Wednesday, February 21, 2007

ਕੇਵਲ ਪੁਸਤਕਾਂ ਪੜ੍ਹਨਾ ਹੀ ਵਿਦਿਆ ਦੀ ਪ੍ਰਾਪਤੀ ਨਹੀਂ, ਇੱਟਾਂ ਦੇ ਢੇਰ ਨੂੰ ਕੋਈ ਸਿਆਣਾ ਇਮਾਰਤ ਦਾ ਨਾਮ ਨਹੀਂ ਦਿੰਦਾ

ਉਪਰੋਕਤ ਦੋ ਸਤਰਾਂ ਪੁਸਤਕਾਂ ਪੜ੍ਹਨ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਵੇਖਦੀਆਂ ਬਲਕਿ ਇਹ ਪੁਸਤਕਾਂ ਰਾਹੀਂ ਪ੍ਰਾਪਤ ਕੀਤੇ ਗਿਆਨ ਤੋਂ ਜੀਵਨ ਲਈ ਇੱਕ ਸਹੀ ਸੇਧ, ਕੁਦਰਤ ਪ੍ਰਤੀ ਇੱਕ ਠੀਕ ਦ੍ਰਿਸ਼ਟੀਕੋਣ ਅਤੇ ਸਮਾਜ ਪ੍ਰਤੀ ਇੱਕ ਕਲਿਆਣਕਾਰੀ ਫਲਸਫ਼ਾ ਬਨਾਉਣ ਦੀ ਲੋੜ ਨੂੰ ਵਧੀਆ ਸ਼ਬਦਾਂ ਵਿੱਚ ਬਿਆਨ ਕਰਦੀਆਂ ਹਨ। ਜਿਵੇਂ ਇਮਾਰਤ ਬਨਾਉਣ ਲਈ ਇੱਟਾਂ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਵਿਦਿਆ ਹਾਸਲ ਕਰਨ ਲਈ ਪੁਸਤਕਾਂ ਦੀ ਲੋੜ ਹੁੰਦੀ ਹੈ। ਜਿਵੇਂ ਇੱਟਾਂ ਨੂੰ ਵਿਸ਼ੇਸ਼ ਤਰਤੀਬ ਦੇ ਕੇ ਹੀ ਇਮਾਰਤ ਬਣਾਈ ਜਾ ਸਕਦੀ ਹੈ ਓਵੇਂ ਕਿਤਾਬਾਂ ਵਿਚੋਂ ਗ੍ਰਹਿਣ ਕੀਤੇ ਵਿਚਾਰਾਂ ਉਪਰ ਤਰਕਪੂਰਨ ਢੰਗ ਨਾਲ ਸੋਚ ਵਿਚਾਰ ਕਰਕੇ ਹੀ ਸਹੀ ਸਿੱਟੇ ਕੱਢੇ ਜਾ ਸਕਦੇ ਹਨ। ਜਿਵੇਂ ਇੱਟਾਂ ਵਿੱਚ ਕੱਚੀਆਂ ਪਿੱਲੀਆਂ ਇੱਟਾਂ ਹੁੰਦੀਆਂ ਹਨ ਜੋ ਇਮਾਰਤ ਵਿੱਚ ਲੱਗ ਜਾਣ ਤਾਂ ਇਮਾਰਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਓਵੇਂ ਕੁਝ ਪੁਸਤਕਾਂ ਵਿੱਚ ਵੀ ਕੱਚੇ ਪਿੱਲੇ ਵਿਚਾਰ ਹੁੰਦੇ ਹਨ ਜਿਨ੍ਹਾਂ ਨੂੰ ਰੱਦ ਕਰਕੇ ਬਾਹਰ ਸੁੱਟਣ ਦੀ ਲੋੜ ਹੁੰਦੀ ਹੈ।
ਸਾਨੂੰ ਪੁਸਤਕਾਂ ਵਿਚਲੀ ਜਾਣਕਾਰੀ (information) ਤੋਂ ਗਿਆਨ (knowledge) ਅਤੇ ਗਿਆਨ ਤੋਂ ਸਿਆਣਪ (wisdom) ਹਾਸਲ ਕਰਨ ਦਾ ਢੰਗ ਆਉਣਾ ਚਾਹੀਦਾ ਹੈ। ਵੱਖ ਵੱਖ ਵਰਤਾਰਿਆਂ ਬਾਰੇ ਜਾਣਕਾਰੀ ਇਕੱਠੀ ਕਰਦੇ ਜਾਣ ਨਾਲ ਅਸੀਂ ਗਿਆਨਵਾਨ ਤਾਂ ਹੋ ਜਾਂਦੇ ਹਾਂ ਪਰ ਜਰੂਰੀ ਨਹੀਂ ਕਿ ਇਕੱਠਾ ਕੀਤਾ ਗਿਆਨ ਸਾਨੂੰ ਸਿਆਣਾ ਵੀ ਬਣਾ ਦੇਵੇ। ਅੱਜ ਕੱਲ ਦੀ ਸਿੱਖਿਆ ਵਿੱਚ ਕਿਤਾਬਾਂ ਰਟਾ ਰਟਾ ਕੇ ਜਾਣਕਾਰੀ ਅਤੇ ਗਿਆਨ ਵਿੱਚ ਤਾਂ ਵਾਧਾ ਕਰ ਦਿੱਤਾ ਜਾਂਦਾ ਪਰ ਉਨ੍ਹਾਂ ਨੂੰ ਗਿਆਨ ਦੀ ਤਹਿ ਤੱਕ ਪਹੁੰਚਾ ਕੇ ਸਿਆਣੇ ਬਨਾਉਣ ਦੀ ਕੋਸ਼ਿਸ ਨਹੀਂ ਕੀਤੀ ਜਾਂਦੀ। ਇਸ ਬਾਰੇ ਚਿੰਤਾ ਕਰਦਾ ਹੋਇਆ ਅੰਗਰੇਜ ਕਵੀ ਅਤੇ ਚਿੰਤਕ ਟੀ. ਐਸ. ਈਲੀਅਟ ਵੀ ਕਹਿੰਦਾ ਹੈ ਕਿ ਅਸੀਂ ਸਿਆਣਪ ਨੂੰ ਗਿਆਨ ਦੇ ਢੇਰ ਵਿੱਚ ਗੁਆ ਲਿਆ ਹੈ। ਏਸੇ ਕਰਕੇ ਵਿਗਿਆਨ ਦੀਆਂ ਸੈਂਕੜੇ ਹਜਾਰਾਂ ਪੁਸਤਕਾਂ ਪੜ੍ਹ ਕੇ ਡਾਕਟਰ, ਇੰਜਨੀਅਰ, ਪ੍ਰੋਫੈਸਰ ਬਣੇ ਵਿਅਕਤੀ ਵੀ ਮੂਰਤੀਆਂ ਨੂੰ ਦੁੱਧ ਪਿਆਉਂਦੇ ਅਤੇ ਡੇਰਿਆਂ ‘ਚ ਅਨਪੜ੍ਹ ਸਾਧਾਂ ਅੱਗੇ ਮੱਥੇ ਘਸਾਉਂਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਉਪਰ ਵਿਚਾਰ-ਅਧੀਨ ਸਤਰਾਂ ਪੂਰੀ ਤਰ੍ਹਾਂ ਢੁਕਦੀਆਂ ਹਨ।ਉਹ ਉਨ੍ਹਾਂ ਨੂੰ ਮਿਲੀਆਂ ਇੱਟਾਂ ਤੋਂ ਇਮਾਰਤ ਬਨਾਉਣ ਵਿੱਚ ਨਾਕਾਮ ਰਹੇ ਹਨ।ਉਨ੍ਹਾਂ ਨੇ ਆਪਣੇ ਦਿਮਾਗਾਂ ਵਿੱਚ ਕਿਤਾਬਾਂ ਵਿੱਚੋਂ ਪੜ੍ਹੀ ਜਾਣਕਾਰੀ ਨੂੰ ਉਵੇਂ ਲੱਦਿਆ ਹੋਇਆ ਹੈ ਜਿੱਦਾਂ ਗਧੇ ਉਪਰ ਇੱਟਾਂ ਲੱਦੀਆਂ ਹੁੰਦੀਆਂ ਹਨ। ਜਿਵੇਂ ਇੱਕ ਚੰਗਾ ਰਾਜ ਮਿਸਤਰੀ ਇਨ੍ਹਾਂ ਇੱਟਾਂ ਤੋਂ ਵਧੀਆ ਇਮਾਰਤ ਬਣਾ ਦਿੰਦਾ ਹੈ ਜਿਸਤੋਂ ਉਸ ਵਿੱਚ ਰਹਿਣ ਵਾਲੇ ਵਿਅਕਤੀ ਸੁਖ ਹਾਸਲ ਕਰਦੇ ਹਨ ਉਸੇ ਤਰ੍ਹਾਂ ਠੀਕ ਵਿਚਾਰਧਾਰਾ ਦੀ ਅਗਵਾਈ ਵਿੱਚ ਕਿਤਾਬਾਂ ਤੋਂ ਲਈ ਜਾਣਕਾਰੀ ਨੂੰ ਵਿਅਕਤੀ ਅਤੇ ਸਮਾਜ ਦੇ ਸੁਖ ਵਿੱਚ ਵਾਧਾ ਕਰਨ ਲਈ ਵਰਤਿਆ ਜਾ ਸਕਦਾ ਹੈ।
ਕੁਝ ਵਿਅਕਤੀ ਇੱਟਾਂ ਦੇ ਢੇਰ ਲਗਾਉਣ ਵਿੱਚ ਮਾਹਰ ਹੁੰਦੇ ਹਨ ਭਾਵ ਉਨ੍ਹਾਂ ਨੇ ਬਹੁਤ ਪੁਸਤਕਾਂ ਪੜ੍ਹੀਆਂ ਹੁੰਦੀਆਂ ਹਨ। ਪਰ ਉਹ ਕਿਸੇ ਵੀ ਮਸਲੇ ਸਬੰਧੀ ਠੀਕ ਪਹੁੰਚ ਅਪਨਾਉਣ ਵਿੱਚ ਨਾਕਾਮ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਇੱਟਾਂ ਤੋਂ ਇਮਾਰਤ ਨਹੀਂ ਬਣਾਈ ਹੁੰਦੀ ਭਾਵ ਪੜ੍ਹੇ ਹੋਏ ਗਿਆਨ ਨੂੰ ਠੀਕ ਵਿਚਾਰਧਾਰਾ ਦੀ ਲੜੀ ਵਿੱਚ ਨਹੀਂ ਪਰੋਇਆ ਹੁੰਦਾ, ਜਾਣਕਾਰੀ ਦਾ ਤੱਤ ਕੱਢ ਕੇ ਮਨ ਵਿੱਚ ਵਸਾਇਆ ਨਹੀਂ ਹੁੰਦਾ। ਕੁਝ ਨੇ ਤੂੜੀ ਬਹੁਤੀ ਇਕੱਠੀ ਕੀਤੀ ਹੁੰਦੀ ਹੈ ਦਾਣੇ ਘੱਟ ਕੱਢੇ ਹੁੰਦੇ ਹਨ।ਭਾਵ ਉਨ੍ਹਾਂ ਨੇ ਅਜਿਹੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਹਨ ਅਤੇ ਅਜਿਹਾ ਗਿਆਨ ਇਕੱਠਾ ਕੀਤਾ ਹੁੰਦਾ ਹੈ ਜਿਸਦੀ ਅਜੋਕੇ ਦੌਰ ਵਿੱਚ ਕੋਈ ਮਹੱਤਤਾ ਨਹੀਂ ਹੁੰਦੀ। ਅਜਿਹੀਆਂ ਪੁਸਤਕਾਂ ਪੜ੍ਹ ਕੇ ਅੱਜ ਦੇ ਸਮੇਂ ਦੀਆਂ ਸਮਸਿਆਵਾਂ ਨੂੰ ਸੁਲਝਾਇਆ ਨਹੀਂ ਜਾ ਸਕਦਾ ਸਗੋਂ ਬਹੁਤੀ ਵਾਰੀ ਅਜਿਹੀਆਂ ਪੁਸਤਕਾਂ ਪੜ੍ਹ ਕੇ ਆਦਮੀ ਸਹੀ ਰਾਹ ਤੋਂ ਭਟਕ ਵੀ ਜਾਂਦਾ ਹੈ। ਸੋ ਜਰੂਰੀ ਹੈ ਕਿ ਨਾ ਸਿਰਫ ਚੰਗੀਆਂ ਕਿਤਾਬਾਂ ਹੀ ਪੜ੍ਹੀਆਂ ਜਾਣ ਸਗੋਂ ਉਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਸਹੀ ਜੀਵਨ ਸੇਧ ਵੀ ਅਪਣਾਈ ਜਾਵੇ।

1 comment:

Unknown said...

very good, Bahut he vadiya or bilkul sach likhya hai rajpal singh je ne.....Thanks for blog