬ ਵਿਚੋਂ ਨਿਕਲਕੇ ਚੰਗੇ ਜੀਵਨ ਦੀ ਤਲਾਸ਼ ਦੀ ਮੰਜ਼ਿਲ ਵੀ ਮੁੱਖ ਤੌਰ ਤੇ ਅੰਗਰੇਜ਼ੀ ਬੋਲਦੇ ਸੰਸਾਰ ਵਿੱਚ ਹੀ ਹੁੰਦੀ ਹੈ ਨਾ ਕਿ ਰੂਸ, ਚੀਨ ਜਾਂ ਸਪੈਨਿਸ਼ ਭਾਸ਼ੀ ਦੇਸ਼ਾਂ ਵਿੱਚ। ਜਦ ਅੰਗਰੇਜ਼ੀ ਸਿੱਖਣ ਦੀ ਤਾਂਘ ਨੂੰ ਮਾਰਿਆ ਨਹੀਂ ਜਾ ਸਕਦਾ ਤਾਂ ਇਸਦੀ ਵੱਖ-ਵੱਖ ਖੇਤਰਾਂ ਵਿੱਚ ਕੁਝ ਨਾ ਕੁਝ ਵਰਤੋਂ ਨੂੰ ਵੀ ਰੋਕਿਆ ਨਹੀਂ ਜਾ ਸਕਦਾ।ਭਾਸ਼ਾ ਸਮੇਤ ਕਿਸੇ ਵੀ ਚੀਜ਼ ਦੀ ਸਿਖਲਾਈ ਤਦ ਹੀ ਕਾਇਮ ਰਹਿੰਦੀ ਹੈ ਜੇ ਉਸਦੀ ਥੋੜ੍ਹੀ ਬਹੁਤ ਵਰਤੋਂ ਕੀਤੀ ਜਾਂਦੀ ਹੈ।ਇਹ ਨਹੀਂ ਹੋ ਸਕਦਾ ਕਿ ਸਕੂਲ ਕਾਲਜ ਵਿੱਚ ਤਾਂ ਅੰਗਰੇਜ਼ੀ ਪੜ੍ਹਾਈ ਜਾਵੇ ਅਤੇ ਸਕੂਲ/ਕਾਲਜ ਤੋਂ ਬਾਹਰ ਦੇ ਸੰਸਾਰ ਵਿੱਚ ਅੰਗਰੇਜ਼ੀ ਦੀ ਝਲਕ ਵੀ ਨਾ ਮਿਲੇ।
ਬਿਨ੍ਹਾਂ ਸ਼ੱਕ ਅੰਗਰੇਜ਼ੀ ਮਾਤਭਾਸ਼ਾ ਦਾ ਸਥਾਨ ਨਹੀਂ ਲੈ ਸਕਦੀ। ਮੁਢਲਾ ਗਿਆਨ ਜਿਸ ਕੁਦਰਤੀ ਅਤੇ ਸਹਿਜਮਈ ਤਰੀਕੇ ਨਾਲ ਮਾਤਭਾਸ਼ਾ ਰਾਹੀਂ ਆ ਸਕਦਾ ਹੈ ਉਹ ਕਿਸੇ ਹੋਰ ਭਾਸ਼ਾ ਰਾਹੀਂ ਨਹੀਂ। ਪਰ ਵਿਗਿਆਨ ਅਤੇ ਤਕਨੀਕ ਅਤੇ ਹੋਰ ਕਈ ਖੇਤਰਾਂ ਦਾ ਉਚੇਰਾ ਗਿਆਨ ਪ੍ਰਾਪਤ ਕਰਨ ਲਈ ਜੇ ਕੋਈ ਅੰਗਰੇਜ਼ੀ ਭਾਸ਼ਾ ਤੋਂ ਬਿਨਾਂ ਸਾਰਣ ਦਾ ਦਾਅਵਾ ਕਰਦਾ ਹੈ ਤਾਂ ਉਹ ਵੀ ਸਿਰੇ ਦੀ ਅਗਿਆਨਤਾ ਅਤੇ ਕੱਟੜਪੁਣੇ ਦਾ ਮੁਜਾਹਰਾ ਕਰਦਾ ਹੈ।ਵਿਗਿਆਨ ਅਤੇ ਕੰਪਿਊਟਰ ਵਰਗੇ ਤਕਨੀਕੀ ਖੇਤਰਾਂ ਵਿੱਚ ਵਿੱਚ ਹਰ ਰੋਜ਼ ਐਨੀ ਖੋਜ ਹੋ ਰਹੀ ਹੈ ਕਿ ਉਸਦਾ ਸੌਵਾਂ ਹਿੱਸਾ ਵੀ ਅਨੁਵਾਦ ਕਰਕੇ ਪੰਜਾਬੀ ਜਬਾਨ ਵਾਲੇ ਤੱਕ ਨਹੀਂ ਪਹੁੰਚਾਇਆ ਜਾ ਸਕਦਾ।
ਸੋ ਭਾਸ਼ਾਵਾਂ ਦੇ ਮਾਮਲੇ ਨੂੰ ਆਰਥਿਕ-ਸਮਾਜਿਕ ਅਤੇ ਰਾਜਨੀਤਕ ਸੰਦਰਭਾਂ ਤੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਪੰਜਾਬੀ ਜਾਂ ਅੰਗਰੇਜ਼ੀ ਕਿਸੇ ਦੇ ਵੀ ਹੱਕ ਅਤੇ ਦੂਜੀ ਦੇ ਵਿਰੋਧ ਵਿੱਚ ਪੁਜੀਸ਼ਨਾਂ ਲੈ ਕੇ ਬਹਿਸ ਕਰਨ ਦੀ ਬਜਾਏ ਅਜੋਕੇ ਸੰਸਾਰ ਦੀਆਂ ਲੋੜਾਂ ਮੁਤਾਬਿਕ ਇਹਨਾਂ ਭਾਸ਼ਾਵਾਂ ਦਾ ਜੀਵਨ ਵਿੱਚ ਠੀਕ ਸਥਾਨ ਨਿਸ਼ਚਿਤ ਕਰਨ ਬਾਰੇ ਗੱਲ ਚੱਲਣੀ ਚਾਹੀਦੀ ਹੈ। ਜਿਸ ਨਾਲ ਨਾ ਤਾਂ ਕਬੂਤਰਾਂ ਨੂੰ ਪਿਜ਼ਨ ਆਖਣ ਲਈ ਮਜਬੂਰ ਹੋਣਾ ਪਵੇ ਅਤੇ ਨਾ ਹੀ ਹੀ ਰਾਈਜ਼ੋਮ ਨੂੰ ਘਣਕੰਦ ਕਹਿਣਾ ਪਵੇ।

No comments: