Monday, January 08, 2007

ਪਰਵਾਜ਼ - ਸਾਹਿਤਕ ਗੀਤ ਅਤੇ ਗਜ਼ਲਾਂ - Audio CD - Punjabi Songs & Gazals



ਸ਼ਾਇਰੀ ਅਤੇ ਸੰਗੀਤ ਦੀ ਉੱਚੀ ਉਡਾਨ
ਸਿਆਣਿਆਂ ਦਾ ਕਹਿਣਾ ਹੈ - ਹਨੇਰੇ ਨੂੰ ਕੋਸਣ ਨਾਲੋਂ ਚੰਗਾ ਹੈ ਕਿ ਇੱਕ ਦੀਪ ਜਗਾ ਦਿੱਤਾ ਜਾਵੇ। ਜਾਪਦਾ ਹੈ ਇਸੇ ਗੱਲ ’ਤੇ ਅਮਲ ਕੀਤਾ ਹੈ ਸਮਾਜ-ਸੇਵੀ ਸੰਸਥਾ ਪੀਪਲਜ਼ ਫੋਰਮ ਬਰਗਾੜੀ ਨੇ ਸਾਹਿਤਕ ਗੀਤਾਂ ਅਤੇ ਗ਼ਜ਼ਲਾਂ ਦੀ ਸੀ.ਡੀ. ‘ਪਰਵਾਜ਼’ ਤਿਆਰ ਕਰ ਕੇ। ਇਸ ਵਿੱਚ ਸੁਲਤਾਨ ਬਾਹੂ ਤੋਂ ਸ਼ੁਰੂ ਕਰਕੇ ਸ਼ਿਵ ਕੁਮਾਰ, ਗੁਰਤੇਜ ਕੋਹਾਰਵਾਲਾ, ਵਿਜੇ ਵਿਵੇਕ, ਸੁਖਵਿੰਦਰ ਅੰਮ੍ਰਿਤ, ਸ਼ਬਦੀਸ਼, ਰਾਜਿੰਦਰਜੀਤ ਅਤੇ ਪ੍ਰਿੰਸ ਕੇ.ਜੇ. ਸਿੰਘ ਵਰਗੇ ਆਧੁਨਿਕ ਕਾਵਿ ਜਗਤ ਦੇ ਸਮਰੱਥ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਪੰਜਾਬੀ ਕਾਵਿ ਦੀਆਂ ਇਨ੍ਹਾਂ ਚੋਣਵੀਆਂ ਰਚਨਾਵਾਂ ਨੂੰ ਮੁੱਖ ਤੌਰ ’ਤੇ ਆਵਾਜ ਦਿੱਤੀ ਹੈ ਦੋ ਉਭਰ ਰਹੇ ਗਾਇਕਾਂ ਸਲੀਮ ਅਖ਼ਤਰ ਅਤੇ ਦਿਲਬਾਗ ਚਾਹਲ ਨੇ। ਇਨ੍ਹਾਂ ਤੋਂ ਬਿਨਾਂ ਦੋ ਸ਼ੌਂਕੀਆ ਗਾਇਕਾਂ ਪਰਮਿੰਦਰ ਬਰਾੜ ਅਤੇ ਦਰਸ਼ਨਜੀਤ ਨੇ ਆਪਣਾ ਵੱਖਰਾ ਰੰਗ ਬਿਖੇਰਿਆ ਹੈ।
ਉਂਜ ਇਸਤੋਂ ਪਹਿਲਾਂ ਵੀ ਕੁਝ ਸ਼ਾਇਰਾਂ (ਜਿਵੇਂ ਸੁਰਜੀਤ ਪਾਤਰ) ਵੱਲੋਂ ਆਪਣੀਆਂ ਰਚਨਾਵਾਂ ਨੂੰ ਆਪਣੀ ਆਪਣੀ ਆਵਾਜ ਵਿੱਚ ਰਿਕਾਰਡ ਕਰਵਾਕੇ ਕੈਸਿਟਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ, ਪਰ ਪੀਪਲਜ਼ ਫੋਰਮ ਨੇ ਇਸ ਸੀ. ਡੀ. ਵਿੱਚ ਇਹ ਕੁਝ ਨਵੇਂ ਅਤੇ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਕਈ ਵਾਰ ਇਕੋ ਸ਼ਾਇਰ ਦਾ ਕਲਾਮ ਇੱਕੋ ਆਵਾਜ ਵਿੱਚ ਪੇਸ਼ ਹੋਣ ਨਾਲ ਮੋਨੋਟਨੀ (monotony) ਪੈਦਾ ਹੋ ਜਾਂਦੀ ਹੈ ਜੋ ਸਰੋਤੇ ਲਈ ਉਕਤਾਹਟ ਦਾ ਕਾਰਣ ਬਣਦੀ ਹੈ। ਜਦ ਕਿ ਇਸ ਸੀ. ਡੀ. ਵਿੱਚ ਅੱਠ ਸ਼ਾਇਰਾਂ ਦੇ ਕਲਾਮ ਚਾਰ ਅਵਾਜਾਂ ਵਿੱਚ ਪੇਸ਼ ਹੋਣ ਨਾਲ ਬੜੀ ਰੌਚਿਕ ਵਿਵਧਿਤਾ ਬਣੀ ਹੈ। ਇੱਕ ਪਾਸੇ ਵਿਜੇ ਵਿਵੇਕ ਦੇ ਗੀਤ ਨੂੰ ਗਾਉਂਦਿਆਂ ਜਦ ਦਿਲਬਾਗ ਚਾਹਲ ਉੱਚੀ ਸੁਰ ਲਾਉਂਦਾ ਤੁਹਾਡੀ ਸੁਰਤ ਨੂੰ ਅੰਬਰਾਂ ਵੱਲ ਧੂਹ ਲਿਜਾਂਦਾ ਹੈ ਤਾਂ ਕੁਝ ਪਲ ਬਾਅਦ ਸਲੀਮ ਅਖ਼ਤਰ ਸ਼ਿਵ ਦੇ ਗੀਤ ‘ਕਬਰਾਂ ਉਡੀਕਦੀਆਂ’ ਗਾਉਂਦਾ ਹੋਇਆ ਆਪਣੀ ਮਿੱਠੀ ਸੁਰ ਨਾਲ ਤੁਹਾਨੂੰ ਮੁੜ ਧਰਤੀ ਨਾਲ ਇੱਕ ਮਿੱਕ ਕਰ ਦਿੰਦਾ ਹੈ।
ਇਸੇ ਤਰ੍ਹਾਂ ਸ਼ਾਇਰੀ ਵਿੱਚ ਖੂਬਸੂਰਤ ਵੰਨ-ਸੁਵਨੰਤਾ ਹੈ ਜੋ ਇਸਨੂੰ ਰੌਚਿਕ ਬਨਾਉਂਦੀ ਹੈ, ਇਸਦੇ ਨਾਲ ਹੀ ਰਚਨਾਵਾਂ ਦੀ ਚੋਣ ਇਸ ਤਰ੍ਹਾਂ ਕੀਤੀ ਹੋਈ ਹੈ ਕਿ ਭਾਵਾਂ ਅਤੇ ਅਹਿਸਾਸਾਂ ਵਿੱਚ ਇਕਸੁਰਤਾ ਸਾਰੀ ਸੀ.ਡੀ. ਦੇ ਪ੍ਰਭਾਵ ਨੂੰ ਡੂੰਘਾ ਕਰਦੀ ਚਲੀ ਜਾਂਦੀ ਹੈ। ਜਿਵੇਂ -
ਭਾਵੇਂ ਬੁੱਲ੍ਹਾਂ ’ਤੇ ਤਾਲਾ ਏ ਗੀਤ ਮੇਰੇ ਬੋਲ ਜਾਂਦੇ ਨੇ,
ਕਿ ਬਲਦੇ ਅੰਬਰੀਂ ਪੰਛੀ ਜਿਵੇਂ ਪਰ ਤੋਲ ਜਾਂਦੇ ਨੇ।

ਜਦ ਬੰਦਾ ਸਬਦੀਸ਼ ਦਾ ਇਹ ਸ਼ੇਅਰ ਸੁਣ ਕੇ ਮਾਨਸਿਕ ਬੁਲੰਦੀ ਦੇ ਅਹਿਸਾਸਾਂ ਸੰਗ ਵਿਚਰ ਰਿਹਾ ਹੁੰਦਾ ਹੈ ਤਾਂ ਇਸੇ ਅਹਿਸਾਸ ਨੂੰ ਸੁਖਵਿੰਦਰ ਅੰਮ੍ਰਿਤ ਦਾ ਇਹ ਸ਼ੇਅਰ ਹੋਰ ਉਚਾਈਆਂ ’ਤੇ ਲੈ ਜਾਂਦਾ ਹੈ :
ਉਹਦੇ ਖੰਭਾਂ ’ਚ ਕੈਂਚੀ ਫੇਰ ਕੇ ਨਿਸਚਿੰਤ ਨਾ ਹੋਇਓ,
ਉਹਦੇ ਸਾਹਾਂ ’ਚ ਪਰਵਾਜ਼ਾਂ ਨੇ ਉਹ ਤਾਂ ਉੱਡ ਹੀ ਜਾਵੇਗੀ।

ਇਵੇਂ ਹੀ ਜਦ ਨਦੀਆਂ ਦਾ ਪਿਆਸ ਨਾਲ ਮੇਲ ਹੁੰਦਾ ਹੈ ਤਾਂ ਕਦੇ ਰਾਜਿੰਦਰਜੀਤ ਦੇ ਸ਼ਬਦ ਸਲੀਮ ਦੇ ਸੁਰਾਂ ਵਿੱਚ ਇਉਂ ਤੈਰਦੇ ਹਨ -
ਨਦੀ ਉਛਲੇ ਬਹੁਤ, ਮੈਂ ਖੁਸ਼ ਵੀ ਹੁੰਦਾ ਹਾਂ
ਤੇ ਡਰਦਾ ਹਾਂ, ਬੁਝਾ ਜਾਵੇ ਨਾ ਮੈਨੂੰ ਹੀ, ਇਹ ਮੇਰੀ ਪਿਆਸ ਤੋਂ ਪਹਿਲਾਂ।

ਦੂਜੇ ਪਾਸੇ ਨਦੀ ਅਤੇ ਪਿਆਸ ਬਾਰੇ ਵਿਜੇ ਵਿਵੇਕ ਦੇ ਜਜ਼ਬਾਤ ਦਿਲਬਾਗ ਦੀ ਆਵਾਜ ਰਾਹੀਂ ਇਉਂ ਗੂੰਜਦੇ ਹਨ -
ਅਸਾਂ ਪੇਸ਼ ਨਦੀਆਂ ਕੀਤੀਆਂ, ਵੇ ਤੂੰ ਭਰ ਕੇ ਚੂਲੀਆਂ ਪੀਤੀਆਂ,
ਤੇਰੀ ਪਿਆਸ ਵਿੱਚ ਬਦਨੀਤੀਆਂ, ਵੇ ਡੁੱਬ ਜਾਣਿਆ।
ਜਦ ਕਿ ਗੁਰਤੇਜ ਕੋਹਾਰਵਾਲਾ ਦੇ ਸ਼ੇਅਰ ਇਸੇ ਗੱਲ ਨੂੰ ਆਪਣੇ ਵੱਖਰੇ ਰੰਗ ਵਿੱਚ ਇਉਂ ਕਹਿੰਦੇ ਹਨ -
ਔੜ ਏਦਾਂ ਹੀ ਜੇਕਰ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ,
ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦੇ, ਇਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ।
ਹਲਕੇ ਜਿਹੇ ਸੰਗੀਤ ਦੀਆਂ ਧੁਨਾਂ ਵਿੱਚ ਇਹੋ ਜਿਹੀਆਂ ਡੂੰਘੀਆਂ, ਪਿਆਰੀਆਂ ਅਤੇ ਦਿਲ ’ਚ ਲਹਿ ਜਾਣ ਵਾਲੀਆਂ ਗੱਲਾਂ ਕਦੇ ਕਦੇ ਹੀ ਸੁਣਨ ਨੂੰ ਮਿਲਦੀਆਂ ਹਨ। ਇਸ ਉਦਮ ਲਈ ਪੀਪਲਜ਼ ਫੋਰਮ ਅਤੇ ਇਸ ਪ੍ਰੋਜੈਕਟ ਦੇ ਸੂਤਰਧਾਰ ਖੁਸ਼ਵੰਤ ਬਰਗਾੜੀ ਅਤੇ ਗੁਰਜਿੰਦਰ ਮਾਹੀ ਵਧਾਈ ਦੇ ਪਾਤਰ ਹਨ।

No comments: