Monday, January 29, 2007

ਜਿੰਦਗੀ ਦਾ ਦੁਖਾਂਤ ਮਿਥੇ ਨਿਸ਼ਾਨੇ 'ਤੇ ਨਾ ਪਹੁੰਚਣ ਵਿੱਚ ਨਹੀਂ, ਸਗੋਂ ਕਿਸੇ ਨਿਸ਼ਾਨੇ ਤੋਂ ਸੱਖਣੇ ਹੋਣਾ ਹੈ

ਪੱਛਮੀ ਚਿੰਤਕ ਬੈਂਜਾਮਿਨ ਮੇਜ਼ ਦੇ ਇਹ ਵਿਚਾਰ ਸਫਲਤਾ ਅਸਫਲਤਾ ਦੇ ਚੱਕਰ ਤੋਂ ਉਪਰ ਉਠਕੇ ਜਿੰਦਗੀ ਨੂੰ ਸਾਰਥਿਕ ਬਨਾਉਣ ਦੀ ਸੇਧ ਦੇਣ ਵਾਲੇ ਹਨ। ਬਹੁਤ ਸਾਰੇ ਲੋਕ ਆਪਣੀ ਜਿੰਦਗੀ ਵਿੱਚ ਮਿਥੇ ਨਿਸ਼ਾਨੇ ਨੂੰ ਪੂਰਾ ਨਹੀਂ ਕਰ ਸਕਦੇ ਪਰ ਅਸਫਲਤਾ ਦੀ ਕਲਪਨਾ ਤੋਂ ਨਿਰਾਸ਼ ਹੋਕੇ ਕੋਈ ਨਿਸ਼ਾਨਾ ਹੀ ਨਾ ਰਖਿਆ ਜਾਵੇ ਇਹ ਸਭ ਤੋਂ ਮਾੜੀ ਗੱਲ ਹੈ। ਕੁਝ ਲੋਕ ਆਪਣੇ ਸਾਹਮਣੇ ਰੱਖੇ ਕਿਸੇ ਚੰਗੇ ਨਿਸ਼ਾਨੇ ਤੋਂ ਮੂੰਹ ਮੋੜ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਇਹ ਨਿਸ਼ਾਨਾ ਉਨ੍ਹਾਂ ਦੀ ਜਿੰਦਗੀ ਵਿੱਚ ਤਾਂ ਪੂਰਾ ਨਹੀਂ ਹੋ ਸਕਣਾ। ਅਸਲ ਗੱਲ ਤਾਂ ਇਹ ਹੈ ਕਿ ਮਨੁੱਖ ਨੇ ਜਿੰਦਗੀ ਦਾ ਨਿਸ਼ਾਨਾ ਜਿੰਨਾ ਉਚਾ ਰੱਖਿਆ ਹੋਵੇਗਾ ਉਨਾ ਹੀ ਉਸ ਤੱਕ ਪਹੁੰਚਣਾ ਮੁਸ਼ਕਿਲ ਹੋਵੇਗਾ। ਫਿਰ ਜੇ ਇੱਕ ਨਿਸ਼ਾਨਾ ਪੂਰਾ ਕਰ ਲੈਂਦੇ ਹਾਂ ਤਾਂ ਉਸਤੋਂ ਅੱਗੇ ਹੋਰ ਨਿਸ਼ਾਨੇ ਦਿਸ ਪੈਣਗੇ। ਜਿੰਦਗੀ ਪ੍ਰਾਪਤੀਆਂ ਅਤੇ ਅਪ੍ਰਾਪਤੀਆਂ ਦੀ ਅਮੁੱਕ ਦਾਸਤਾਨ ਹੈ। ਪਰ ਜੇ ਕਿਸੇ ਦੀ ਜਿੰਦਗੀ ਅੱਗੇ ਕੋਈ ਨਿਸ਼ਾਨਾ ਨਹੀਂ, ਕੋਈ ਸੁਫ਼ਨਾ ਨਹੀਂ ਤਾਂ ਉਸ ਦੇ ਜਿਉਂਈ ਜਾਣ ਦਾ ਕੀ ਅਰਥ ਹੈ। ਇਸੇ ਸਚਾਈ ਬਾਰੇ ਹੀ ਪਾਸ਼ ਨੇ ਆਪਣੀ ਮਸ਼ਹੂਰ ਕਵਿਤਾ 'ਸਭ ਤੋਂ ਖ਼ਤਰਨਾਕ' ਵਿੱਚ ਕਿਹਾ ਸੀ ਕਿ
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ

ਪਰ ਸਿਰਫ ਇਹ ਹੀ ਜਰੂਰੀ ਨਹੀਂ ਕਿ ਜਿੰਦਗੀ ਦਾ ਕੋਈ ਨਿਸ਼ਾਨਾ ਹੋਣਾ ਚਾਹੀਦਾ ਹੈ ਸਗੋਂ ਇਹ ਵੀ ਜਰੂਰੀ ਹੈ ਕਿ ਉਹ ਨਿਸ਼ਾਨਾ ਮੋੜਵੇਂ ਰੂਪ ਵਿੱਚ ਜਿੰਦਗੀ ਨੂੰ ਬਿਹਤਰ ਬਨਾਉਣ ਵਾਲਾ ਹੋਵੇ। ਸਾਡੇ ਵਿੱਚ ਇਹ ਯੋਗਤਾ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਗੱਲ ਦੀ ਪਹਿਚਾਣ ਕਰ ਸਕੀਏ ਕਿ ਸਾਡੇ ਵੱਲੋਂ ਮਿਥਿਆ ਗਿਆ ਨਿਸ਼ਾਨਾ ਠੀਕ ਹੈ ਜਾਂ ਗਲਤ ? ਕੀ ਉਹ ਕੋਰੀ ਕਲਪਨਾ ਤੇ ਹੀ ਆਧਾਰਿਤ ਹੈ ਜਾਂ ਉਸਦਾ ਕੋਈ ਅਸਲੀਅਤ ਨਾਲ ਵੀ ਸਬੰਧ ਹੈ ? ਮਾਰੂਥਲ ਵਿੱਚ ਹਵਾ ਦੀਆਂ ਗਰਮ ਤੈਹਾਂ ਕਾਰਨ ਦੂਰ ਪਾਣੀ ਦਾ ਭੁਲੇਖਾ ਪੈਂਦਾ ਹੈ ਜਿਸਨੂੰ ਮ੍ਰਿਗ ਅਸਲੀ ਨਿਸ਼ਾਨਾ ਮੰਨ ਕੇ ਉਸ ਵੱਲ ਦੌੜਦਾ ਹੈ ਅਤੇ ਦੌੜਦਾ ਦੌੜਦਾ ਆਪਣੀ ਜਿੰਦਗੀ ਖਤਮ ਕਰ ਲੈਂਦਾ ਹੈ। ਧਾਰਮਿਕ ਸੋਚ ਵੀ ਲੋਕਾਂ ਅੱਗੇ ਨਿਸ਼ਾਨਾ ਰਖਦੀ ਹੈ ਜੋ ਮਾਰੂਥਲ ਵਿਚਲੇ ਕਾਲਪਨਿਕ ਪਾਣੀ ਵਾਂਗ ਹੀ ਮਨੁੱਖ ਅੱਗੇ ਸਵਰਗ ਅਤੇ ਮੁਕਤੀ ਦੇ ਭੁਲੇਖੇ ਖੜ੍ਹੇ ਕਰਕੇ ਲੋਕਾਂ ਨੂੰ ਆਪਣੀ ਜਿੰਦਗੀ ਏਸ ਨਿਸ਼ਾਨੇ ਦੇ ਲੇਖੇ ਲਾਉਣ ਲਈ ਪ੍ਰੇਰਦੀ ਹੈ। ਪਰ ਅਜਿਹੇ ਨਿਸ਼ਾਨਿਆਂ ਦੀ ਮਨੁੱਖੀ ਜਿੰਦਗੀ ਲਈ ਕੋਈ ਸਾਰਥਿਕਤਾ ਨਹੀਂ ਬਣਦੀ।
ਇਸਦੇ ਮੁਕਾਬਲੇ ਲੱਖਾਂ ਲੋਕਾਂ ਨੇ ਮਨੁੱਖੀ ਜਿੰਦਗੀ ਨੂੰ ਬਿਹਤਰ ਬਨਾਉਣ, ਮਨੁੱਖੀ ਸਮਾਜ ਨੂੰ ਬਿਹਤਰ ਬਨਾਉਣ, ਆਪਣੇ ਆਲੇ ਦੁਆਲੇ ਨੂੰ ਬਿਹਤਰ ਬਨਾਉਣ ਦਾ ਨਿਸ਼ਾਨਾ ਮਿਥਿਆ। ਇਸ ਨਿਸ਼ਾਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸਾਂ, ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਕੀਤੇ ਗਏ ਕਾਰਜਾਂ, ਨੇ ਹੀ ਮਨੁੱਖੀ ਜਿੰਦਗੀ ਨੂੰ ਵਿਕਾਸ ਦੇ ਅਜੋਕੇ ਪੜਾਅ ਤੇ ਪਹੁੰਚਾਇਆ ਹੈ। ਜਿਹੜੇ ਨਿਸ਼ਾਨੇ ਵੱਡੇ ਅਤੇ ਉਚੇ ਹੁੰਦੇ ਹਨ ਉਨ੍ਹਾਂ ਲਈ ਇੱਕ ਵਿਅਕਤੀ ਦੀ ਜਿੰਦਗੀ ਕਾਫੀ ਨਹੀਂ ਹੁੰਦੀ, ਉਨ੍ਹਾਂ ਲਈ ਲੋਕਾਂ ਦੇ ਵੱਡੇ ਸਮੂਹ ਸੰਘਰਸ਼ ਕਰਦੇ ਹਨ, ਕਈ ਪੀੜ੍ਹੀਆਂ ਸੰਘਰਸ਼ ਕਰਦੀਆਂ ਹਨ, ਫਿਰ ਹੀ ਉਨ੍ਹਾਂ ਨਿਸ਼ਾਨਿਆਂ ਤੱਕ ਪਹੁੰਚਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਅੱਗੇ ਜਾਂ ਜਿਨ੍ਹਾਂ ਕੌਮਾਂ ਅੱਗੇ ਕੋਈ ਨਿਸ਼ਾਨਾ ਹੀ ਨਹੀਂ ਹੁੰਦਾ ਉਹ ਕੋਈ ਪ੍ਰਾਪਤੀ ਕਰਨ ਤੋਂ ਤਾਂ ਵਾਂਝੇ ਰਹਿੰਦੇ ਹੀ ਹਨ ਨਾਲ ਨਾਲ ਆਪਣੀ ਜਿੰਦਗੀ ਨੂੰ ਵੀ ਨਿਰਾਰਥਕ ਅਤੇ ਉਤਸ਼ਾਹਹੀਣ ਬਣਾ ਲੈਂਦੇ ਹਨ। ਇਸ ਸੰਦਰਭ ਵਿੱਚ ਇੱਕ ਹੋਰ ਸ਼ਾਇਰ ਦੀਆਂ ਅੱਗੇ ਦਿੱਤੀਆਂ ਸਤਰਾਂ ਵੀ ਬੜੀ ਖ਼ੂਬਸੂਰਤ ਗੱਲ ਕਹਿੰਦੀਆਂ ਹਨ -
ਏਕ ਮੰਜ਼ਿਲ ਕਾ ਪਾਨਾ ਹੀ ਮਕਸਦ ਨਹੀਂ,
ਚਲਤੇ ਰਹਿਨੇ ਕਾ ਕੁਛ ਔਰ ਭੀ ਹੈ ਸਬਬ।
ਹਮਕੋ ਮੰਜ਼ਿਲ ਅਗਰ ਨਾ ਮਿਲੇ ਨ ਸਹੀ,
ਕਮ-ਸ-ਕਮ ਰਾਸਤਾ ਤੋ ਸੰਵਰ ਜਾਏਗਾ।

Wednesday, January 10, 2007

ਪੰਚਾਇਤੀ ਪ੍ਰਬੰਧ ਦੀ ਕਾਰਗੁਜ਼ਾਰੀ ਦਾ ਇੱਕ ਸਰਵੇਖਣ

ਅੱਜ ਕੱਲ ਸੰਵਿਧਾਨਕ ਮਾਹਿਰਾਂ ਅਤੇ ਰਾਜਨੀਤਕ ਬੁੱਧੀਜੀਵੀਆਂ ਵੱਲੋਂ ਪੰਚਾਇਤੀ ਅਦਾਰਿਆਂ ਨੂੰ ਵੱਧ ਅਧਿਕਾਰ ਦੇਣ ਅਤੇ ਸ਼ਕਤੀਆਂ ਦੇ ਵਿਕੇਂਦਰੀਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ ਪਰ ਇਨ੍ਹਾਂ ਪੰਚਾਇਤੀ ਅਦਾਰਿਆਂ ਦੀ ਕਾਰਗੁਜਾਰੀ ਬਾਰੇ ਆਮ ਪੇਂਡੂ ਲੋਕ ਕੀ ਸੋਚਦੇ ਹਨ ਇਹ ਜਾਨਣ ਲਈ ਪੀਪਲਜ਼ ਫੋਰਮ ਪੰਜਾਬ ਦੇ ਬਰਗਾੜੀ ਕੇਂਦਰ ਵੱਲੋਂ ਫਰੀਦਕੋਟ ਜਿਲ੍ਹੇ ਦੇ 20 ਪਿੰਡਾਂ ਵਿਚੋਂ ਵੱਖ ਵੱਖ ਵਰਗਾਂ ਦੇ ਲੋਕਾਂ ਤੋਂ ਵਿਚਾਰ ਇਕੱਠੇ ਕੀਤੇ ਗਏ। ਪੰਚਾਇਤੀ ਪ੍ਰਬੰਧ ਸਬੰਧੀ ਪੁੱਛੇ ਗਏ ਸਵਾਲਾਂ ਦੇ ਜੋ ਜਵਾਬ ਪ੍ਰਾਪਤ ਹੋਏ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਤੋਂ ਕਿ ਪਤਾ ਚਲਦਾ ਹੈ ਕਿ ਮੌਜੂਦਾ ਪੰਚਾਇਤੀ ਪ੍ਰਬੰਧ ਤੋਂ ਪਿੰਡਾਂ ਵਿੱਚ ਰਹਿਣ ਵਾਲੀ ਜਨਤਾ ਦੀ ਵੱਡੀ ਬਹੁਗਿਣਤੀ ਸੰਤੁਸ਼ਟ ਨਹੀਂ ਹੈ। ਲੋਕਾਂ ਨੂੰ ਨਾ ਤਾਂ ਪੰਚਾਇਤਾਂ ਦੀ ਨਿਰਪੱਖਤਾ ’ਤੇ ਵਿਸ਼ਵਾਸ ਹੈ ਅਤੇ ਨਾ ਹੀ ਪੰਚਾਂ ਸਰਪੰਚਾਂ ਦੇ ਯੋਗ ਵਿਅਕਤੀ ਹੋਣ ਬਾਰੇ ਤਸੱਲੀ ਹੈ। ਪੰਚਾਇਤਾਂ ਵੱਲੋਂ ਫੰਡਾਂ ਤੇ ਗਰਾਂਟਾਂ ਦੇ ਖਰਚ ਵਿੱਚ ਵੀ ਕੋਈ ਪਾਰਦਰਸ਼ਤਾ ਨਹੀਂ ਦਿਖਾਈ ਜਾਂਦੀ। ਬਹੁਗਿਣਤੀ ਪੇਂਡੂ ਲੋਕ ਦੀ ਇਹ ਰਾਏ ਹੈ ਕਿ ਸਕੂਲਾਂ ਹਸਪਤਾਲਾਂ ਆਦਿ ਦਾ ਪ੍ਰਬੰਧ ਪੰਚਾਇਤਾਂ ਨੂੰ ਸੌਂਪੇ ਜਾਣ ਤੇ ਉਹ ਇਨ੍ਹਾਂ ਨੂੰ ਠੀਕ ਢੰਗ ਨਾਲ ਨਹੀਂ ਚਲਾ ਸਕਣਗੀਆਂ।
ਇੱਕ ਨੁਕਤਾ ਜਿਸਤੇ ਹਰ ਵਰਗ ਦੇ ਲੋਕ ਲੱਗਭੱਗ ਇੱਕਮਤ ਹਨ ਉਹ ਹੈ ਕਿ ਪੰਚਾਇਤ ਮੈਂਬਰ ਜਾਂ ਸਰਪੰਚ ਬਨਣ ਲਈ ਇੱਕ ਨਿਸਚਿਤ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ। 95 ਪ੍ਰਤੀਸ਼ਤ ਲੋਕਾਂ ਨੇ ਇਸਦਾ ਜਵਾਬ ਹਾਂ ਵਿੱਚ ਦਿੱਤਾ। ਪੰਚਾਇਤਾਂ ਬਨਾਉਣ ਦੇ ਅਮਲ ਸਬੰਧੀ ਇੱਕ ਹੋਰ ਨੁਕਤਾ ਜਿਸਤੇ ਵੱਡੀ ਬਹੁਗਿਣਤੀ ਦੀ ਸਹਿਮਤੀ ਹੈ ਉਹ ਇਹ ਹੈ ਕਿ ਪੰਚਾਇਤ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੂੰ ਦਖਲਅੰਦਾਜੀ ਨਹੀਂ ਕਰਨੀ ਚਾਹੀਦੀ। ਸਰਵੇ ਅਧੀਨ ਆਏ ਲੋਕਾਂ ਵਿਚੋਂ 85% ਨੇ ਪੰਚਾਇਤ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੀ ਦਖਲਅੰਦਾਜੀ ਦੇ ਖਿਲਾਫ ਫਤਵਾ ਦਿੱਤਾ। ਵੱਧ ਪੜ੍ਹੇ ਲਿਖੇ ਭਾਵ ਗਰੇਜੂਏਟ ਵਿਅਕਤੀਆਂ ਵਿਚੋਂ ਤਾਂ 9²2.5 % ਸਿਆਸੀ ਦਖਲਅੰਦਾਜੀ ਦੇ ਖਿਲਾਫ ਹਨ ਜਦ ਕਿ ਅਨਪੜ੍ਹ ਅਤੇ ਅੱਧਪੜ੍ਹ (ਦਸਵੀਂ ਤੋਂ ਘੱਟ) ਵਿੱਚ ਸਿਆਸੀ ਦਖਲਅੰਦਾਜੀ ਕਾਰਣ ਆਉਂਦੇ ਵਿਗਾੜਾਂ ਬਾਰੇ ਚੇਤਨਤਾ ਮੁਕਾਬਲਤਨ ਘੱਟ ਨਜ਼ਰ ਆਉਂਦੀ ਹੈ। ਇਸ ਵਰਗ ਵਿਚੋਂ 71 ਪ੍ਰਤੀਸ਼ਤ ਨੇ ਹੀ ਸਿਆਸੀ ਪਾਰਟੀਆਂ ਦੀ ਦਖਲਅੰਦਾਜੀ ਦੇ ਵਿਰੁੱਧ ਮੱਤ ਦਿੱਤਾ। 30 ਸਾਲ ਤੋਂ ਘੱਟ ਉਮਰ ਦਾ ਨੌਜਵਾਨ ਵਰਗ ਵੀ ਇਸ ਮਾਮਲੇ ਵਿੱਚ 89% ਰਾਵਾਂ ਉਲਟ ਦੇਕੇ ਵਧੇਰੇ ਸਪਸ਼ਟਤਾ ਨਾਲ ਵਿਰੋਧ ਕਰਦਾ ਜਦ ਕਿ 30 ਸਾਲ ਤੋਂ ਉਪਰ ਦੇ ਵਰਗ ਵਿੱਚ ਵਿਰੋਧ ਦੀ ਪ੍ਰਤੀਸ਼ਤਤਾ 83% ਹੈ ਅਤੇ ਇਸ ਵਰਗ ਨਾਲ ਸਬੰਧਿਤ 6% ਵਿਅਕਤੀਆਂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਅਸਮਰਥਤਾ ਪ੍ਰਗਟਾਈ।
ਇਨ੍ਹੀ ਦਿਨੀਂ ਚਰਚਾ ਦਾ ਮੁੱਦਾ ਬਣੇ ਵਿਸ਼ੇ ਕਿ ਸਕੂਲਾਂ, ਹਸਪਤਾਲਾਂ ਆਦਿ ਦਾ ਪ੍ਰਬੰਧ ਪੰਚਾਇਤਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ ਬਾਰੇ ਸਵਾਲ ਪੁੱਛਿਆ ਗਿਆ ਕਿ ਕੀ ਅਜਿਹਾ ਕਰ ਦੇਣ ਤੇ ਪੰਚਾਇਤਾਂ ਇਨ੍ਹਾਂ ਅਦਾਰਿਆਂ ਦਾ ਪ੍ਰਬੰਧ ਸਹੀ ਢੰਗ ਨਾਲ ਚਲਾ ਸਕਣਗੀਆਂ? ਇਸਦੇ ਜਵਾਬ ਵਿੱਚ ਕੇਵਲ 28 % ਨੇ ਹੀ ਹਾਂ ਵਿੱਚ ਜਵਾਬ ਦਿੱਤਾ ਅਤੇ ਪੜ੍ਹੇ ਲਿਖੇ ਵਰਗ ਵਿਚੋਂ ਤਾਂ ਕੇਵਲ 20 % ਹੀ ਇਸਦੇ ਹਾਮੀ ਸਨ। ਕੁੱਲ ਲੋਕਾਂ ਵਿਚੋਂ 12% ਨੇ ਕਿਹਾ ਕਿ ਉਹ ਇਸ ਮੁੱਦੇ ਬਾਰੇ ਅਗਾਊਂ ਕੁਝ ਵੀ ਕਹਿਣ ਤੋਂ ਅਸਮਰਥ ਹਨ ਜਦ ਕਿ 60% ਦਾ ਵਿਚਾਰ ਸੀ ਕਿ ਪੰਚਾਇਤੀ ਅਦਾਰੇ ਇਨ੍ਹਾਂ ਨੂੰ ਠੀਕ ਢੰਗ ਨਾਲ ਨਹੀਂ ਚਲਾ ਸਕਦੇ।
ਦਲਿਤਾਂ ਅਤੇ ਔਰਤਾਂ ਲਈ ਸਰਪੰਚੀ ਦੇ ਰਾਖਵੇਂਕਰਨ ਦੇ ਅਸਰਾਂ ਸਬੰਧੀ ਜਾਨਣ ਲਈ ਇਹ ਪੁੱਛਿਆ ਗਿਆ ਕਿ ਕੀ ਔਰਤਾਂ ਅਤੇ ਦਲਿਤ ਵਰਗ ਦੇ ਸਰਪੰਚ ਆਪਣੀ ਜਿੰਮੇਵਾਰੀ ਸਹੀ ਨਿਭਾ ਸਕੇ ਹਨ ? ਇਸ ਪ੍ਰਸ਼ਨ ਦੇ ਉਤਰ ਵਿੱਚ 67 % ਵਿਅਕਤੀਆਂ ਦਾ ਜਵਾਬ ਨਾਂਹ ਵਿੱਚ ਸੀ। ਕੇਵਲ 20% ਨੇ ਕਿਹਾ ਕਿ ਨਿਭਾ ਸਕੇ ਹਨ ਜਦ ਕਿ 13% ਇਸ ਬਾਰੇ ਕੁਝ ਕਹਿਣ ਤੋਂ ਅਸਮਰਥ ਰਹੇ। ਕੁੱਲ ਮਿਲਾ ਕੇ ਬਹੁਗਿਣਤੀ ਨੂੰ ਰਾਖਵੇਂਕਰਨ ਅਧੀਨ ਬਣੇ ਆਗੂਆਂ ਦੀ ਕਾਰਗੁਜ਼ਾਰੀ ਤੇ ਤਸੱਲੀ ਨਹੀਂ ਸੀ। ਇਸ ਪ੍ਰਸ਼ਨ ਦੇ ਜਵਾਬ ਵਿੱਚ ਔਰਤਾਂ ਦਾ ਪ੍ਰਤੀਕਰਮ ਕੁਝ ਵੱਖਰਾ ਸੀ। ਔਰਤਾਂ ਵਿਚੋਂ ਨਾਂਹ ਵਿੱਚ ਜਵਾਬ ਦੇਣ ਵਾਲੀਆਂ ਦੀ ਪ੍ਰਤੀਸ਼ਤ ਕਾਫੀ ਘੱਟ 57% ਹੀ ਸੀ। ਇਸ ਮਸਲੇ ਬਾਰੇ ਦਲਿਤ ਵਰਗ ਨਾਲ ਸਬੰਧਿਤ ਜਿਲ੍ਹਾ ਪ੍ਰੀਸ਼ਦ ਦੇ ਇੱਕ ਅਹੁਦੇਦਾਰ ਦੀ ਟਿੱਪਣੀ ਸੀ ਕਿ ਸਿਆਸੀ ਪਾਰਟੀਆਂ ਵੱਲੋਂ ਆਮ ਕਰਕੇ ਦਲਿਤ ਜਾਂ ਔਰਤਾਂ ਦੇ ਵਰਗ ਵਿਚੋਂ ਅਜਿਹੇ ਨੁਮਾਇੰਦੇ ਅੱਗੇ ਲਿਆਂਦੇ ਜਾਂਦੇ ਹਨ ਜੋ ਉਨ੍ਹਾਂ ਦੀ ਕੱਠਪੁਤਲੀ ਬਣਕੇ ਰਹਿਣ ਜਿਸ ਕਰਕੇ ਇਨ੍ਹਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ ਰਹਿੰਦੀ।
ਪੰਚਾਇਤਾਂ ਦੁਆਰਾ ਗਰਾਂਟਾਂ ਦੀ ਠੀਕ ਵਰਤੋਂ ਹੋਣ ਬਾਰੇ ਵੀ ਆਮ ਲੋਕਾਂ ਦਾ ਪ੍ਰਭਾਵ ਨਾਂਹਪੱਖੀ ਹੀ ਹੈ। ਲੱਗਭੱਗ ਅੱਧੇ ਵਿਅਕਤੀਆਂ (49%) ਦਾ ਤਾਂ ਸਪਸ਼ਟ ਹੀ ਨਿਰਣਾ ਸੀ ਕਿ ਗਰਾਂਟਾਂ ਠੀਕ ਢੰਗ ਨਾਲ ਨਹੀਂ ਵਰਤੀਆਂ ਜਾਂਦੀਆਂ ਜਦ ਕਿ 27% ਨੇ ਇਨ੍ਹਾਂ ਦੀ ਵਰਤੋਂ ਠੀਕ ਹੋਣ ਬਾਰੇ ਭਰੋਸਾ ਪ੍ਰਗਟਾਇਆ। ਸਰਵੇਖਣ ਦੌਰਾਨ ਇਸ ਮਸਲੇ ਬਾਰੇ ਇੱਕ ਹੋਰ ਨੁਕਤਾ ਸਾਹਮਣੇ ਆਇਆ ਕਿ ਪੇਂਡੂ ਲੋਕਾਂ ਦੀ ਕਾਫੀ ਗਿਣਤੀ ਗਰਾਂਟਾਂ ਦੀ ਵਰਤੋਂ ਬਾਰੇ ਭੰਬਲਭੂਸੇ ਵਿੱਚ ਹੀ ਹੈ ਕਿਉਂਕਿ 24% ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ। ਔਰਤਾਂ ਵਿਚੋਂ ਤਾਂ 47% ਨੇ ਇਸ ਸਵਾਲ ਦੇ ਪ੍ਰਤੀਕਰਮ ਵਿੱਚ ‘ ਕਹਿ ਨਹੀਂ ਸਕਦੀ ’ ਤੇ ਨਿਸ਼ਾਨੀ ਲਗਾਈ। ਹੋਰ ਕਿਸੇ ਵੀ ਸਵਾਲ ਦੇ ਪ੍ਰਤੀਕਰਮ ਵਿੱਚ ਸਪਸ਼ਟ ਜਵਾਬ ਨਾ ਦੇਣ ਵਾਲਿਆਂ ਗਿਣਤੀ ਐਨੀ ਜਿਆਦਾ ਨਹੀਂ ਹੈ। ਇਸ ਤੋਂ ਪਤਾ ਚਲਦਾ ਹੈ ਕਿ ਆਮ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਕਿ ਕਿੰਨੀ ਗਰਾਂਟ ਮਿਲੀ, ਕਿੰਨੀ ਹੋਰ ਆਮਦਨ ਹੋਈ ਅਤੇ ਉਹ ਕਿਥੇ ਅਤੇ ਕਿਵੇਂ ਵਰਤੀ ਗਈ ਜਦ ਕਿ ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਪੰਚਾਇਤਾਂ ਵਰਗੇ ਹੇਠਲੇ ਅਦਾਰਿਆਂ ਦੇ ਹਿਸਾਬ ਕਿਤਾਬ ਵਿੱਚ ਵਧੇਰੇ ਪਾਰਦਰਸ਼ਤਾ ਹੁੰਦੀ ਹੈ ਕਿਉਂਕਿ ਉਹ ਲੋਕਾਂ ਦੀ ਸਿੱਧੀ ਨਿਗ੍ਹਾ ਹੇਠ ਹੁੰਦੇ ਹਨ, ਪਰ ਇਸ ਸਰਵੇਖਣ ਨੇ ਇਹ ਗੱਲ ਝੁਠਲਾ ਦਿੱਤੀ।
ਕੀ ਪੰਚਾਇਤ ਚੋਣਾਂ ਵਿੱਚ ਚੁਣੇ ਗਏ ਪੰਚ ਜਾਂ ਸਰਪੰਚ ਯੋਗ ਵਿਅਕਤੀ ਹੁੰਦੇ ਹਨ ਇਸਦੇ ਜਵਾਬ ਵਿੱਚ ਵੀ ਕੇਵਲ ਇੱਕ ਤਿਹਾਈ (33%) ਹੀ ਇਹ ਸਮਝਦੇ ਹਨ ਕਿ ਪਿੰਡ ਦੇ ਇਹ ਆਗੂ ਯੋਗ ਵਿਅਕਤੀ ਹੁੰਦੇ ਹਨ। 49% ਅਨੁਸਾਰ ਇਹ ਯੋਗ ਨਹੀਂ ਹੁੰਦੇ ਜਦ ਕਿ 18% ਨੇ ਇਨ੍ਹਾਂ ਦੀ ਕਾਬਲੀਅਤ ੳਤੇ ਕੋਈ ਟਿੱਪਣੀ ਕਰਨੀ ਮੁਨਾਸਿਬ ਨਹੀਂ ਸਮਝੀ। ਇਸਤੋਂ ਪਤਾ ਚਲਦਾ ਹੈ ਕਿ ਬਹੁਤੇ ਲੋਕਾਂ ਨੂੰ ਇਨ੍ਹਾਂ ਦੀ ਯੋਗਤਾ ’ਤੇ ਭਰੋਸਾ ਨਹੀਂ ਹੁੰਦਾ। ਬਹੁਗਿਣਤੀ ਪੇਂਡੂ ਜਨਤਾ ਨੂੰ ਪੰਚਾਇਤਾਂ ਦੀ ਨਿਰਪੱਖਤਾ ਉਤੇ ਵੀ ਭਰੋਸਾ ਨਹੀਂ ਹੈ ਕਿਉਂਕਿ ਇਸ ਸਵਾਲ ਦੇ ਜਵਾਬ ਵਿੱਚ ਕਿ ਕੀ ਪੰਚਾਇਤਾਂ ਪਿੰਡ ਵਿਚਲੇ ਝਗੜਿਆਂ ਦਾ ਨਿਪਟਾਰਾ ਨਿਰਪੱਖਤਾ ਨਾਲ ਕਰਦੀਆਂ ਹਨ, 60% ਦਾ ਜਵਾਬ ਨਾਂਹ ਵਿੱਚ ਸੀ, ਕੇਵਲ 26% ਨੂੰ ਇਨ੍ਹਾਂ ਦੀ ਨਿਰਪੱਖਤਾ ਤੇ ਵਿਸ਼ਵਾਸ ਹੈ ਜਦ ਕਿ 14% ਨੇ ਇਸ ਬਾਰੇ ਕੋਈ ਨਿਰਣਾ ਨਹੀਂ ਦਿੱਤਾ। ਇਸ ਮਾਮਲੇ ਵਿੱਚ ਪੇਂਡੂ ਔਰਤਾਂ ਦੀ ਰਾਏ ਇੱਕ ਦਮ ਉਲਟ ਹੈ, 68% ਔਰਤਾਂ ਦੀ ਨਿਗ੍ਹਾ ਵਿੱਚ ਪੰਚਾਇਤਾਂ ਨਿਰਪੱਖ ਹੁੰਦੀਆਂ ਹਨ। (ਸ਼ਾਇਦ ਝਗੜਿਆਂ ਦੇ ਨਿਪਟਾਰੇ ਦੌਰਾਨ ਔਰਤਾਂ ਦਾ ਵਾਹ ਪੰਚਾਇਤਾਂ ਨਾਲ ਘੱਟ ਪੈਂਦਾ ਹੈ।) ਇਸ ਤੋਂ ਪਤਾ ਚਲਦਾ ਹੈ ਕਿ ਪੰਚਾਇਤਾਂ ਆਮ ਪੇਂਡੂ ਲੋਕਾਂ ਲਈ ਰੱਬ ਦਾ ਰੂਪ ਨਹੀਂ ਹਨ।
53% ਵਿਅਕਤੀ ਇਹ ਸਮਝਦੇ ਹਨ ਕਿ ਪੰਚਾਇਤਾਂ ਕੋਲ ਪਿੰਡਾਂ ਦਾ ਪ੍ਰਬੰਧ ਸਹੀ ਢੰਗ ਨਾਲ ਚਲਾਉਣ ਲਈ ਲੋੜੀਂਦੇ ਅਧਿਕਾਰ ਨਹੀਂ ਹਨ ਜਦ ਕਿ 34 ਪ੍ਰਤੀਸ਼ਤ ਲੋਕਾਂ ਦੀ ਰਾਏ ਵਿੱਚ ਲੋੜੀਂਦੇ ਅਧਿਕਾਰ ਹਨ। 13% ਲੋਕਾਂ ਦੀ ਇਸ ਮਸਲੇ ਬਾਰੇ ਕੋਈ ਸਪਸ਼ਟ ਰਾਏ ਨਹੀਂ ਹੈ। ਪੜ੍ਹੇ ਲਿਖੇ ਵਿਅਕਤੀ ਅਧਿਕਾਰਾਂ ਦੀ ਘਾਟ ਬਾਰੇ ਵਧੇਰੇ ਚੇਤੰਨ ਹਨ, ਗਰੇਜੂਏਟ ਪੇਂਡੂ ਵਿਅਕਤੀਆਂ ਵਿਚੋਂ 77.5% ਨੇ ਕਿਹਾ ਪੰਚਾਇਤਾਂ ਕੋਲ ਲੋੜੀਂਦੇ ਅਧਿਕਾਰ ਨਹੀਂ ਹਨ ਜਦ ਕਿ ਅਨਪੜ੍ਹ ਜਾਂ ਅੱਧਪੜ੍ਹ ਵਿਅਕਤੀਆਂ ਵਿਚੋਂ 37% ਨੂੰ ਹੀ ਅਧਿਕਾਰਾਂ ਦੀ ਘਾਟ ਮਹਿਸੂਸ ਹੋਈ।
ਪੰਚਾਂ ਸਰਪੰਚਾਂ ਦੀ ਯੋਗਤਾ ਅਤੇ ਨਿਰਪੱਖਤਾ ਬਾਰੇ ਬਹੁਗਿਣਤੀ ਵੱਲੋਂ ਕਿੰਤੂ ਕੀਤੇ ਜਾਣ ਦੇ ਬਾਵਜੂਦ 51% ਵਿਅਕਤੀ ਇਹ ਸਮਝਦੇ ਹਨ ਕਿ ਪੰਚਾਇਤਾਂ ਪਿੰਡਾਂ ਦੀਆਂ ਸਮਸਿਆਵਾਂ ਹੱਲ ਕਰਨ ਦੇ ਸਮਰੱਥ ਹਨ। ਭਾਵ ਪੇਂਡੂ ਲੋਕਾਂ ਦਾ ਪੰਚਾਇਤਾਂ ਦੇ ਮੁੱਖ ਆਗੂ ਬੰਦਿਆਂ ਦੀ ਕਾਰਗੁਜਾਰੀ ਤੋਂ ਅਸਤੁੰਸ਼ਟ ਹੋਣ ਦੇ ਬਾਵਜੂਦ ਅੱਧ ਤੋਂ ਥੋੜ੍ਹੇ ਜਿਹੇ ਵੱਧ ਵਿਅਕਤੀਆਂ ਦਾ ਪੰਚਾਇਤੀ ਅਦਾਰਿਆਂ ਦੀ ਸਮਰੱਥਾ ਉਤੇ ਭਰੋਸਾ ਕਾਇਮ ਹੈ। ਪਰ ਇਹ ਬਹੁਗਿਣਤੀ ਬਹੁਤ ਮਾਮੂਲੀ ਹੈ ਅਤੇ ਜੇ ਪੰਚਾਇਤੀ ਪ੍ਰਬੰਧ ਨੂੰ ਸੁਧਾਰਿਆ ਨਹੀਂ ਜਾਂਦਾ ਤਾਂ ਬਹੁਤ ਥੋੜ੍ਹੇ ਲੋਕਾਂ ਨੂੰ ਇਨ੍ਹਾਂ ਅਦਾਰਿਆਂ ’ਤੇ ਭਰੋਸਾ ਰਹਿ ਜਾਵੇਗਾ।
ਕੁੱਲ ਮਿਲਾਕੇ ਸਰਵੇਖਣ ਵਿਚੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਪੰਚਾਇਤਾਂ ਵਰਗੇ ਅਹਿਮ ਅਦਾਰਿਆਂ ਦੀ ਕਾਰਗੁਜ਼ਾਰੀ ਵਿੱਚ ਫੌਰੀ ਤੌਰ ਤੇ ਵੱਡੇ ਸੁਧਾਰ ਕਰਨ ਦੀ ਲੋੜ ਹੈ ਨਹੀਂ ਤਾਂ ਇਹ ਪੇਂਡੂ ਲੋਕਾਂ ਵਿੱਚ ਆਪਣੀ ਰਹੀ ਸਹੀ ਪੜ੍ਹਤ ਵੀ ਗੁਆ ਲੈਣਗੇ। ਪੰਚਾਇਤੀ ਚੋਣਾਂ ਨੂੰ ਸਿਆਸੀ ਪੌੜੀ ਦਾ ਡੰਡਾ ਸਮਝਣ ਦੀ ਬਜਾਏ ਲੋਕ ਸੇਵਾ ਲਈ ਅੱਗੇ ਆਉਣ ਦਾ ਮੌਕਾ ਬਨਾਉਣਾ ਚਾਹੀਦਾ ਹੈ। ਸਿਆਸੀ ਖਹਿਬਾਜੀ ਦੀ ਥਾਂ ਭਾਈਚਾਰਕ ਵਰਤਾਰੇ ਦਾ ਮਹੌਲ ਬਨਾਉਣ ਦੀ ਲੋੜ ਹੈ। ਇਹ ਤਾਂ ਹੀ ਹੋ ਸਕਦਾ ਜੇ ਸਰਵੇਖਣ ਅਧੀਨ ਆਈ ਰਾਏ ਅਨੁਸਾਰ ਸਿਆਸੀ ਪਾਰਟੀਆਂ ਪੰਚਾਇਤ ਚੋਣਾਂ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕਰਨ। ਪੰਚਾਂ ਸਰਪੰਚਾਂ ਦੀ ਘੱਟੋ ਘੱਟ ਵਿਦਿਅਕ ਯੋਗਤਾ ਨਿਸਚਿਤ ਕਰਨਾ ਵੀ ਇਨ੍ਹਾਂ ਅਦਾਰਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆ ਸਕਦਾ ਹੈ। ਪੰਚਾਇਤਾਂ ਦੇ ਆਮਦਨ ਖਰਚ ਨੂੰ ਪਿੰਡਾਂ ਦੀ ਆਮ ਜਨਤਾ ਅੱਗੇ ਨਿਯਮਤ ਰੂਪ ਵਿੱਚ ਪੇਸ਼ ਕਰਨਾ ਚਾਹੀਦਾ ਹੈ ਤਾਂ ਜੋ ਇਸ ਵਿੱਚ ਪਾਰਦਰਸ਼ਤਾ ਆ ਸਕੇ। ਪੰਚਾਇਤੀ ਅਦਾਰਿਆਂ ਨੂੰ ਵੱਡੀਆਂ ਜਿਮੇਵਾਰੀਆਂ ਸੌਂਪਣ ਤੋਂ ਪਹਿਲਾਂ ਇਨ੍ਹਾਂ ਦੇ ਅਧਿਕਾਰਾਂ ਵਿੱਚ ਵਾਧਾ ਅਤੇ ਚੇਤਨਾ ਪੱਧਰ ਉੱਚਾ ਚੁੱਕੇ ਜਾਣ ਦੀ ਲੋੜ ਹੈ।
ਰਾਜਪਾਲ ਸਿੰਘ, ਖੁਸ਼ਵੰਤ ਬਰਗਾੜੀ

Monday, January 08, 2007

ਪਰਵਾਜ਼ - ਸਾਹਿਤਕ ਗੀਤ ਅਤੇ ਗਜ਼ਲਾਂ - Audio CD - Punjabi Songs & Gazals



ਸ਼ਾਇਰੀ ਅਤੇ ਸੰਗੀਤ ਦੀ ਉੱਚੀ ਉਡਾਨ
ਸਿਆਣਿਆਂ ਦਾ ਕਹਿਣਾ ਹੈ - ਹਨੇਰੇ ਨੂੰ ਕੋਸਣ ਨਾਲੋਂ ਚੰਗਾ ਹੈ ਕਿ ਇੱਕ ਦੀਪ ਜਗਾ ਦਿੱਤਾ ਜਾਵੇ। ਜਾਪਦਾ ਹੈ ਇਸੇ ਗੱਲ ’ਤੇ ਅਮਲ ਕੀਤਾ ਹੈ ਸਮਾਜ-ਸੇਵੀ ਸੰਸਥਾ ਪੀਪਲਜ਼ ਫੋਰਮ ਬਰਗਾੜੀ ਨੇ ਸਾਹਿਤਕ ਗੀਤਾਂ ਅਤੇ ਗ਼ਜ਼ਲਾਂ ਦੀ ਸੀ.ਡੀ. ‘ਪਰਵਾਜ਼’ ਤਿਆਰ ਕਰ ਕੇ। ਇਸ ਵਿੱਚ ਸੁਲਤਾਨ ਬਾਹੂ ਤੋਂ ਸ਼ੁਰੂ ਕਰਕੇ ਸ਼ਿਵ ਕੁਮਾਰ, ਗੁਰਤੇਜ ਕੋਹਾਰਵਾਲਾ, ਵਿਜੇ ਵਿਵੇਕ, ਸੁਖਵਿੰਦਰ ਅੰਮ੍ਰਿਤ, ਸ਼ਬਦੀਸ਼, ਰਾਜਿੰਦਰਜੀਤ ਅਤੇ ਪ੍ਰਿੰਸ ਕੇ.ਜੇ. ਸਿੰਘ ਵਰਗੇ ਆਧੁਨਿਕ ਕਾਵਿ ਜਗਤ ਦੇ ਸਮਰੱਥ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਪੰਜਾਬੀ ਕਾਵਿ ਦੀਆਂ ਇਨ੍ਹਾਂ ਚੋਣਵੀਆਂ ਰਚਨਾਵਾਂ ਨੂੰ ਮੁੱਖ ਤੌਰ ’ਤੇ ਆਵਾਜ ਦਿੱਤੀ ਹੈ ਦੋ ਉਭਰ ਰਹੇ ਗਾਇਕਾਂ ਸਲੀਮ ਅਖ਼ਤਰ ਅਤੇ ਦਿਲਬਾਗ ਚਾਹਲ ਨੇ। ਇਨ੍ਹਾਂ ਤੋਂ ਬਿਨਾਂ ਦੋ ਸ਼ੌਂਕੀਆ ਗਾਇਕਾਂ ਪਰਮਿੰਦਰ ਬਰਾੜ ਅਤੇ ਦਰਸ਼ਨਜੀਤ ਨੇ ਆਪਣਾ ਵੱਖਰਾ ਰੰਗ ਬਿਖੇਰਿਆ ਹੈ।
ਉਂਜ ਇਸਤੋਂ ਪਹਿਲਾਂ ਵੀ ਕੁਝ ਸ਼ਾਇਰਾਂ (ਜਿਵੇਂ ਸੁਰਜੀਤ ਪਾਤਰ) ਵੱਲੋਂ ਆਪਣੀਆਂ ਰਚਨਾਵਾਂ ਨੂੰ ਆਪਣੀ ਆਪਣੀ ਆਵਾਜ ਵਿੱਚ ਰਿਕਾਰਡ ਕਰਵਾਕੇ ਕੈਸਿਟਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ, ਪਰ ਪੀਪਲਜ਼ ਫੋਰਮ ਨੇ ਇਸ ਸੀ. ਡੀ. ਵਿੱਚ ਇਹ ਕੁਝ ਨਵੇਂ ਅਤੇ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਕਈ ਵਾਰ ਇਕੋ ਸ਼ਾਇਰ ਦਾ ਕਲਾਮ ਇੱਕੋ ਆਵਾਜ ਵਿੱਚ ਪੇਸ਼ ਹੋਣ ਨਾਲ ਮੋਨੋਟਨੀ (monotony) ਪੈਦਾ ਹੋ ਜਾਂਦੀ ਹੈ ਜੋ ਸਰੋਤੇ ਲਈ ਉਕਤਾਹਟ ਦਾ ਕਾਰਣ ਬਣਦੀ ਹੈ। ਜਦ ਕਿ ਇਸ ਸੀ. ਡੀ. ਵਿੱਚ ਅੱਠ ਸ਼ਾਇਰਾਂ ਦੇ ਕਲਾਮ ਚਾਰ ਅਵਾਜਾਂ ਵਿੱਚ ਪੇਸ਼ ਹੋਣ ਨਾਲ ਬੜੀ ਰੌਚਿਕ ਵਿਵਧਿਤਾ ਬਣੀ ਹੈ। ਇੱਕ ਪਾਸੇ ਵਿਜੇ ਵਿਵੇਕ ਦੇ ਗੀਤ ਨੂੰ ਗਾਉਂਦਿਆਂ ਜਦ ਦਿਲਬਾਗ ਚਾਹਲ ਉੱਚੀ ਸੁਰ ਲਾਉਂਦਾ ਤੁਹਾਡੀ ਸੁਰਤ ਨੂੰ ਅੰਬਰਾਂ ਵੱਲ ਧੂਹ ਲਿਜਾਂਦਾ ਹੈ ਤਾਂ ਕੁਝ ਪਲ ਬਾਅਦ ਸਲੀਮ ਅਖ਼ਤਰ ਸ਼ਿਵ ਦੇ ਗੀਤ ‘ਕਬਰਾਂ ਉਡੀਕਦੀਆਂ’ ਗਾਉਂਦਾ ਹੋਇਆ ਆਪਣੀ ਮਿੱਠੀ ਸੁਰ ਨਾਲ ਤੁਹਾਨੂੰ ਮੁੜ ਧਰਤੀ ਨਾਲ ਇੱਕ ਮਿੱਕ ਕਰ ਦਿੰਦਾ ਹੈ।
ਇਸੇ ਤਰ੍ਹਾਂ ਸ਼ਾਇਰੀ ਵਿੱਚ ਖੂਬਸੂਰਤ ਵੰਨ-ਸੁਵਨੰਤਾ ਹੈ ਜੋ ਇਸਨੂੰ ਰੌਚਿਕ ਬਨਾਉਂਦੀ ਹੈ, ਇਸਦੇ ਨਾਲ ਹੀ ਰਚਨਾਵਾਂ ਦੀ ਚੋਣ ਇਸ ਤਰ੍ਹਾਂ ਕੀਤੀ ਹੋਈ ਹੈ ਕਿ ਭਾਵਾਂ ਅਤੇ ਅਹਿਸਾਸਾਂ ਵਿੱਚ ਇਕਸੁਰਤਾ ਸਾਰੀ ਸੀ.ਡੀ. ਦੇ ਪ੍ਰਭਾਵ ਨੂੰ ਡੂੰਘਾ ਕਰਦੀ ਚਲੀ ਜਾਂਦੀ ਹੈ। ਜਿਵੇਂ -
ਭਾਵੇਂ ਬੁੱਲ੍ਹਾਂ ’ਤੇ ਤਾਲਾ ਏ ਗੀਤ ਮੇਰੇ ਬੋਲ ਜਾਂਦੇ ਨੇ,
ਕਿ ਬਲਦੇ ਅੰਬਰੀਂ ਪੰਛੀ ਜਿਵੇਂ ਪਰ ਤੋਲ ਜਾਂਦੇ ਨੇ।

ਜਦ ਬੰਦਾ ਸਬਦੀਸ਼ ਦਾ ਇਹ ਸ਼ੇਅਰ ਸੁਣ ਕੇ ਮਾਨਸਿਕ ਬੁਲੰਦੀ ਦੇ ਅਹਿਸਾਸਾਂ ਸੰਗ ਵਿਚਰ ਰਿਹਾ ਹੁੰਦਾ ਹੈ ਤਾਂ ਇਸੇ ਅਹਿਸਾਸ ਨੂੰ ਸੁਖਵਿੰਦਰ ਅੰਮ੍ਰਿਤ ਦਾ ਇਹ ਸ਼ੇਅਰ ਹੋਰ ਉਚਾਈਆਂ ’ਤੇ ਲੈ ਜਾਂਦਾ ਹੈ :
ਉਹਦੇ ਖੰਭਾਂ ’ਚ ਕੈਂਚੀ ਫੇਰ ਕੇ ਨਿਸਚਿੰਤ ਨਾ ਹੋਇਓ,
ਉਹਦੇ ਸਾਹਾਂ ’ਚ ਪਰਵਾਜ਼ਾਂ ਨੇ ਉਹ ਤਾਂ ਉੱਡ ਹੀ ਜਾਵੇਗੀ।

ਇਵੇਂ ਹੀ ਜਦ ਨਦੀਆਂ ਦਾ ਪਿਆਸ ਨਾਲ ਮੇਲ ਹੁੰਦਾ ਹੈ ਤਾਂ ਕਦੇ ਰਾਜਿੰਦਰਜੀਤ ਦੇ ਸ਼ਬਦ ਸਲੀਮ ਦੇ ਸੁਰਾਂ ਵਿੱਚ ਇਉਂ ਤੈਰਦੇ ਹਨ -
ਨਦੀ ਉਛਲੇ ਬਹੁਤ, ਮੈਂ ਖੁਸ਼ ਵੀ ਹੁੰਦਾ ਹਾਂ
ਤੇ ਡਰਦਾ ਹਾਂ, ਬੁਝਾ ਜਾਵੇ ਨਾ ਮੈਨੂੰ ਹੀ, ਇਹ ਮੇਰੀ ਪਿਆਸ ਤੋਂ ਪਹਿਲਾਂ।

ਦੂਜੇ ਪਾਸੇ ਨਦੀ ਅਤੇ ਪਿਆਸ ਬਾਰੇ ਵਿਜੇ ਵਿਵੇਕ ਦੇ ਜਜ਼ਬਾਤ ਦਿਲਬਾਗ ਦੀ ਆਵਾਜ ਰਾਹੀਂ ਇਉਂ ਗੂੰਜਦੇ ਹਨ -
ਅਸਾਂ ਪੇਸ਼ ਨਦੀਆਂ ਕੀਤੀਆਂ, ਵੇ ਤੂੰ ਭਰ ਕੇ ਚੂਲੀਆਂ ਪੀਤੀਆਂ,
ਤੇਰੀ ਪਿਆਸ ਵਿੱਚ ਬਦਨੀਤੀਆਂ, ਵੇ ਡੁੱਬ ਜਾਣਿਆ।
ਜਦ ਕਿ ਗੁਰਤੇਜ ਕੋਹਾਰਵਾਲਾ ਦੇ ਸ਼ੇਅਰ ਇਸੇ ਗੱਲ ਨੂੰ ਆਪਣੇ ਵੱਖਰੇ ਰੰਗ ਵਿੱਚ ਇਉਂ ਕਹਿੰਦੇ ਹਨ -
ਔੜ ਏਦਾਂ ਹੀ ਜੇਕਰ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ,
ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦੇ, ਇਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ।
ਹਲਕੇ ਜਿਹੇ ਸੰਗੀਤ ਦੀਆਂ ਧੁਨਾਂ ਵਿੱਚ ਇਹੋ ਜਿਹੀਆਂ ਡੂੰਘੀਆਂ, ਪਿਆਰੀਆਂ ਅਤੇ ਦਿਲ ’ਚ ਲਹਿ ਜਾਣ ਵਾਲੀਆਂ ਗੱਲਾਂ ਕਦੇ ਕਦੇ ਹੀ ਸੁਣਨ ਨੂੰ ਮਿਲਦੀਆਂ ਹਨ। ਇਸ ਉਦਮ ਲਈ ਪੀਪਲਜ਼ ਫੋਰਮ ਅਤੇ ਇਸ ਪ੍ਰੋਜੈਕਟ ਦੇ ਸੂਤਰਧਾਰ ਖੁਸ਼ਵੰਤ ਬਰਗਾੜੀ ਅਤੇ ਗੁਰਜਿੰਦਰ ਮਾਹੀ ਵਧਾਈ ਦੇ ਪਾਤਰ ਹਨ।

Sunday, January 07, 2007

ਲੋਕਾਂ ਦੁਆਰਾ ਵਿਕਸਿਤ ਤਕਨੀਕ ਉਤੇ ਰੋਕਾਂ ਕਿਉਂ ?

ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਪੀਟਰ ਰੇਹੜੇ ਬੰਦ ਕਰਵਾਏ ਗਏ, ਡਾਕਟਰਾਂ ਤੋਂ ਸਿੱਖਕੇ ਆਮ ਜਨਤਾ ਦਾ ਸਸਤਾ ਇਲਾਜ ਕਰਨ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਤੇ ਛਾਪੇ ਮਾਰੇ ਗਏ, ਟਰੈਕਟਰ ਚੱਕੀਆਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ, ਗੈਸ ਵਾਲੀਆਂ ਕਾਰਾਂ ਦੇ ਕਿਸੇ ਮੌਕੇ ਵੀ ਚਲਾਨ ਕੱਟਣੇ ਸ਼ੁਰੂ ਕੀਤੇ ਜਾ ਸਕਦੇ ਹਨ।ਇਨ੍ਹਾਂ ਸਾਰੀਆਂ ਕਾਰਵਾਈਆਂ ਵਿੱਚ ਇੱਕ ਸਾਂਝ ਹੈ।ਉਹ ਸਾਂਝ ਹੈ ਲੋਕਾਂ ਦੇ ਆਪਣੇ ਤਜਰਬੇ ਵਿਚੋਂ ਹਾਸਲ ਕੀਤੀ ਤਕਨੀਕੀ ਜਾਣਕਾਰੀ ਜੋ ਆਮ ਲੋਕਾਂ ਵੱਲੋਂ ਆਪਣੇ ਵਰਗੇ ਹੋਰ ਲੋਕਾਂ ਦੀ ਸਹੂਲਤ ਲਈ ਵਰਤੀ ਜਾ ਰਹੀ ਹੈ ਉਸ ਤੇ ਰੋਕਾਂ ਲਾਕੇ, ਵੱਡੇ ਸਰਮਾਏ ਉਤੇ ਆਧਾਰਿਤ ਵੱਡੇ ਮੁਨਾਫਿਆਂ ਲਈ ਵਰਤੀ ਜਾਣ ਵਾਲੀ ਤਕਨੀਕ ਦੀ ਸਰਦਾਰੀ ਕਾਇਮ ਕਰਨੀ।
ਪੀਟਰ ਰੇਹੜਿਆਂ ਬਾਰੇ ਭਾਰਤ ਦੇ ਉਚ ਕੋਟੀ ਦੇ ਵਿਗਿਆਨੀ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਪ੍ਰੋ. ਯਸ਼ ਪਾਲ ਇੱਕ ਥਾਂ ਲਿਖਦੇ ਹਨ ‘ਪੰਜਾਬ ਦੇ ਕਿਸੇ ਕਿਸਾਨ ਨੇ ਇਕ ਲੱਕੜ ਦੀ ਗੱਡੀ ਬਣਾਕੇ, ਉਸ ਦੇ ਪਹੀਏ ਲਗਾਏ, ਸਪਰਿੰਗ ਲਗਾਏ, ਜੀਪ ਦੇ ਪੁਰਾਣੇ ਪਾਰਟਸ ਲਗਾਏ, ਕਲੱਚ ਅਤੇ ਰੇਡੀਏਟਰ ਲਗਾ ਕੇ ਅਤੇ ਡੀਜ਼ਲ ਇੰਜਣ ਫਿੱਟ ਕਰਕੇ ਸੜਕਾਂ ਤੇ ਚੱਲਣ ਵਾਲਾ ਸਾਧਨ ‘ਮਾਰੂਤਾ’ ਬਣਾ ਲਿਆ।ਕਿਸੇ ਨੇ ਇਸ ਦੇ ਇਸ਼ਤਿਹਾਰ ਨਹੀਂ ਦਿੱਤੇ ਪਰ ਕੁਝ ਸਮੇਂ ਵਿੱਚ ਹੀ ਇਹ ਸਾਰੇ ਪੰਜਾਬ ਅਤੇ ਫਿਰ ਹਰਿਆਣਾ, ਰਾਜਸਥਾਨ ਵਿੱਚ ਫੈਲਣ ਲੱਗਾ।ਮੈਂ ਇਸ ਬਾਰੇ ਵੱਖ ਵੱਖ ਅਦਾਰਿਆਂ ਨੂੰ ਕਿਹਾ ਕਿ ਇਸਨੂੰ ਸਟੱਡੀ ਕਰੋ, ਇੰਜਨੀਅਰਿੰਗ ਕਾਲਜਾਂ ਵਿੱਚ ਜਾਕੇ ਕਿਹਾ ਕਿ ਇਹ ਮਾਰੂਤਾ ਬਨਾਉਣ ਦਾ ਪ੍ਰੋਜੈਕਟ ਵਿਦਿਆਰਥੀਆਂ ਨੂੰ ਦਿਉ ਫਿਰ ਇਸ ਬਾਰੇ ਸੋਚੋ ਕਿ ਇਸਨੂੰ ਹੋਰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਪਰ ਮੈਨੂੰ ਨਹੀਂ ਲਗਦਾ ਕਿ ਕਿਸੇ ਨੇ ਮੇਰੀ ਗੱਲ ਨੂੰ ਗੰਭੀਰਤਾ ਨਾਲ ਲਿਆ ਹੋਵੇ।ਇੱਕ ਉਦਯੋਗਪਤੀ ਨੂੰ ਮੈਂ ਇਸ ਬਾਰੇ ਦੱਸਿਆ ਤਾਂ ਉਹ ਕਹਿਣ ਲੱਗਾ ਕਿ - ਸੱਚਮੁੱਚ ਉਨ੍ਹਾਂ ਨੇ ਇਉਂ ਬਣਾ ਲਿਆ, ਨਹੀਂ ਨਹੀਂ, ਇਸਨੂੰ ਸੜਕਾਂ ਤੇ ਚੱਲਣ ਦੀ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ, ਇਸਨੂੰ ਲਾਈਸੈਂਸ ਨਹੀਂ ਮਿਲਣਾ ਚਾਹੀਦਾ।- ਅਤੇ ਇਹੀ ਹੋਇਆ, ਇਸਨੂੰ ਗੈਰ ਕਾਨੂੰਨੀ ਕਰਾਰ ਦੇਕੇ ਕਈਆਂ ਦੇ ਮਾਰੂਤੇ ਜਬਤ ਕਰ ਲਏ ਗਏ, ਚਾਹੇ ਥੋੜ੍ਹੇ ਬਹੁਤ ਪਿੰਡਾਂ ਵਿੱਚ ਅਜੇ ਵੀ ਚੱਲ ਰਹੇ ਹਨ।ਹੋਣਾ ਇਹ ਚਾਹੀਦਾ ਸੀ ਕਿ ਇਸ ਤੇ ਹੋਰ ਖੋਜ ਹੁੰਦੀ, ਸੁਧਾਰ ਕੀਤੇ ਜਾਂਦੇ, ਮਨਜੂਰੀ ਦਿਵਾਈ ਜਾਂਦੀ।ਜੇ ਖੇਤ ਵਿੱਚ ਚਲਦਾ ਡੀਜ਼ਲ ਇੰਜਣ ਕੁਝ ਪ੍ਰਦੂਸ਼ਣ ਕਰਦਾ ਹੈ ਤਾਂ ਮਾਰੂਤੇ ਨੂੰ ਵੀ ਥੋੜ੍ਹਾ ਪ੍ਰਦੂਸ਼ਣ ਕਰ ਲੈਣ ਦਿਉ।ਜਦ ਟ੍ਰੈਕਟਰ ਟਰਾਲੀ ਇਸਤੇਮਾਲ ਕਰ ਲੈਣ ਦਿੰਦੇ ਹੋ ਅਤੇ ਲੋਕਾਂ ਨੂੰ ਲਗਦਾ ਹੈ ਕਿ ਇਹ, ਭਾਵ ਮਾਰੂਤਾ, ਉਨ੍ਹਾਂ ਲਈ ਜਿਆਦਾ ਠੀਕ ਹੈ ਤਾਂ ਉਹ ਇਸਦਾ ਇਸਤੇਮਾਲ ਕਿਉਂ ਨਾ ਕਰਨ। ਦੂਜੇ ਦੇਸ਼ਾਂ ਵਿੱਚ ਇਉਂ ਨਹੀਂ ਹੁੰਦਾ।ਚੀਨ ਵਿੱਚ ਜਾਂ ਹੋਰ ਕਿਸੇ ਦੇਸ਼ ਨੇ ਇਹ ਖੋਜ ਕੀਤੀ ਹੁੰਦੀ ਤਾਂ ਅਸੀਂ ਕਹਿਣਾ ਸੀ ਕਿ ਇਹ ਟੈਕਨਾਲੋਜੀ ਉਨ੍ਹਾਂ ਤੋਂ ਜਰੂਰ ਲਈ ਜਾਵੇ।’
ਇਹਨਾਂ ਪੀਟਰ ਰੇਹੜਿਆਂ ਨੂੰ ਆਮ ਪੇਂਡੂ ਲੋਕ ਆਵਾਜਾਈ ਦੇ ਸਸਤੇ ਸਾਧਨਾਂ ਵਜੋਂ ਥੋੜ੍ਹੀ ਦੂਰੀ ਤੇ ਆਉਣ ਜਾਣ, ਸ਼ਹਿਰੋਂ ਸਮਾਨ ਲੈਕੇ ਆਉਣ, ਸਕੂਲਾਂ ਵਿੱਚ ਬੱਚਿਆਂ ਨੂੰ ਲੈਕੇ ਜਾਣ ਆਦਿ ਕੰਮਾਂ ਲਈ ਬਿਨਾਂ ਕਿਸੇ ਮੁਸ਼ਕਿਲ ਤੋਂ ਵਰਤ ਰਹੇ ਸਨ।ਫਿਰ ਇਨ੍ਹਾਂ ਨੂੰ ਅਚਾਨਕ ਬੜੀ ਸਖਤੀ ਨਾਲ ਬੰਦ ਕਰਵਾ ਦਿੱਤਾ ਗਿਆ। ਉਸ ਪਿਛੇ ਕਾਰਣ ਸਪਸ਼ਟ ਸੀ, ਇਹਨਾਂ ਕਾਰਣ ਬੱਸਾਂ ਦੀ ਸਵਾਰੀ ਉਤੇ ਅਸਰ ਪੈਂਦਾ ਸੀ, ਬੱਸਾਂ ਵਾਲੇ ਸਰਮਾਏਦਾਰ ਬੰਦੇ ਹਨ ਜਿਨ੍ਹਾਂ ਨੇ ਲੱਖਾਂ ਰੁਪਏ ਲਾਕੇ ਬੱਸਾਂ ਪਾਈਆਂ ਹਨ, ਜਦ ਕਿ ਘੜੁਕਿਆਂ ਵਾਲੇ ਬਹੁਤ ਗਰੀਬ ਜਿਹੇ ਲੋਕ ਸਨ ਜਿਨ੍ਹਾਂ ਨੇ ਆਪਣੇ ਗੁਜਾਰੇ ਲਈ ਥੋੜ੍ਹੇ ਜਿਹੇ ਪੈਸਿਆਂ ਨਾਲ ਇੱਕ ਜੁਗਾੜ ਬਣਾਇਆ ਸੀ।ਕੋਰਟ ਦੇ ਫੈਸਲੇ ਦੀ ਆੜ ਵਿੱਚ ਇਨ੍ਹਾਂ ਦਾ ਖਾਤਮਾ ਕਰ ਦਿੱਤਾ ਗਿਆ।ਕਹਿਣ ਨੂੰ ਚਾਹੇ ਕੁਝ ਵੀ ਕਿਹਾ ਜਾਵੇ ਪਰ ਸਚਾਈ ਇਹ ਸੀ ਕਿ ਘੱਟ ਰਫਤਾਰ ਕਾਰਣ ਇਨ੍ਹਾਂ ਦੇ ਐਕਸੀਡੈਂਟ ਬਹੁਤ ਘੱਟ ਹੁੰਦੇ ਸਨ।ਜੇ ਅੰਕੜੇ ਕੱਢੇ ਜਾਣ ਤਾਂ ਜਿੰਨੇ ਲੋਕ ਮਾਰੂਤੀਆਂ, ਜਿਪਸੀਆਂ, ਸੂਮੋਆਂ ਦੇ ਐਕਸੀਡੈਂਟਾਂ ਵਿੱਚ ਮਰਦੇ ਹਨ ਗੈਰ ਕਾਨੂੰਨੀ ਗਰਦਾਨੇ ਗਏ ਪੀਟਰ ਰੇਹੜਿਆਂ ਵਿੱਚ ਤਾਂ ਸ਼ਾਇਦ ਉਸਦਾ ਇੱਕ ਪ੍ਰਤੀਸ਼ਤ ਵੀ ਨਾ ਮਰੇ ਹੋਣ।ਚਾਹੀਦਾ ਤਾਂ ਇਹ ਸੀ ਕਿ ਜਿਵੇਂ ਪ੍ਰੋਂ ਯਸ਼ ਪਾਲ ਜੀ ਨੇ ਕਿਹਾ ਹੈ ਸਰਕਾਰ ਇਹਨਾਂ ਨੂੰ ਤਕਨੀਕੀ ਤੌਰ ਤੇ ਹੋਰ ਸੁਧਾਰਨ ਲਈ ਇਨ੍ਹਾਂ ਲੋਕਾਂ ਦੀ ਸਹਾਇਤਾ ਕਰਦੀ। ਪਰ ਇਸਦੀ ਬਜਾਏ ਇਨ੍ਹਾਂ ਦਾ ਖਾਤਮਾ ਕਰ ਦਿੱਤਾ ਗਿਆ ਕਿਉਂਕਿ ਇਹ ਬੱਸਾਂ ਵਾਲਿਆਂ ਦੇ ਮੁਨਾਫਿਆਂ ਉਤੇ ਅਸਰ ਪਾਉਂਦੇ ਸਨ।ਇਥੇ ਖੁੱਲ੍ਹੇ ਮੁਕਾਬਲੇ ਵਾਲਾ ਸਿਧਾਂਤ ਕਿਧਰ ਗਿਆ? ਜੇ ਕਿਸੇ ਨੂੰ ਬੱਸ ਜਾਂ ਟੈਂਪੋ ਦੀ ਬਜਾਏ ਪੀਟਰ ਰੇਹੜੇ ਦੀ ਸਵਾਰੀ ਠੀਕ ਲਗਦੀ ਹੈ ਤਾਂ ਉਸਨੂੰ ਕਿਉਂ ਰੋਕਿਆ ਜਾਵੇ।
ਡਾਕਟਰਾਂ ਤੋਂ ਕੰਮ ਸਿੱਖੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਖਿਲਾਫ ਸਾਡੇ ਪੜ੍ਹੇ ਲਿਖੇ ਸ਼ਹਿਰੀ ਮੱਧ ਵਰਗ ਦੇ ਲੋਕ ਬਹੁਤ ਕੁਝ ਕਹਿ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਹਰ ਸਮੇਂ ਉਪਲਬਧ ਹੋ ਜਾਂਦੀਆਂ ਹਨ ਅਤੇ ਉਹ ਇਹਨਾਂ ਦੀਆਂ ਫੀਸਾਂ ਭਰਨ ਦੇ ਵੀ ਸਮਰੱਥ ਹੁੰਦੇ ਹਨ।ਪਰ ਬਹੁਤੇ ਪਿੰਡਾਂ ਦੇ 15-20 ਕਿਲੋਮੀਟਰ ਦੇ ਦਾਅਰੇ ਵਿੱਚ ਕੋਈ ਯੋਗਤਾ ਪ੍ਰਾਪਤ ਡਾਕਟਰ ਨਹੀਂ ਹੁੰਦਾ, ਉਥੇ ਇਹ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਆਸਰਾ ਹੁੰਦੇ ਹਨ।ਰਾਤ ਬਰਾਤੇ ਜਦੋਂ ਵੀ ਤਕਲੀਫ ਹੋਵੇ, ਮਰੀਜ਼ ਕੋਲ ਪੈਸੇ ਹੋਣ ਜਾਂ ਨਾ ਹੋਣ, ਇਹ ਉਠ ਕੇ ਅਗਲੇ ਦੇ ਘਰ ਜਾਂਦੇ ਹਨ ਅਤੇ ਸ਼ਹਿਰ ਦੇ ਵੱਡੇ ਡਾਕਟਰ ਕੋਲੋਂ ਹਾਸਲ ਕੀਤੇ ਅਤੇ ਆਪਣੀ ਪ੍ਰੈਕਟਿਸ ਵਿੱਚ ਪਰਖੇ ਗਿਆਨ ਨਾਲ ਉਸਦੀ ਤਕਲੀਫ ਦੂਰ ਕਰਨ ਦੀ ਹਰ ਵਾਹ ਲਾਉਂਦੇ ਹਨ।ਅਸਲ ਵਿੱਚ ਪਿੰਡਾਂ ਵਿੱਚ ਇਨ੍ਹਾਂ ਦੀਆਂ ਸੇਵਾਵਾਂ ਲੈਣੀਆਂ ਲੋਕਾਂ ਦੀ ਜਰੂਰੀ ਲੋੜ ਹਨ ਜਿਨ੍ਹਾਂ ਬਿਨਾਂ ਅੱਜ ਦੀਆਂ ਹਾਲਤਾਂ ਵਿੱਚ ਉਨ੍ਹਾਂ ਦਾ ਸਰ ਹੀ ਨਹੀਂ ਸਕਦਾ ਇਸੇ ਕਰਕੇ ਇਨ੍ਹਾਂ ਉਤੇ ਲਾਈ ਪਾਬੰਦੀ ਸਫਲ ਨਹੀਂ ਹੋ ਸਕਦੀ।
ਜੇ ਸਰਕਾਰ ਲੋਕਾਂ ਦੀ ਸਿਹਤ ਬਾਰੇ ਐਨੀ ਹੀ ਚਿੰਤਤ ਹੈ ਕਿ ਲੋਕਾਂ ਨੂੰ ਯੋਗਤਾ ਪ੍ਰਾਪਤ ਵੱਧ ਗਿਆਨ ਵਾਲੇ ਡਾਕਟਰਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ ਫਿਰ ਜਾਂ ਤਾਂ ਉਹ ਹਰ ਛੋਟੇ ਵੱਡੇ ਪਿੰਡ ਵਿੱਚ ਹਸਪਤਾਲ ਖੋਲ੍ਹ ਕੇ ਅਜਿਹੇ ਐਮ ਬੀ ਬੀ ਐਸ ਡਾਕਟਰਾਂ ਦਾ ਪ੍ਰਬੰਧ ਕਰੇ ਜੋ 24 ਘੰਟੇ ਲੋਕਾਂ ਨੂੰ ਸੇਵਾਵਾਂ ਦੇ ਸਕਣ। ਪਰ ਸਾਰੇ ਜਾਣਦੇ ਹਨ ਮੌਜੂਦਾ ਹਾਲਤਾਂ ਵਿੱਚ ਇਹ ਅਮਲ ਵਿੱਚ ਸੰਭਵ ਨਹੀਂ ਹੈ।ਇਸ ਦਾ ਠੀਕ ਹੱਲ ਇਹੀ ਬਣਦਾ ਹੈ ਕਿ ਸਰਕਾਰ ਇਨ੍ਹਾਂ ਅਰਧ ਸਿਖਿਅਤ ਡਾਕਟਰਾਂ ਨੂੰ ਕੁਝ ਹੋਰ ਟ੍ਰੇਨਿੰਗ ਦੇਵੇ ਜਿਸ ਵਿੱਚ ਇਨ੍ਹਾਂ ਵੱਲੋਂ ਕੀਤੇ ਜਾਂਦੇ ਇਲਾਜ ਦਾ ਵਿਗਿਆਨਕ ਆਧਾਰ ਸਮਝਾਇਆ ਜਾਵੇ, ਦਵਾਈਆਂ ਦੇ ਸਾਈਡ ਇਫੈਕਟਸ ਆਦਿ ਬਾਰੇ ਦੱਸਿਆ ਜਾਵੇ ਤਾਂ ਜੋ ਇਹ ਵਧੇਰੇ ਕੁਸ਼ਲਤਾ ਨਾਲ ਇਲਾਜ ਕਰ ਸਕਣ।ਪਰ ਸਰਕਾਰ ਇਉਂ ਨਹੀਂ ਕਰੇਗੀ ਕਿਉਂਕਿ ਇਨ੍ਹ੍ਹਾਂ ਦੇ ਕੰਮ ਨਾਲ ਡਿਗਰੀਆਂ ਵਾਲੇ ਵੱਡੇ ਡਾਕਟਰਾਂ ਕੋਲ ਆਉਣ ਵਾਲੇ ਮਰੀਜਾਂ ਦੀ ਗਿਣਤੀ ਉਤੇ ਅਸਰ ਪੈਂਦਾ ਹੈ ਅਤੇ ਵੱਡੇ ਡਾਕਟਰ ਹਰ ਪਾਰਟੀ ਨੂੰ ਚੋਣਾਂ ਮੌਕੇ ਫੰਡ ਦਿੰਦੇ ਹਨ, ਉਹ ਪੈਸੇ ਵਾਲੇ ਪ੍ਰਭਾਵਸ਼ਾਲੀ ਬੰਦੇ ਹੁੰਦੇ ਹਨ, ਸੋ ਉਨ੍ਹਾਂ ਦੀ ਗੱਲ ਕਿਉਂ ਨਾ ਮੰਨੀ ਜਾਵੇਗੀ। ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਉਹ ਪੈਸੇ ਵਾਲੇ ਬੰਦਿਆਂ ਦੇ ਹਿਤਾਂ ਦੇ ਉਲਟ ਨਹੀਂ ਜਾ ਸਕਦੀ।
ਇਸਦੇ ਮੁਕਾਬਲੇ ਚੀਨ ਵਿੱਚ ‘ ਨੰਗੇ ਪੈਰਾਂ ਵਾਲੇ ਡਾਕਟਰਾਂ ’ ਦੀ ਉਦਾਹਰਣ ਸਾਰੇ ਸੰਸਾਰ ਦੇ ਸਾਹਮਣੇ ਹੈ। ਚੀਨ ਵਿੱਚ ਵੀ ਸਿਹਤ ਸੇਵਾਵਾਂ ਦਾ ਹਾਲ ਬਹੁਤ ਮਾੜਾ ਸੀ।ਇਨਕਲਾਬ ਆਉਣ ਤੋਂ ਬਾਅਦ ਉਥੋਂ ਦੀ ਸਰਕਾਰ ਨੇ ਆਮ ਜਨਤਾ ਵਿਚੋਂ ਥੋੜ੍ਹਾ ਬਹੁਤ ਪੜ੍ਹਨ ਲਿਖਣ ਜਾਣਦੇ ਵਿਅਕਤੀ ਚੁਣ ਕੇ ਉਨ੍ਹਾਂ ਨੂੰ ਆਮ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਮੁਢਲੀ ਟ੍ਰੇਨਿੰਗ ਦਿੱਤੀ।ਇਨ੍ਹਾਂ ਸਿਹਤ ਕਾਮਿਆਂ ਨੂੰ ਉਨ੍ਹਾਂ ਦੀ ਗਰੀਬੀ ਵਾਲੇ ਹਾਲ ਦੇ ਕਾਰਣ ਨੰਗੇ ਪੈਰਾਂ ਵਾਲੇ ਡਾਕਟਰ ਕਿਹਾ ਜਾਂਦਾ ਸੀ।ਇਨ੍ਹਾਂ ਨੰਗੇ ਪੈਰਾਂ ਵਾਲੇ ਡਾਕਟਰਾਂ ਨੇ ਚੀਨ ਦੇ ਲੋਕਾਂ ਦੀ ਸਿਹਤ ਸੰਭਾਲ ਵਿੱਚ ਕਾਇਆ ਪਲਟੀ ਕਰ ਦਿੱਤੀ।ਵੱਡੇ ਪੱਧਰ ਤੇ ਫੈਲੀਆਂ ਹੋਈਆਂ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੀ ਪੁੱਟ ਦਿੱਤੀ। ਇਹ ਸਿਸਟਮ ਸਾਰੇ ਸੰਸਾਰ ਅੱਗੇ ਮਾਡਲ ਵਜੋਂ ਪੇਸ਼ ਹੋਇਆ ਅਤੇ ਸਰਾਹਿਆ ਗਿਆ।ਸਾਡੇ ਇਹ ਮੈਡੀਕਲ ਪ੍ਰੈਕਟੀਸ਼ਨਰ ਵੀ ਚੀਨ ਦੇ ਨੰਗੇ ਪੈਰਾਂ ਵਾਲੇ ਡਾਕਟਰਾਂ ਵਾਲਾ ਰੋਲ ਕਰ ਸਕਦੇ ਹਨ।ਲੋੜ ਹੈ ਕਿ ਇਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ, ਮਾਨਤਾ ਦਿੱਤੀ ਜਾਵੇ ਅਤੇ ਸਿਹਤ ਵਿਭਾਗ ਦੀਆਂ ਮੁਹਿੰਮਾਂ ਵਿੱਚ ਬਕਾਇਦਾ ਸ਼ਾਮਲ ਕੀਤਾ ਜਾਵੇ।ਇਸਦੇ ਲਈ ਸਾਲ ਦੋ ਸਾਲ ਦਾ ਮੁਢਲੇ ਇਲਾਜ ਦਾ ਵੱਖਰਾ ਕੋਰਸ ਸ਼ੁਰੂ ਕੀਤਾ ਜਾ ਸਕਦਾ ਹੈ।
ਕਿਹਾ ਜਾ ਸਕਦਾ ਹੈ ਕਿ ਇਹ ਪ੍ਰੈਕਟੀਸ਼ਨਰ ਗਲਤ ਦਵਾਈਆਂ ਦੇ ਦਿੰਦੇ ਹਨ ਜਾਂ ਨਸ਼ੇ ਵਾਲੀਆਂ ਗੋਲੀਆਂ ਕੈਪਸੂਲ, ਟੀਕੇ ਵੇਚਣ ਦੇ ਸਾਧਨ ਬਣੇ ਹੋਏ ਹਨ।ਅਜਿਹੇ ਗਲਤ ਅਨਸਰ ਹਰ ਵਰਗ ਵਿੱਚ ਹੁੰਦੇ ਹਨ।ਇਉਂ ਤਾਂ ਬਹੁਤ ਵੱਡੇ ਡਾਕਟਰਾਂ ਦੇ ਵੀ ਬੇਲੋੜੇ ਆਪਰੇਸ਼ਨ ਕਰਨ, ਬੇਲੋੜੀਆਂ ਦਵਾਈਆਂ ਦੇਣ ਅਤੇ ਇਥੋਂ ਤੱਕ ਕਿ ਅਪਰੇਸ਼ਨ ਦੌਰਾਨ ਗੁਰਦਾ ਕੱਢ ਲੈਣ ਵਰਗੇ ਬਹੁਤ ਮਾੜੇ ਸਕੈਂਡਲ ਸਾਹਮਣੇ ਆਉਂਦੇ ਰਹਿੰਦੇ ਹਨ।ਇਸਦੇ ਲਈ ਜਿਲ੍ਹਾ ਸਿਹਤ ਅਧਿਕਾਰੀਆਂ ਦਾ ਕੰਮ ਬਣਦਾ ਹੈ ਕਿ ਉਹ ਮਹੀਨਾ ਲੈਣ ਤੱਕ ਸੀਮਤ ਰਹਿਣ ਦੀ ਬਜਾਏ ਇਹੋ ਜਿਹੇ ਵਿਗਾੜਾਂ ਨੂੰ ਚੈੱਕ ਕਰਨ।ਉਹ ਨਸ਼ੇ ਵਾਲੀਆਂ ਗੋਲੀਆਂ ਆਦਿ ਦੀ ਵਰਤੋਂ ਰੋਕਣ ਤੋਂ ਇਲਾਵਾ ਇਹ ਵੀ ਦੇਖਣ ਕਿ ਕਿਤੇ ਇਹ ਪ੍ਰੈਕਟੀਸ਼ਨਰ ਸਟੀਰਾਇਡ ਵਰਗੀਆਂ ਦਵਾਈਆਂ ਦੀ ਵਰਤੋਂ ਤਾਂ ਨਹੀਂ ਕਰ ਰਹੇ ਜਾਂ ਆਪਣੇ ਗਿਆਨ ਅਤੇ ਸਮਰੱਥਾ ਤੋਂ ਵੱਡੇ ਕੇਸਾਂ ਨੂੰ ਤਾਂ ਹੱਥ ਨਹੀਂ ਪਾ ਰਹੇ।
ਲੋਕਾਂ ਵੱਲੋਂ ਕੀਤੀਆਂ ਗਈਆਂ ਤਕਨੀਕੀ ਸਿਰਜਨਾਵਾਂ ਦੇ ਮਾਮਲੇ ਵਿੱਚ ਸਰਕਾਰ ਕਿਵੇਂ ਟੰਗ ਅੜਾਉਂਦੀ ਹੈ ਟਰੈਕਟਰ ਚੱਕੀਆਂ ਤੇ ਪਾਬੰਦੀ ਲਗਾਉਣੀ ਇਸ ਦੀ ਇੱਕ ਉਦਾਹਰਣ ਹੈ।ਸਭ ਨੂੰ ਪਤਾ ਹੈ ਕਿ ਪੰਜਾਬ ਵਿੱਚ ਕੁੱਲ ਭੂਮੀ ਦੇ ਹਿਸਾਬ ਅਨੁਸਾਰ ਟਰੈਕਟਰ ਕਾਫੀ ਵੱਧ ਗਿਣਤੀ ਵਿੱਚ ਹਨ ਜੋ ਵਿਹਲੇ ਖੜੇ ਰਹਿੰਦੇ ਹਨ।ਮਾੜੀ ਆਰਥਿਕਤਾ ਵਾਲੇ ਕੁਝ ਕਿਸਾਨਾਂ ਨੇ ਇਨ੍ਹਾਂ ਟਰੈਕਟਰਾਂ ਦੀ ਪੂਰੀ ਵਰਤੋਂ ਕਰਨ ਲਈ ਇਨ੍ਹਾਂ ਉਪਰ ਚੱਕੀਆਂ ਫਿੱਟ ਕਰ ਲਈਆਂ ਅਤੇ ਘਰ ਘਰ ਜਾਕੇ ਆਟਾ ਦਾਣਾ ਪੀਸਣ ਦਾ ਕੰਮ ਕਰਨ ਲੱਗੇ।ਉਨ੍ਹਾਂ ਨੂੰ ਟਰੈਕਟਰਾਂ ਤੋਂ ਕੁਝ ਵਾਧੂ ਆਮਦਨ ਹੋਣ ਲੱਗੀ ਅਤੇ ਲੋਕਾਂ ਨੂੰ ਸਹੂਲਤ ਹੋ ਗਈ ਕਿ ਆਟਾ ਜਾਂ ਪਸ਼ੂਆਂ ਦਾ ਦਾਣਾ ਪਿਸਾਉਣ ਲਈ ਬੋਰੀਆਂ ਚੁੱਕ ਕੇ ਦੂਰ ਨਹੀਂ ਜਾਣਾ ਪੈਦਾ ਸੀ।ਇਹਨਾਂ ਉਤੇ ਪਾਬੰਦੀ ਲਗਾਈ ਗਈ ਕਿ ਇਸ ਨਾਲ ਪ੍ਰਦੂਸ਼ਣ ਹੁੰਦਾ ਹੈ।ਸੋਚਣ ਵਾਲੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਹੁੰਦੇ ਹੋਰ ਪ੍ਰਦੂਸ਼ਣ ਦੇ ਮੁਕਾਬਲੇ ਜੇ ਕਿਸੇ ਦੇ ਘਰ ਅੱਗੇ ਮਹੀਨੇ ਬਾਅਦ ਘੰਟਾ ਅੱਧਾ ਘੰਟਾ ਚੱਕੀ ਚੱਲ ਜਾਵੇਗੀ ਤਾਂ ਉਸਦੀ ਕਿੰਨੀ ਕੁ ਸਿਹਤ ਖਰਾਬ ਹੋ ਜਾਵੇਗੀ ? ਖਾਸ ਕਰ ਜਦ ਇਹ ਚੱਕੀ ਉਸ ਘਰ ਵਾਲਿਆਂ ਦੀ ਸਹੂਲਤ ਲਈ ਹੀ ਚਲਾਈ ਜਾ ਰਹੀ ਹੋਵੇ। ਜਦ ਕਿ ਜੋ ਸਥਾਈ ਚੱਕੀਆਂ ਹਨ ਉਹ ਵੀ ਲਗਭੱਗ ਸਾਰੀਆਂ ਹੀ ਆਬਾਦੀ ਵਿੱਚ ਹਨ ਜਿਨ੍ਹਾਂ ਵਿਚੋਂ ਨਿਕਲਦੇ ਆਟੇ ਦੀ ਧੂੜ ਅਤੇ ਸ਼ੋਰ ਗੁਆਂਢੀਆਂ ਨੂੰ ਹਰ ਰੋਜ ਤੰਗ ਕਰਦਾ ਹੈ।ਸ਼ਹਿਰਾਂ ਵਿੱਚ ਤਾਂ ਇਹ ਟਰੈਕਟਰ ਚੱਕੀਆਂ ਕੁਝ ਸਮੱਸਿਆ ਪੈਦਾ ਕਰ ਸਕਦੀਆਂ ਹਨ ਪਰ ਇਹ ਤਾਂ ਪੂਰਨ ਰੂਪ ਵਿੱਚ ਪੇਂਡੂ ਇਲਾਕਿਆਂ ਵਿੱਚ ਹੀ ਚੱਲ ਰਹੀਆਂ ਸਨ ਜਿੱਥੇ ਇਹਨਾਂ ਲਈ ਖੁੱਲ੍ਹੇ ਵਿਹੜੇ ਹੁੰਦੇ ਹਨ।ਸੋ ਸਾਡੇ ਪੇਂਡੂ ਲੋਕਾਂ ਦੀਆਂ ਜਿਉਣ ਹਾਲਤਾਂ ਦੇ ਪ੍ਰਸੰਗ ਵਿੱਚ ਅਜਿਹੀ ਪਾਬੰਦੀ ਉੱਕਾ ਹੀ ਬੇਲੋੜੀ ਅਤੇ ਉਦਮੀ ਵਿਅਕਤੀਆਂ ਨੂੰ ਨਿਰ ਉਤਸ਼ਾਹਿਤ ਕਰਨ ਵਾਲੀ ਸੀ।
ਇਹ ਪਾਬੰਦੀਆਂ ਗਰੀਬ ਪੇਂਡੂ ਵਰਗ ਦੇ ਲੋਕਾਂ ਤੇ ਹੀ ਅਸਰ ਅੰਦਾਜ ਹੁੰਦੀਆਂ ਹਨ ਇਸੇ ਲਈ ਇਨ੍ਹਾਂ ਖਿਲਾਫ ਕੋਈ ਬਹੁਤੀ ਆਵਾਜ ਨਹੀਂ ਉਠੀ।ਹੇਠਲੇ ਮੱਧ ਵਰਗ ਨੂੰ ਵੀ ਇਸਦਾ ਕਦੇ ਵੀ ਸੁਆਦ ਚੱਖਣਾ ਪੈ ਸਕਦਾ ਹੈ ਜਿਹੜੇ ਕਾਰਾਂ ਨੂੰ ਗੈਸ ਤੇ ਕਰਾ ਕੇ ਕਾਰ ਰੱਖਣ ਦਾ ਝੱਸ ਪੂਰਾ ਕਰ ਰਹੇ ਹਨ।ਜਿਸ ਦਿਨ ਕਿਸੇ ਦੇ ਮਨ ਵਿੱਚ ਆਇਆ ਕਿ ਖਾਣਾ ਬਨਾਉਣ ਵਾਲੇ ਸਿਲੰਡਰ ਨਾਲ ਕਾਰ ਚਲਾਉਣੀ ‘ ਸੁਰਖਿਅਤ ’ ਨਹੀਂ ਹੈ ਇਸਦੇ ਚਲਾਨ ਕੱਟਣੇ ਸ਼ੁਰੂ ਹੋ ਜਾਣੇ ਹਨ। ਇਵੇਂ ਅਜੇ ਕਿਸੇ ਬਹੁਕੌਮੀ ਕੰਪਨੀ ਨੇ ‘ ਪਾਈਰੇਟਡ ਸਾਫਟਵੇਅਰ ’ ਭਾਵ ਕੰਪਨੀ ਤੋਂ ਖਰੀਦੇ ਬਿਨਾਂ ਅੱਗੇ ਤੋਂ ਅੱਗੇ ਕਾਪੀ ਕਰਕੇ ਵਰਤੇ ਜਾ ਰਹੇ ਕੰਪਿਊਟਰ ਸਾਫਟਵੇਅਰ ਤੇ ਸਖਤੀ ਕਰਨ ਸਬੰਧੀ ਸਾਡੀ ਸਰਕਾਰ ਨੂੰ ਹਦਾਇਤਾਂ ਨਹੀਂ ਕੀਤੀਆਂ।ਇਸ ਪਿੱਛੇ ਉਨ੍ਹਾਂ ਦੇ ਆਪਣੇ ਹਿਤ ਹਨ ਕਿ ਜੇ ਉਹ ਇਸ ਤੇ ਸਖਤੀ ਕਰਦੇ ਹਨ ਸਾਫਟਵੇਅਰ ਹੀ ਐਨਾ ਮਹਿੰਗਾ ਹੋ ਜਾਵੇਗਾ ਕਿ ਹੇਠਲੇ ਮੱਧ ਵਰਗ ਨੇ ਉਹਨਾਂ ਦੇ ਕੰਪਿਊਟਰ ਵੀ ਨਹੀਂ ਖਰੀਦਣੇ।ਕੰਪਿਊਟਰ ਵਿਕਣੇ ਘਟਣ ਨਾਲ ਉਨ੍ਹਾਂ ਦਾ ਮੁਨਾਫਾ ਘਟ ਜਾਣਾ ਹੈ।ਪਰ ਆਪਣੇ ਬੱਚਿਆਂ ਨੂੰ ਕੰਪਿਊਟਰ ਸਾਖਰ ਕਰ ਰਹੇ ਮੱਧ ਵਰਗ ਨੂੰ ਪਤਾ ਉਸ ਦਿਨ ਲੱਗਣਾ ਹੈ ਜਿਸ ਦਿਨ ਇਨ੍ਹਾਂ ਕੰਪਨੀਆਂ ਨੇ ਆਪਣੀਆਂ ਗਿਣਤੀਆਂ ਮਿਣਤੀਆਂ ਅਨੁਸਾਰ ਇਸ ਤਰ੍ਹਾਂ ਸਾਫ਼ਟਵੇਅਰ ਫੀਡ ਕਰਨ ਤੇ ਸਖਤੀ ਕਰਵਾ ਦਿੱਤੀ ਅਤੇ ਹਰ ਦਿਨ ਨਵੇਂ ਤਿਆਰ ਹੋ ਰਹੇ ਪ੍ਰੋਗਰਾਮ ਡਾਲਰਾਂ ਦੇ ਹਿਸਾਬ ਪੈਸੇ ਦੇ ਕੇ ਖਰੀਦਣੇ ਪਏ।ਚਾਹੇ ਕਾਨੂੰਨੀ ਤੌਰ ਤੇ ਇਹ ਗੱਲ ਬਿਲਕੁਲ ਗਲਤ ਹੈ ਪਰ ਜੇ ਭਾਰਤ ਵਿੱਚ ਕੰਪਿਊਟਰ ਦਾ ਐਨਾ ਵਿਸਥਾਰ ਹੋਇਆ ਹੈ ਤਾਂ ਇਹ ਉਨ੍ਹਾਂ ਦੇਸੀ ਸਾਫਟਵੇਅਰ ‘ ਮਾਹਿਰਾਂ ’ ਦੀ ਗੈਰ ਕਾਨੂੰਨੀ ਤਕਨੀਕ ਕਰਕੇ ਹੀ ਹੋਇਆ ਹੈ ਜੋ ਮਾਈਕਰੋਸਾਫਟ ਵਰਗੀਆਂ ਕੰਪਨੀਆਂ ਦੇ ਹਰ ਨਵੇਂ ਪ੍ਰੋਗਰਾਮ ਦੇ ਦਿੱਲੀ ਪਹੁੰਚਣ ਤੇ ਰਾਤੋ ਰਾਤ ਹੀ ਕੋਡ ਲੱਭਕੇ ਅੱਗੇ ਆਮ ਜਨਤਾ ਨੂੰ ਸਸਤੇ ਭਾਅ ਲੁਟਾ ਦਿੰਦੇ ਹਨ।
ਅਜਿਹੀਆਂ ਬਹੁਤੀਆਂ ਪਾਬੰਦੀਆਂ ਕੋਰਟ ਦੇ ਫੈਸਲਿਆਂ ਦੀ ਆੜ ਵਿੱਚ ਲਾਈਆਂ ਜਾਂਦੀਆਂ ਹਨ ਅਤੇ ਸਰਕਾਰ ਚਲਾ ਰਹੀਆਂ ਸਿਆਸੀ ਪਾਰਟੀਆਂ ਇਸ ਤੋਂ ਬਰੀ ਹੋ ਜਾਂਦੀਆਂ ਹਨ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਜੱਜਾਂ ਨੇ ਤਾਂ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਦੇ ਅਨੁਸਾਰ ਹੀ ਫੈਸਲੇ ਦੇਣੇ ਹੁੰਦੇ ਹਨ।ਜੇ ਸਰਕਾਰ ਚਾਹੇ ਤਾਂ ਕਾਨੂੰਨ ਵਿੱਚ ਲੋੜੀਂਦੀ ਸੋਧ ਕਰਕੇ ਲੋਕਾਂ ਦੀ ਸਹੂਲਤ ਅਨੁਸਾਰ ਫੈਸਲੇ ਲੈ ਸਕਦੀ ਹੁੰਦੀ ਹੈ।ਪਰ ਅਸਲ ਵਿੱਚ ਸਰਕਾਰ ਨੇ ਕਾਨੂੰਨਾਂ ਰਾਹੀਂ ਸਾਧਨਾਂ ਤੇ ਕਾਬਜ ਲੋਕਾਂ ਦੇ ਹੱਕ ਵਿੱਚ ਹੀ ਭੁਗਤਣਾ ਹੁੰਦਾ ਹੈ।ਲੋੜ ਹੈ ਕਿ ਸਾਡੇ ਆਮ ਲੋਕ ਆਪਣੇ ਤਜਰਬੇ ਵਿਚੋਂ ਜਿਹੜਾ ਤਕਨੀਕੀ ਗਿਆਨ ਹਾਸਲ ਕਰਦੇ ਹਨ ਉਸ ਦੀ ਹੌਂਸਲਾ ਅਫ਼ਜਾਈ ਕੀਤੀ ਜਾਵੇ ਕਿਉਂਕਿ ਇਹ ਲੋਕਾਂ ਦੀਆਂ ਲੋੜਾਂ ਦੇ ਅਨੁਸਾਰੀ ਹੁੰਦਾ ਹੈ।ਸਰਕਾਰ ਆਪਣੇ ਤਕਨੀਕੀ ਅਦਾਰਿਆਂ ਅਤੇ ਮਾਹਿਰਾਂ ਰਾਹੀਂ ਉਸਨੂੰ ਹੋਰ ਸੁਧਾਰਨ ਵਿੱਚ ਸਹਿਯੋਗ ਦੇਵੇ ਨਾ ਕਿ ਇਸਦਾ ਗਲ ਘੁੱਟੇ।

Thursday, January 04, 2007

ਸਰਕਾਰੀ ਅਧਿਆਪਕਾਂ ਨੂੰ ਐਨਾ ਨਾ ਨਿੰਦਿਆ ਕਰੋ

ਅਕਸਰ ਹੀ ਇਉਂ ਹੁੰਦਾ ਹੈ ਕਿ ਕੋਈ ਕੋਈ ਮੁੱਦਾ ਭਖਵਾਂ ਮਸਲਾ (Hot topic) ਬਣ ਜਾਂਦਾ ਹੈ ਫਿਰ ਸਿਆਸੀ ਨੇਤਾ ਵੀ ਉਸੇ ਬਾਰੇ ਬਿਆਨਬਾਜੀ ਕਰਦੇ ਹਨ, ਸਮਾਜਿਕ ਰਾਜਨੀਤਕ ਜਥੇਬੰਦੀਆਂ ਵੀ ਉਸੇ ਬਾਰੇ ਫਿਕਰਮੰਦੀ ਜਾਹਰ ਕਰਦੀਆਂ ਹਨ, ਮੀਡੀਆ ਵਿੱਚ ਵੀ ਉਸੇ ਮੁੱਦੇ ਨੂੰ ਘਸਾਇਆ ਜਾਂਦਾ ਹੈ ਅਤੇ ਆਮ ਲੋਕਾਂ ਵਿੱਚ ਵੀ ਉਸ ਵਿਸ਼ੇ ਉਤੇ ਵਿਚਾਰ ਚਰਚਾ ਚਲਦੀ ਰਹਿੰਦੀ ਹੈ। ਜਦ ਕਿਸੇ ਮਸਲੇ ਬਾਰੇ ਗੱਲ ਕਰਨਾ ਜਾਂ ਲਿਖਣਾ ਫੈਸ਼ਨ ਜਿਹਾ ਬਣ ਜਾਵੇ ਤਾਂ ਇਹ ਵੀ ਹੁੰਦਾ ਹੈ ਕਿ ਉਸ ਮੁੱਦੇ ਬਾਰੇ ਵਿਚਾਰ ਸੰਤੁਲਿਤ ਨਹੀਂ ਰਹਿੰਦੇ। ਸਗੋਂ ਜਿਹੜੇ ਪਾਸੇ ਨੂੰ ਗੱਲ ਰਿੜ ਪਵੇ ਉਸੇ ਪਾਸੇ ਹੀ ਤੁਰੀ ਜਾਂਦੀ ਹੈ ਅਤੇ ਆਮ ਬੰਦੇ ਨੂੰ ਉਹੀ ਇੱਕਪਾਸੜ ਬਿਆਨਬਾਜੀ ਸੱਚ ਲੱਗਣ ਲੱਗ ਪੈਂਦੀ ਹੈ। ਉਦਾਹਰਣ ਵਜੋਂ ਜਦ ਚੰਡੀਗੜ੍ਹ ਬਾਰੇ ਗੱਲ ਚਲਦੀ ਹੁੰਦੀ ਹੈ ਤਾਂ ਸਾਰੇ ਸਿਆਸੀ ਨੇਤਾ ਅਤੇ ਮੀਡੀਆ ਰਲਮਿਲ ਕੇ ਇਉਂ ਲੱਗਣ ਲਾ ਦਿੰਦੇ ਹਨ ਕਿ ਚੰਡੀਗੜ੍ਹ ਹੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਜੇ ਇਹ ਪੰਜਾਬ ਨੂੰ ਨਾ ਮਿਲਿਆ ਤਾਂ ਪੰਜਾਬ ਬੱਸ ਤਬਾਹ ਹੋਜੂ। ਇਹੀ ਫੈਸ਼ਨ ਅੱਜ ਕੱਲ੍ਹ ਸਰਕਾਰੀ ਅਧਿਆਪਕਾਂ ਬਾਰੇ ਚੱਲਿਆ ਹੋਇਆ ਹੈ। ਇਉਂ ਧੁਮਾਇਆ ਜਾ ਰਿਹਾ ਕਿ ਦੇਸ਼ ਦਾ ਸਭ ਤੋਂ ਨਿਕੰਮਾ ਵਰਗ ਸਰਕਾਰੀ ਅਧਿਆਪਕ ਹੀ ਹੈ। ਇਹ ਜਮਾਤਾਂ ਵਿੱਚ ਪੜ੍ਹਾਉਂਦੇ ਨਹੀਂ, ਫਰਲੋ 'ਤੇ ਰਹਿੰਦੇ ਹਨ, ਵੱਡੀਆਂ ਤਨਖਾਹਾਂ ਲੈਦੇ ਹਨ, ਸਾਈਡ ਬਿਜਨੈਸ ਕਰਦੇ ਹਨ, ਧਰਨੇ ਮੁਜਾਹਰੇ ਕਰਦੇ ਰਹਿੰਦੇ ਹਨ ਅਤੇ ਹੋਰ ਵੀ ਬਹੁਤ ਸਾਰੇ ਇਲਜ਼ਾਮ ਇਹਨਾਂ ਦੇ ਸਿਰ ਮੜ੍ਹੇ ਜਾਂਦੇ ਹਨ ਅਤੇ ਫਿਰ ਸਿੱਟਾ ਇਹ ਕੱਢਿਆ ਜਾਂਦਾ ਹੈ ਕਿ ਇਹਨਾਂ ਨੂੰ ਨਿੱਜੀ ਪ੍ਰਬੰਧ ਹੇਠ ਲਿਆਉਣਾ ਚਾਹੀਦਾ ਹੈ।
ਗੱਲ ਇਹ ਨਹੀਂ ਕਿ ਕਿਸੇ ਸਰਕਾਰੀ ਅਧਿਆਪਕ ਵਿੱਚ ਕੋਈ ਨੁਕਸ ਨਹੀਂ ਹੈ ਪਰ ਸਮੁੱਚੇ ਅਧਿਆਪਕ ਵਰਗ ਦੀ ਜੋ ਮਾੜੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਇਸਦਾ ਸਚਾਈ ਨਾਲ ਕੋਈ ਵਾਸਤਾ ਨਹੀਂ ਹੈ। ਕਿਸੇ ਵੀ ਵਰਗ ਵਿੱਚ ਸਾਰੇ ਬੰਦੇ ਇਕੋ ਜਿਹੇ ਨਹੀਂ ਹੁੰਦੇ, ਕੁਝ ਚੰਗੇ ਹੁੰਦੇ ਹਨ, ਕੁਝ ਔਸਤ ਅਤੇ ਕੁਝ ਮਾੜੇ ਵੀ। ਪਰ ਕੁਝ ਸੈਕੜੇ ਅਧਿਆਪਕਾਂ ਦੀ ਨਾ-ਅਹਿਲੀਅਤ ਨੂੰ ਸਮੁੱਚੇ ਅਧਿਆਪਕ ਵਰਗ ਦਾ ਕਿਰਦਾਰ ਬਣਾ ਕੇ ਪੇਸ਼ ਕਰ ਦੇਣਾ ਠੀਕ ਨਹੀਂ ਹੈ।
ਸਿੱਖਿਆ ਦੇ ਖੇਤਰ ਨਾਲ ਸਬੰਧਿਤ ਸਮਸਿਆਵਾਂ ਬਹੁਪੱਖੀ ਹਨ। ਉਦਾਹਰਣ ਵਜੋਂ ਸਰਕਾਰੀ ਸਕੂਲਾਂ ਵਿੱਚ ਆਉਂਦੇ ਬੱਚਿਆਂ ਦਾ ਸਮਾਜਿਕ-ਆਰਥਿਕ ਪਿਛੋਕੜ ਜਿਸ ਤਰ੍ਹਾਂ ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਅਸਰ-ਅੰਦਾਜ ਹੁੰਦਾ ਹੈ ਇਹ ਸਾਲ ਦੋ- ਸਾਲ ਬਾਅਦ ਕੁਝ ਬੱਚਿਆਂ ਨੂੰ 50-60 ਰੁਪਏ ਵਜੀਫਾ ਦੇਣ ਨਾਲ ਹੱਲ ਨਹੀਂ ਹੋ ਜਾਂਦਾ। ਜਿਸ ਮਹੌਲ ਵਿੱਚ ਬੱਚਾ 17-18 ਘੰਟੇ ਰਹਿੰਦਾ ਹੈ ਉਸਦਾ ਅਸਰ ਅਧਿਆਪਕ ਪੂਰਾ ਜੋਰ ਲਾ ਕੇ ਵੀ ਖਤਮ ਨਹੀਂ ਕਰ ਸਕਦਾ। ਇਸਤੋਂ ਸਵਾਲ ਇਹ ਵੀ ਪੈਦਾ ਕਰ ਲਿਆ ਜਾਂਦਾ ਹੈ ਕਿ ਆਰਥਿਕ ਪੱਖੋਂ ਚੰਗੇ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਜਾਂਦੇ, ਖਾਸ ਕਰ ਐਲੀਮੈਟਰੀ ਪੱਧਰ ਤੱਕ। ਇਸਦਾ ਕਾਰਣ ਇਹ ਨਹੀਂ ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਬਹੁਤੀ ਚੰਗੀ ਹੁੰਦੀ ਹੈ ਸਗੋਂ ਉਹ ਮਾਪੇ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਹੇਠਲੇ ਵਰਗ ਦੇ ਬੱਚਿਆਂ ਤੋਂ ਪਾਸੇ ਰਹਿਣ ਆਪਣੇ ਤੋਂ ਉਤਲੇ ਵਰਗ ਦੇ ਬੱਚਿਆਂ ਨਾਲ ਹੀ ਘੁਲਣ ਮਿਲਣ। ਕਿਸੇ ਸਕੂਲ ਦੀ ਜਿੰਨੀ ਫੀਸ ਵੱਧ ਹੋਵੇਗੀ ਓਨਾ ਉੱਚਾ ਉਸ ਦਾ ਸਟੈਡਰਡ ਮੰਨਿਆ ਜਾਂਦਾ ਹੈ। ਇਹ ਜਮਾਤੀ ਵਖਰੇਵਿਆਂ ਦੁਆਰਾ ਪੈਦਾ ਕੀਤੀ ਮਾਨਸਿਕਤਾ ਦਾ ਤਰਕ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਅਜਿਹੇ ਸਕੂਲਾਂ ਵਿੱਚ ਜਾਣ ਜਿੰਨਾਂ ਦੀਆਂ ਫੀਸਾਂ ਅਤੇ ਹੋਰ ਖਰਚੇ ਹੇਠਲੇ ਵਰਗ ਵੱਲੋਂ ਨਾ ਦਿੱਤੇ ਜਾ ਸਕਣ। ਉਂਜ ਇਹਨਾਂ ਸਕੂਲਾਂ ਦੇ ਬੱਚਿਆਂ ਨੂੰ ਹੋਮਵਰਕ ਅਤੇ ਪੜ੍ਹਾਈ ਸਾਰੀ ਟਿਊਸ਼ਨਾਂ ਰੱਖ ਕੇ ਹੀ ਕਰਵਾਈ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਹੁਣ ਆਈ.ਏ. ਐਸ. ਜਾਂ ਆਈ.ਪੀ.ਐਸ. ਅਫਸਰ ਨਹੀਂ ਬਣ ਰਹੇ ਪਰ ਇਹ ਨਹੀਂ ਵੇਖਿਆ ਜਾਂਦਾ ਕਿ ਹੁਣ ਕਿਸ ਜਮਾਤੀ ਪਿਛੋਕੜ ਵਾਲੇ ਅਫਸਰ ਬਣ ਰਹੇ ਹਨ ਅਤੇ ਉਸ ਜਮਾਤੀ ਪਿਛੋਕੜ ਵਾਲੇ ਕਿਹੋ ਜਿਹੀਆਂ ਸਹੂਲਤਾਂ ਵਾਲੇ ਸਕੂਲਾਂ ਵਿੱਚ ਪੜ੍ਹਾਉਣਾ ਪਸੰਦ ਕਰਦੇ ਹਨ।
ਇਹ ਸਰਕਾਰੀ ਸਕੂਲਾਂ ਦੇ ਬੱਚੇ ਹੀ ਹੁੰਦੇ ਹਨ ਜਿੰਨ੍ਹਾਂ ਨੇ ਖੇਤੀ, ਪਸ਼ੂਆਂ ਅਤੇ ਘਰ ਦੇ ਹੋਰ ਕੰਮਾਂ ਵਿੱਚ ਕੁਝ ਨਾ ਕੁਝ ਹੱਥ ਵਟਾਉਣਾ ਹੀ ਹੁੰਦਾ ਹੈ। ਨਰਮਾ ਪੱਟੀ ਵਾਲੇ ਖੇਤਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨਰਮੇ ਦੀ ਚੁਗਾਈ ਵਾਲੇ ਮਹੀਨਿਆਂ ਵਿੱਚ ਹਾਜਰੀ ਅੱਧੀ ਰਹਿ ਜਾਂਦੀ ਹੈ। ਇਥੇ ਅਧਿਆਪਕ ਕੁਝ ਨਹੀਂ ਕਰ ਸਕਦਾ ਅਤੇ ਮਾਪਿਆਂ ਦੀ ਮਜਬੂਰੀ ਹੁੰਦੀ ਹੈ। ਉਂਜ ਵੀ ਬੱਚਿਆਂ ਦਾ ਪੈਦਾਵਾਰੀ ਕੰਮਾਂ ਨਾਲ ਜੁੜੇ ਰਹਿਣਾ ਕੋਈ ਮਾੜਾ ਨਹੀਂ ਹੁੰਦਾ ਪਰ ਅਜਿਹੇ ਬੱਚਿਆਂ ਲਈ ਸਿਖਿਆ ਵਿੱਚ ਵਿਸ਼ੇਸ ਤਬਦੀਲੀਆਂ ਕਰਨ ਦੀ ਲੋੜ ਹੈ।
ਜਦ ਬੱਚੇ ਕੁਝ ਵੱਡੇ ਹੋ ਕੇ ਹਾਈ ਜਾਂ ਸੈਕੰਡਰੀ ਕਲਾਸਾਂ ਤੱਕ ਪਹੁੰਚਦੇ ਹਨ ਤਾਂ ਉਹਨਾਂ ਨੂੰ ਸਪਸ਼ਟ ਦਿਸਣ ਲੱਗ ਜਾਂਦਾ ਹੈ ਕਿ ਇਹ ਪੜ੍ਹਾਈ ਉਹਨਾਂ ਨੂੰ ਰੁਜਗਾਰ ਪ੍ਰਾਪਤੀ ਵਿੱਚ ਸਹਾਈ ਨਹੀਂ ਹੋ ਸਕਦੀ ਇਸ ਲਈ ਪੜ੍ਹਾਈ ਵੱਲੋਂ ਉਹਨਾਂ ਦੀ ਰੁਚੀ ਘਟ ਜਾਂਦੀ ਹੈ। ਰਹਿੰਦੀ ਖੂੰਹਦੀ ਕਸਰ ਮੀਡੀਆ ਕੱਢ ਦਿੰਦਾ ਹੈ, ਮੀਡੀਏ ਵਿੱਚ ਜੋ ਕੁਝ ਆਉਂਦਾ ਹੈ ਉਹ ਬੱਚਿਆਂ ਦੀ ਮਾਨਸਿਕਤਾ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੰਦਾ ਹੈ। ਇਹਨਾਂ ਗੱਲਾਂ ਦੇ ਬਾਵਜੂਦ ਬੱਚਿਆਂ ਨੂੰ ਸਿਖਿਆ ਵੀ ਦਿੱਤੀ ਜਾਂਦੀ ਹੈ ਅਤੇ ਬਹੁਤ ਹੱਦ ਤੱਕ ਅਨੁਸ਼ਾਸਨ ਵਿੱਚ ਵੀ ਰੱਖਿਆ ਜਾਂਦਾ ਹੈ। ਇਹ ਅਨੁਸ਼ਾਸਨ ਵਿੱਚ ਰੱਖਣ ਵਾਲੀ ਗੱਲ ਚਾਹੇ ਖਾਸ ਨਾ ਲਗਦੀ ਹੋਵੇ ਪਰ ਪੱਛਮੀ ਦੇਸ਼ਾਂ ਦੇ ਆਮ ਸਕੂਲਾਂ ਦੇ ਇਸ ਉਮਰ ਦੇ ਵਿਦਿਆਰਥੀ ਜਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ ਉਸਦੇ ਮੁਕਾਬਲੇ ਸਾਡੇ ਸਕੂਲ ਬਹੁਤ ਚੰਗੀ ਸਥਿਤੀ ਵਿੱਚ ਹਨ। ਚਾਹੇ ਇਸ ਗੱਲ ਵਿੱਚ ਸਾਡੇ ਸਭਿਆਚਾਰਕ ਮਹੌਲ ਦਾ ਵੀ ਅਸਰ ਹੈ ਪਰ ਬਹੁਗਿਣਤੀ ਅਧਿਆਪਕ ਵੀ ਇਸ ਪੱਖੋਂ ਚੰਗਾ ਰੋਲ ਨਿਭਾਉਂਦੇ ਹਨ। ਜੋ ਇਉਂ ਸੋਚਿਆ ਜਾਂਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਬੱਧਾ-ਰੁੱਧਾ ਸਿਲੇਬਸ ਕਰਵਾਉਣ ਤੋਂ ਇਲਾਵਾ ਕੁਝ ਨਹੀਂ ਕਰਦੇ ਇਹ ਗਲਤ ਹੈ। ਬਹੁਤ ਸਾਰੇ ਅਧਿਆਪਕ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਵੀ ਦਿੰਦੇ ਹਨ, ਗਲਤ ਰਸਤਿਆਂ 'ਤੇ ਜਾਣ ਤੋਂ ਵਰਜਦੇ ਵੀ ਹਨ ਅਤੇ ਖੇਡਾਂ ਜਾਂ ਸਭਿਆਚਾਰਕ ਕਲਾਵਾਂ ਪ੍ਰਤੀ ਉਤਸ਼ਾਹਿਤ ਵੀ ਕਰਦੇ ਹਨ। ਹਾਂ ਇਹ ਜਰੂਰ ਹੈ ਕਿ ਜਿਵੇਂ ਪ੍ਰਾਈਵੇਟ ਸਕੂਲਾਂ ਵਿੱਚ ਪਹਿਲੇ ਸਥਾਨਾਂ ਤੇ ਆਉਣ ਲਈ ਅੰਨ੍ਹੀ ਮੁਕਾਬਲੇਬਾਜੀ ਵਿੱਚ ਪਾਇਆ ਜਾਂਦਾ ਹੈ ਅਤੇ ਹਰ ਜਾਇਜ ਨਜਾਇਜ ਢੰਗ ਅਪਣਾਇਆ ਜਾਂਦਾ ਹੈ, ਉਸ ਤਰ੍ਹਾਂ ਸਰਕਾਰੀ ਸਕੂਲਾਂ ਵੱਲੋਂ ਨਹੀਂ ਕੀਤਾ ਜਾਂਦਾ।
ਇਸ ਲੇਖ ਦਾ ਮਕਸਦ ਸਰਕਾਰੀ ਅਧਿਆਪਕਾਂ ਦੀ ਅੰਨ੍ਹੇਵਾਹ ਵਕਾਲਤ ਕਰਨਾ ਨਹੀਂ। ਸਰਕਾਰੀ ਅਧਿਆਪਕਾਂ ਵਿੱਚ ਅਜਿਹੇ ਅਧਿਆਪਕਾਂ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਆਪਣਾ ਕਰਤਵ ਨਹੀਂ ਨਿਭਾਉਂਦੇ, ਡਿਊਟੀ ਤੋਂ ਫਰਲੋ ਮਾਰਦੇ ਹਨ ਜਾਂ ਹੋਰ ਨੁਕਸ ਹਨ। ਪਰ ਜਿਸ ਤਰ੍ਹਾਂ ਅਧਿਆਪਕਾਂ ਖਿਲਾਫ ਪਰਚਾਰ ਹੋ ਰਿਹਾ ਹੈ ਇਹ ਕੁਝ ਹੋਰ ਸ਼ੰਕੇ ਵੀ ਖੜ੍ਹੇ ਕਰਦਾ ਹੈ, ਉਦਾਹਰਣ ਵਜੋਂ ਕੁਝ ਸਮਾਂ ਪਹਿਲਾਂ ਅਖਬਾਰਾਂ ਵਿੱਚ ਇੱਕ ਰਿਪੋਰਟ ਕਾਫੀ ਧੁਮਾਈ ਗਈ ਕਿ ਵਰਲਡ ਬੈਂਕ ਦੇ ਇੱਕ ਸਰਵੇ ਮੁਤਾਬਿਕ ਪੰਜਾਬ ਦੇ ਇੱਕ ਤਿਹਾਈ ਅਧਿਆਪਕ ਡਿਊਟੀ ਤੋਂ ਗੈਰਹਾਜਰ ਰਹਿੰਦੇ ਹਨ। ਪਹਿਲੀ ਗੱਲ ਤਾਂ ਇਹ ਅੰਕੜਾ ਹੀ ਪੂਰੀ ਤਰ੍ਹਾਂ ਝੂਠ ਹੈ, ਪੰਜਾਬ ਦੇ ਸਰਕਾਰੀ ਸਕੂਲਾਂ ਦੀ ਅਜਿਹੀ ਸਥਿਤੀ ਨਹੀਂ ਹੈ ਕਿ ਇੱਕ ਤਿਹਾਈ ਅਧਿਆਪਕ ਗੈਰਹਾਜਰ ਰਹਿੰਦੇ ਹੋਣ (ਇਹ ਜਰੂਰ ਹੈ ਕਿ ਇੱਕ ਤਿਹਾਈ ਪੋਸਟ. ਖਾਲੀ ਪਈਆਂ ਹਨ) ਦੂਸਰੀ ਗੱਲ ਸੰਸਾਰ ਬੈਂਕ ਦੇ ਕਿਹੜੇ ਅਧਿਕਾਰੀਆਂ ਨੇ ਇਹ ਸਰਵੇ ਕੀਤਾ, ਕਿਹੜੇ ਇਲਾਕੇ ਵਿੱਚ ਕੀਤਾ, ਕਿਹੜੇ ਵਿਅਕਤੀ ਇਸ ਕਥਿਤ ਸਰਵੇਖਣ ਤੇ ਲਾਏ, ਉਹਨਾਂ ਨੇ ਇਹ ਕਿਉਂ ਕੀਤਾ, ਕਿਹੜੀ ਵਿਧੀ ਅਪਣਾਈ, ਇਹ ਸਾਰਾ ਕੁਝ ਕਦੇ ਵੀ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕਦੇ ਅਜਿਹੇ ਕਿਸੇ ਸਰਵੇਖਣ ਦੀ ਭਣਕ ਪਈ। ਪਰ ਇਹ ਖਬਰ ਮੀਡੀਆ ਵਿੱਚ ਉਛਾਲੀ ਗਈ ਅਤੇ ਫਿਰ ਸਾਡੇ ਸਿਖਿਆ ਲਈ ਚਿੰਤਾ ਪ੍ਰਗਟ ਕਰਨ ਵਾਲੇ ਵਿਦਵਾਨਾਂ ( ਡਾ. ਅਮਰੀਕ ਸਿੰਘ, ਟੀ. ਆਰ. ਸ਼ਰਮਾ ਤੋਂ ਲੈ ਕੇ ਹਮਦਰਦਵੀਰ ਨੌਸਿ਼ਹਰਵੀ ਤੱਕ) ਨੇ ਆਪਣੇ ਲੇਖਾਂ ਵਿੱਚ ਇਸ ਨੂੰ ਬਹੁਤ ਉਭਾਰਿਆ, ਪਰ ਇਸ ਅੰਕੜੇ ਦੀ ਸਚਾਈ ਜਾਣਨ ਬਾਰੇ ਕਦੇ ਕੋਈ ਕੋਸਿ਼ਸ ਨਹੀਂ ਹੋਈ।
ਅਧਿਆਪਕ ਅੱਜ ਵੀ ਮੁਲਾਜਮਾਂ ਦਾ ਸਭ ਤੋਂ ਇਮਾਨਦਾਰ ਵਰਗ ਹੈ। ਇਹ ਅਧਿਆਪਕ ਹੀ ਹਨ ਜੋ ਡੇਢ ਲੱਖ ਦੀ ਗਰਾਂਟ ਨਾਲ ਢਾਈ ਲੱਖ ਦਾ ਕੰਮ ਕਰਵਾਉਂਦੇ ਹਨ, ਸਕੂਲਾਂ ਵਿੱਚ ਕਮਰਿਆਂ, ਪੱਖਿਆਂ, ਜੈਨਰੇਟਰਾਂ, ਬੱਚਿਆਂ ਲਈ ਸਵੈਟਰਾਂ ਆਦਿ ਵਾਸਤੇ ਪਿੰਡ ਵਾਸੀਆਂ ਦੀਆਂ ਮਿੰਨਤਾਂ ਕਰਦੇ ਹਨ, ਸਕੂਲੀ ਫੰਡਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਸਹੀ ਰਖਦੇ ਹਨ। ਅਜਿਹੇ ਅਧਿਆਪਕਾਂ ਦੀ ਕਮੀ ਨਹੀਂ ਜੋ ਕਿਸੇ ਨਾ ਕਿਸੇ ਗਰੀਬ ਬੱਚੇ ਦੀ ਫੀਸ ਆਪਣੇ ਪੱਲਿਉਂ ਦਿੰਦੇ ਹਨ ਜਾਂ ਵਰਦੀ, ਜੁੱਤੀ, ਕਿਤਾਬਾਂ ਆਪਣੇ ਕੋਲੋਂ ਲੈ ਕੇ ਦਿੰਦੇ ਹਨ।
ਬਹੁਤ ਸਾਰੇ ਅਧਿਆਪਕ ਸਮਾਜ ਵਿੱਚ ਫੈਲੇ ਗਲਤ ਵਰਤਾਰਿਆਂ ਖਿਲਾਫ ਲੋਕਾਂ ਨੂੰ ਚੇਤੰਨ ਕਰਨ ਵਿੱਚ ਵਧੀਆ ਰੋਲ ਕਰ ਰਹੇ ਹਨ। ਸਭਿਆਚਾਰਕ ਵਿਗਾੜਾਂ ਖਿਲਾਫ, ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ ਖਿਲਾਫ, ਫਿਰਕਾਪ੍ਰਸਤੀ ਖਿਲਾਫ, ਔਰਤਾਂ ਖਿਲਾਫ ਹੁੰਦੇ ਧੱਕਿਆਂ ਜਾਂ ਹੋਰ ਜਮਹੂਰੀ ਹੱਕਾਂ ਦੇ ਦਮਨ ਖਿਲਾਫ ਲੜਾਈ ਵਿੱਚ ਪੰਜਾਬ ਦੇ ਅਧਿਆਪਕ ਮੋਹਰੀ ਰੋਲ ਕਰਦੇ ਹਨ। ਪਰ ਇਸ ਗੱਲ ਦਾ ਅਧਿਆਪਕ ਵਰਗ ਵੱਲੋਂ ਮਾਣ ਨਹੀਂ ਕੀਤਾ ਜਾਂਦਾ ਅਤੇ ਵਿਰੋਧੀਆਂ ਵੱਲੋਂ ਇਹ ਕਹਿਕੇ ਮਾੜਾ ਗਰਦਾਨਿਆ ਜਾਂਦਾ ਹੈ ਕਿ ਅਧਿਆਪਕ ਅਜਿਹੇ ਕੰਮਾਂ ਵਿੱਚ ਰੁਚੀ ਲੈ ਕੇ ਰਾਜਨੀਤੀ ਕਰਦੇ ਹਨ। ਜਦ ਕਿ ਸਮਾਜਿਕ ਪੱਖ ਤੋਂ ਅਧਿਆਪਕਾਂ ਦਾ ਇਹ ਰੋਲ ਬਹੁਤ ਹੀ ਹਾਂ-ਪੱਖੀ ਹੈ ਪਰ ਕਿਉਂਕਿ ਇਹ ਸਥਾਪਤੀ ਦੇ ਉਲਟ ਜਾਂਦਾ ਹੈ ਇਸਨੂੰ ਰਾਜ ਪ੍ਰਬੰਧ ਉਤੇ ਕਾਬਜ ਧਿਰਾਂ ਵੱਲੋਂ ਪੂਰੇ ਜੋਰ ਨਾਲ ਭੰਡਿਆ ਜਾਂਦਾ ਹੈ।
ਸਰਕਾਰੀ ਅਧਿਆਪਕਾਂ ਦੀ ਨਿੰਦਿਆ ਵਾਲਾ ਪਾਠ ਅਸਲ ਵਿੱਚ ਨਿੱਜੀਕਰਨ ਦੀ ਧੁੱਸ ਵਿਚੋਂ ਹੀ ਕੀਤਾ ਜਾ ਰਿਹਾ ਹੈ ਤਾਂ ਜੋ ਸਾਰਾ ਕਸੂਰ ਅਧਿਆਪਕਾਂ ਸਿਰ ਮੜ੍ਹ ਕੇ ਸਿੱਖਿਆ ਪ੍ਰਤੀ ਜੁੰਮੇਵਾਰੀ ਅਤੇ ਜਵਾਬਦੇਹੀ ਤੋਂ ਸਰਕਾਰ ਭੱਜ ਸਕੇ। ਜਿੱਥੇ ਆਮ ਲੋਕਾਂ ਨੂੰ ਅਧਿਆਪਕਾਂ ਖਿਲਾਫ ਕੀਤੇ ਜਾ ਰਹੇ ਇਸ ਦੁਰਪ੍ਰਚਾਰ ਦੀ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ ਉਥੇ ਅਧਿਆਪਕਾਂ ਨੂੰ ਵੀ ਆਪਣੇ ਵਿੱਚ ਆਉਂਦੀਆਂ ਕਮੀਆਂ ਨੂੰ ਦੂਰ ਕਰਕੇ ਅਜਿਹੇ ਪ੍ਰਚਾਰ ਦਾ ਆਧਾਰ ਹੀ ਪੈਦਾ ਨਹੀਂ ਹੋਣ ਦੇਣਾ ਚਾਹੀਦਾ।

Wednesday, January 03, 2007

ਪੰਜਾਬੀ ਬਨਾਮ ਅੰਗਰੇਜ਼ੀ ਦੀ ਵਰਤਮਾਨ ਸਥਿਤੀ ਦੇ ਮੂਲ ਸੋਮੇ

1. ਕੁਝ ਸਾਲ ਪਹਿਲਾਂ ਬਠਿੰਡੇ ਤੋਂ ਇੱਕ ਮਿੱਤਰ ਪ੍ਰੀਵਾਰ ਸਮੇਤ ਮਿਲਣ ਲਈ ਸਾਡੇ ਘਰ ਆਇਆ। ਉਹਨਾਂ ਦੇ ਇੱਕ ਤਿੰਨ-ਚਾਰ ਸਾਲ ਦਾ ਬੱਚਾ ਵੀ ਸੀ। ਵਿਹੜੇ ਵਿੱਚ ਬੈਠੇ ਗੱਲਾਂਬਾਤਾਂ ਕਰ ਰਹੇ ਸਾਂ ਤਾਂ ਬੱਚਾ ਕੋਲ ਆ ਗਿਆ। ਮਿੱਤਰ ਨੇ ਸਾਹਮਣੇ ਲੰਘਦੀਆਂ ਬਿਜਲੀ ਦੀਆਂ ਤਾਰਾਂ ਉਪਰ ਬੈਠੇ ਪੰਛੀਆਂ ਵੱਲ ਇਸ਼ਾਰਾ ਕਰਕੇ ਬੱਚੇ ਨੂੰ ਪਿਆਰ ਨਾਲ ਪੁੱਛਿਆ, “ਬੇਟੇ ਉਹ ਕੀ ਬੈਠਾ ਹੈ ?”
“ਕਬੂਤਰ” ਬੱਚੇ ਨੇ ਸਹਿਜ ਭਾਅ ਉਤਰ ਦਿੱਤਾ।
ਇਸ ਤੇ ਮਿੱਤਰ ਦੀ ਪਿਆਰ ਭਰੀ ਅਵਾਜ਼ ਇੱਕ ਦਮ ਕੜਕ ਵਿੱਚ ਬਦਲ ਗਈ, “ਉਏ ਇਹ ਕਬੂਤਰ ਏ ?”
ਮੈ ਹੈਰਾਨ ਪਰੇਸ਼ਾਨ ਹੋ ਕੇ ਮੁੜ ਤਾਰਾਂ ਵੱਲ ਝਾਕਿਆ ਕਿ ਬੱਚੇ ਤੋਂ ਕੀ ਗਲਤੀ ਹੋ ਗਈ ਕਿਉਂਕਿ ਉਥੇ ਤਾਂ ਸੱਚਮੁੱਚ ਕਬੂਤਰ ਹੀ ਬੈਠੇ ਸਨ। ਖੈਰ ਐਨੇ ਨੂੰ ਮਿੱਤਰ ਮੁੜ ਉਸੇ ਸਖਤੀ ਭਰੇ ਲਹਿਜੇ ਵਿੱਚ ਬੋਲਿਆ, “ਤੈਨੂੰ ਕਿੰਨੀ ਵਾਰੀ ਦੱਸਿਆ ਹੈ ਕਿ ਇਹ ਪਿਜ਼ਨ ਹੁੰਦਾ ਹੈ ਤੂੰ ਫੇਰ ਕਬੂਤਰ ਕਬੂਤਰ ਲਾਈ ਆ।” ਬੱਚਾ ਵਿਚਾਰਾ ਢਿੱਲਾ ਜਿਹਾ ਮੂੰਹ ਕਰੀ ਉਥੋਂ ਖਿਸਕ ਗਿਆ।
2। 1974-75 ਦੀ ਗੱਲ ਹੈ ਕਿ ਅਸੀਂ ਪ੍ਰੈਪ (ਮੈਡੀਕਲ) ਵਿੱਚ ਦਾਖਲ ਹੋਏ।ਬਾਟਨੀ ਦੇ ਪੀਰੀਅਡ ਵਿੱਚ ਤਣੇ ਦੇ ਵੱਖ ਵੱਖ ਰੂਪਾਂਤਰਾਂ ਬਾਰੇ ਪੜ੍ਹਾਇਆ ਜਾ ਰਿਹਾ ਸੀ। ਮੈਡਮ ਨੂੰ ਪਤਾ ਸੀ ਕਿ ਇਹ ਕੁਝ ਸੰਖੇਪ ਰੂਪ ਵਿੱਚ ਦਸਵੀਂ ਸ਼੍ਰੇਣੀ ਦੇ ਸਿਲੇਬਸ ਵਿੱਚ ਹੀ ਹੁੰਦਾ ਹੈ ਸੋ ਉਸਨੇ ਪੁੱਛ ਲਿਆ ਕਿ ਅਰਬੀ ਵਿੱਚ ਤਣੇ ਦਾ ਕਿਹੜਾ ਰੂਪ ਹੁੰਦਾ ਹੈ।ਕੌਨਵੈਟ ਸਕੂਲਾਂ ਦੇ ਪੜ੍ਹੇ ਜਾਂ ਹੋਰ ਸ਼ਹਿਰੀ ਬੱਚਿਆਂ ਨੂੰ ਇਸਦਾ ਉਤਰ ਪਤਾ ਨਹੀਂ ਸੀ ਅਤੇ ਪੇਂਡੂ ਸਕੂਲਾਂ 'ਚੋਂ ਆਏ ਵਿਦਿਆਰਥੀ ਪ੍ਰੋਫੈਸਰ ਤੋਂ ਕੁਝ ਪੁੱਛਣ ਜਾਂ ਦੱਸਣ ਦੀ ਖੇਚਲ ਘੱਟ ਵੱਧ ਹੀ ਕਰਦੇ ਹਨ ਸੋ ਕਲਾਸ ਵਿੱਚ ਚੁੱਪ ਰਹੀ। ਆਖਰ ਮੈਡਮ ਨੇ ਇੱਕ ਪੇਂਡੂ ਸਕੂਲ ਵਿੱਚੋਂ ਆਈ ਇੱਕ ਕੁੜੀ ਨੂੰ ਖੜ੍ਹਾ ਕਰ ਲਿਆ ਕਿ ਤੂੰ ਦੱਸ। ਕੁੜੀ ਨੇ ਸੰਗਦੀ ਜਿਹੀ ਨੇ ਕਿਹਾ, “ਘਣਕੰਦ”। ਘਣਕੰਦ ਕਹਿਣ ਤੇ ਸਾਰੀ ਜਮਾਤ ਹੱਸ ਪਈ ਤੇ ਕੁੜੀ ਕੱਚੀ ਜਿਹੀ ਹੋ ਗਈ।ਖੈਰ ਮੈਡਮ ਨੂੰ ਕਿਵੇਂ ਨਾ ਕਿਵੇਂ ਪਤਾ ਸੀ ਕਿ ਪੰਜਾਬੀ ਦੇ 'ਵਿਦਵਾਨਾਂ' ਨੇ ਰਾਈਜ਼ੋਮ ਦੀ ਪੰਜਾਬੀ ਘਣਕੰਦ ਕੀਤੀ ਹੋਈ ਹੈ ਸੋ ਉਸਨੇ ਕੁੜੀ ਨੂੰ ਬਿਠਾ ਦਿੱਤਾ ਪਰ ਕੁੜੀ ਦਾ ਕਈ ਦਿਨ ਮਖੌਲ ਉਡਦਾ ਰਿਹਾ।
3। ਇੱਕ ਸਾਹਿਤਕਾਰ ਮਿੱਤਰ ਦੇ ਘਰ ਗਿਆ ਤਾਂ ਉਹ ਆਪਣੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ 'ਹੋਮ-ਵਰਕ' ਕਰਵਾ ਰਿਹਾ ਸੀ। ਕਹਿਣ ਲੱਗਾ ਆਪਾਂ ਤਾਂ ਤੱਪੜ ਮਾਰਕਾ ਸਕੂਲਾਂ ਵਿੱਚ ਪੜ੍ਹ ਗਏ ਘੱਟੋ ਘੱਟ ਇਹਨਾਂ ਨੂੰ ਤਾਂ ਵਧੀਆ ਐਜੂਕੇਸ਼ਨ ਦਿਵਾਈਏਕਾਪੀਆਂ ਤੋਂ ਪਤਾ ਲੱਗਾ ਕਿ ਉਸਦਾ 'ਵਧੀਆ ਐਜੂਕੇਸ਼ਨ' ਤੋਂ ਭਾਵ ਅੰਗਰੇਜੀ ਮਾਧਿਅਮ ਵਾਲੇ ਸਕੂਲ ਵਿੱਚ ਪੜ੍ਹਾਉਣ ਤੋਂ ਸੀ। ਖੈਰ ਉਹ ਮਿੱਤਰ ਸਾਹਿਤ ਸਭਾ ਦਾ ਅਹੁਦੇਦਾਰ ਵੀ ਸੀ ਜਦ ਮੈ ਉਠਣ ਲੱਗਾ ਤਾਂ ਕਹਿੰਦਾ ਕਿ ਤੂੰ ਪੱਤਰਕਾਰ ਦੇ ਘਰ ਕੋਲ ਦੀ ਲੰਘਣਾ ਹੈ ਮੇਰਾ ਪ੍ਰੈਸ ਨੋਟ ਦਿੰਦਾ ਜਾਵੀਂ। 'ਹੋਮ-ਵਰਕ' ਕਰਾਉਣ ਦੇ ਨਾਲ ਨਾਲ ਹੀ ਉਹ ਪ੍ਰੈਸ ਨੋਟ ਤਿਆਰ ਕਰੀ ਗਿਆ ਜਿਸ ਵਿੱਚ ਦਰਜ ਸੀ ਕਿ ਦਫ਼ਤਰਾਂ ਵਿੱਚ ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਸਰਕਾਰੀ ਸਕੂਲਾਂ ਦੀਆਂ ਪ੍ਰਾਇਮਰੀ ਜਮਾਤਾਂ ਵਿੱਚ ਅੰਗਰੇਜ਼ੀ ਲਾਗੂ ਕਰਨ ਦੇ ਪੰਜਾਬੀ ਵਿਰੋਧੀ ਵਤੀਰੇ ਨੂੰ ਤਿਆਗਿਆ ਜਾਵੇ।
4। ਪੰਜਾਬ ਦੀ ਧਰਤੀ ਉਤੇ ਵਾਪਰਦਾ ਇਹ ਅਨਰਥ ਵੀ ਸੁਣਨ ਵਿੱਚ ਆਇਆ ਹੈ ਕਿ ਕੁਝ ਸਕੂਲਾਂ ਵਿੱਚ ਜਿਹੜੇ ਬੱਚੇ ਪੰਜਾਬੀ ਬੋਲਦੇ ਫੜ੍ਹੇ ਜਾਂਦੇ ਹਨ ਉਹਨਾਂ ਨੂੰ ਸਜ਼ਾ ਵਜੋਂ ਗਲ ਵਿੱਚ 'ਮੈ ਗਧਾ ਹਾਂ' ਲਿਖੀ ਹੋਈ ਫੱਟੀ ਪਾ ਕੇ ਖੜ੍ਹਾ ਦਿੱਤਾ ਜਾਂਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਅਜਿਹਾ ਕਰਨ ਵਾਲੇ ਕਈ ਸਕੂਲਾਂ ਦੇ ਨਾਮ ਬਾਬਾ ਫਰੀਦ, ਦਸ਼ਮੇਸ਼ ਜਾਂ ਹੋਰ ਸਿੱਖ ਗੁਰੂਆਂ ਦੇ ਨਾਵਾਂ ਨਾਲ ਸ਼ੁਰੂ ਹੁੰਦੇ ਹਨ।
5। ਇੱਕ ਜਿਮੀਂਦਾਰ ਭਈਆਂ ਨੂੰ ਰੋਕ ਕੇ ਪੁੱਛ ਰਿਹਾ ਸੀ, “ਕਣਕ ਵਾਢਣੀ ਹੈ, ਚੱਲੋਂਗੇ।” ਭਈਆਂ ਦਾ ਨੰਬਰਦਾਰ (ਆਗੂ) ਕਹਿ ਰਿਹਾ ਸੀ, “ਸਰਦਾਰ ਜੀ ਚਲਾਂਗੇ, ਚਲਾਂਗੇ ਕਿਉਂ ਨਹੀਂ, ਹੋਰ ਆਪਾਂ ਨੇ ਕੀ ਕਰਨਾ ਹੈਗਾ।”
6। ਅਨੇਕਾਂ ਇਹੋ ਜਿਹੇ 'ਬੁੱਧੀਜੀਵੀ' ਮਿਲਦੇ ਹਨ ਜੋ ਪੰਜਾਬ ਵਿੱਚ ਵਸਦੇ ਕੁਝ ਮਾਰਵਾੜੀ ਜਾਂ ਹਰਿਆਣਵੀ ਪਿਛੋਕੜ ਵਾਲੇ ਬਾਣੀਆਂ ਤੋਂ ਇਸ ਕਰਕੇ ਦੁਖੀ ਹਨ ਕਿ ਉਹ ਘਰ ਵਿੱਚ ਹਿੰਦੀ ਬੋਲਦੇ ਹਨ ਜਦ ਕਿ ਉਹ ਅੰਨ ਪੰਜਾਬ ਦਾ ਖਾਂਦੇ ਹਨ। ਉਹੀ ਸੱਜਣ ਫਿਰ ਵੀ ਦੁਖੀ ਹੁੰਦੇ ਹਨ ਜਦ ਉਹਨਾਂ ਨੂੰ ਪਤਾ ਲਗਦਾ ਹੈ ਕਿ ਇੰਗਲੈਡ ਵਿੱਚ ਜਾ ਵਸੇ ਪੰਜਾਬੀਆਂ ਦੀ ਸੰਤਾਨ ਪੰਜਾਬੀ ਭੁੱਲ ਕੇ ਅੰਗਰੇਜ਼ੀ ਬੋਲਣ ਲੱਗ ਪਈ ਹੈ। (ਤਦ ਇੰਗਲੈਡ ਦਾ ਅੰਨ ਖਾਕੇ ਅੰਗਰੇਜ਼ੀ ਬੋਲੀ ਜਾਣੀ ਚਾਹੀਦੀ ਹੈ ਇਹ ਦਲੀਲ ਪਤਾ ਨਹੀਂ ਕਿਉਂ ਨਹੀਂ ਲਾਗੂ ਹੁੰਦੀ)।
ਅਜਿਹੀਆਂ ਅਨੇਕਾਂ ਝਲਕੀਆਂ ਪੰਜਾਬ ਦੇ ਅਜੋਕੇ ਭਾਸ਼ਾਈ ਦ੍ਰਿਸ਼ ਵਿੱਚ ਵੇਖਣ ਨੂੰ ਮਿਲਦੀਆਂ ਹਨ।ਇਸ ਵਰਤਾਰੇ ਦੇ ਸਾਰੇਪੱਖਾਂ ਨੂੰ ਵੇਖਿਆ ਜਾਵੇ ਤਾਂ ਘੱਟੋ ਘੱਟ ਐਨਾ ਕੁ ਜਰੂਰ ਸਾਫ਼ ਹੋ ਜਾਂਦਾ ਹੈ ਕਿ ਇਹ ਵਰਤਾਰਾ ਸਾਡੇ ਆਮ ਪ੍ਰਚਲਿਤ ਸਾਹਿਤ ਸਭਾਈ ਪਹੁੰਚ ਨਾਲੋਂ ਵਧੇਰੇ ਗੰਭੀਰ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ।
ਵਿਗਿਆਨਕ ਤੌਰ ਤੇ ਇਹ ਸਿੱਧ ਹੋ ਚੁੱਕਾ ਹੈ ਕਿ ਬੋਲੀ ਦੇ ਵਿਕਾਸ ਨੇ ਮਨੁੱਖ ਨੂੰ ਬਾਕੀ ਜਾਨਵਰਾਂ ਨਾਲੋਂ ਅਲੱਗ ਕਰਕੇ ਵਿਕਾਸ ਦੇ ਰਸਤੇ ਤੋਰਨ ਵਿੱਚ ਵੱਡਾ ਹਿੱਸਾ ਪਾਇਆ ਭਾਵ ਬੋਲੀ ਦੀ ਉਤਪਤੀ ਮਨੁੱਖ ਜਾਤੀ ਦੀ ਉਤਪਤੀ ਨਾਲ ਹੀ ਜੁੜੀ ਹੋਈ ਹੈ। ਮਨੁੱਖ ਜਾਤੀ ਦੀ ਉਤਪਤੀ ਬਾਰੇ ਅੱਜ ਕੱਲ੍ਹ ਦਾ ਪ੍ਰਵਾਨਿਤ ਸਿਧਾਂਤ ਇਹ ਹੈ ਕਿ ਇਹ ਉਤਰੀ ਅਫ਼ਰੀਕਾ ਵਿੱਚ ਪੈਦਾ ਹੋਈ ਜਿਥੋਂ ਇਹ ਸਾਰੇ ਸੰਸਾਰ ਵਿੱਚ ਖਿੰਡ ਗਈ।ਚਾਹੇ ਧਰਤੀ ਦੇ ਕੁਝ ਹੋਰ ਸਥਾਨਾਂ ਤੇ ਵੀ ਜੀਵ-ਵਿਕਾਸ ਦੇ ਸਿੱਟੇ ਵਜੋਂ ਮਨੁੱਖ ਜਾਤੀ ਦੇ ਵਿਕਾਸ ਕਰਨ ਦੀ ਸੰਭਾਵਨਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਪਰ ਫਿਰ ਵੀ ਇਹ ਗੱਲ ਸਾਫ਼ ਹੈ ਕਿ ਮਨੁੱਖ ਜਾਤੀ ਇੱਕ ਜਾਂ ਦੋ-ਤਿੰਨ ਕੇਂਦਰਾਂ ਤੋਂ ਹੀ ਸਾਰੇ ਸੰਸਾਰ ਵਿੱਚ ਫੈਲੀ। ਜਿਵੇਂ ਜਿਵੇਂ ਮਨੁੱਖ ਜਾਤੀ ਦੂਰ ਦੁਰਾਡੇ ਇਲਾਕਿਆਂ ਵਿੱਚ ਫੈਲਦੀ ਗਈ ਉਹਨਾਂ ਨਵੇਂ-ਨਵੇਂ ਖਿੱਤਿਆਂ ਵਿੱਚ ਦੂਸਰੇ ਖਿੱਤਿਆਂ ਨਾਲੋਂ ਬੋਲੀ ਵਿੱਚ ਫਰਕ ਆਉਂਦਾ ਗਿਆ ਕਿਉਂਕਿ ਹਰ ਖਿਤੇ ਵਿੱਚ ਉਹਨਾਂ ਦਾ ਵਾਹ ਵੱਖਰੀ ਤਰ੍ਹਾਂ ਦੇ ਸੰਸਾਰ ਨਾਲ ਪੈਦਾ ਸੀ। ਜਿਹੋ ਜਿਹੀਆਂ ਵਸਤਾਂ ਨਾਲ ਵਾਹ ਅਰਬ ਦੇ ਰੇਗਿਸਤਾਨਾਂ ਵਿੱਚ ਪੈਦਾ ਸੀ ਉਹ ਯੌਰਪ ਦੇ ਠੰਢੇ ਇਲਾਕਿਆਂ ਨਾਲੋਂ ਬਿਲਕੁਲ ਵੱਖਰੀਆਂ ਸਨ।ਇਸ ਕਰਕੇ ਪਹਿਲਾਂ ਸ਼ਬਦ-ਭੰਡਾਰ ਵਿੱਚ ਫਰਕ ਪਿਆ ਅਤੇ ਫਿਰ ਆਵਾਜਾਈ ਅਤੇ ਸੰਚਾਰ ਦੇ ਸਾਧਨ ਨਾ ਹੋਣ ਕਾਰਨ ਜਿਹੜੇ ਲੋਕ ਇੱਕ ਇਲਾਕੇ ਵਿਚੋਂ ਉਠ ਕੇ ਦੂਜੇ ਇਲਾਕੇ ਵਿੱਚ ਚਲੇ ਜਾਂਦੇ ਸਨ ਉਹਨਾਂ ਦਾ ਪਹਿਲੇ ਇਲਾਕੇ ਨਾਲ ਕੋਈ ਸਬੰਧ ਨਹੀਂ ਰਹਿੰਦਾ ਸੀ। ਇਸ ਅਲੱਗ-ਥਲੱਗਤਾ ਕਾਰਨ ਕੁਝ ਪੀੜ੍ਹੀਆਂ ਵਿੱਚ ਹੀ ਵੱਖਰੇ ਇਲਾਕੇ ਦੇ ਲੋਕਾਂ ਦੀ ਵੱਖਰੀ ਬੋਲੀ ਬਣ ਜਾਂਦੀ। ਸੋ ਵੱਖ ਵੱਖ ਭਾਸ਼ਾਵਾਂ ਦੇ ਹੋਂਦ ਵਿੱਚ ਆਉਣ ਦਾ ਕਾਰਨ ਪ੍ਰਾਚੀਨ ਸਮੇਂ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਆਪਸੀ ਆਉਣ ਜਾਣ ਅਤੇ ਤਾਲਮੇਲ ਦੀ ਘਾਟ ਹੋਣਾ ਸੀ।
ਵਿਗਿਆਨ ਦਾ ਯੁੱਗ ਆਉਣ ਨਾਲ ਆਵਾਜਾਈ ਅਤੇ ਸੰਚਾਰ ਦੇ ਸਾਧਨ ਵਿਕਸਿਤ ਹੋਣ ਲੱਗੇ ਤਾਂ ਉਹਨਾਂ ਨੇ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ। ਇਸ ਮੇਲਜੋਲ ਨੇ ਸਾਰੀ ਮਨੁੱਖ ਜਾਤੀ ਦੀ ਇੱਕ ਸਾਂਝੀ ਭਾਸ਼ਾ ਹੋਣ ਦੀ ਲੋੜ ਨੂੰ ਮਹਿਸੂਸ ਕਰਵਾਉਣਾ ਸ਼ੁਰੂ ਕੀਤਾ। ਇਸ ਲੋੜ ਨੂੰ ਪੂਰਾ ਕਰਨ ਲਈ ਹੋਈ ਇੱਕ ਵਰਣਨਯੋਗ ਕੋਸ਼ਿਸ਼ Esperanto (ਐਸਪੈਰਾਂਟੋ) ਭਾਸ਼ਾ ਸੀ ਜੋ 1887 ਦੇ ਲੱਗਭੱਗ ਇੱਕ ਪੋਲਿਸ਼ ਵਿਦਵਾਨ ਜੇਮਨਹੌਫ਼ ਵੱਲੋਂ ਬਣਾਈ ਗਈ। ਇਹ ਸਿਖਣ ਲਈ ਸੌਖੀ ਸੀ। ਇਸਦੇ ਕੇਵਲ 16 ਵਿਆਕਰਣ ਨਿਯਮ ਸਨ।ਉਸ ਨੂੰ ਆਸ ਸੀ ਕਿ ਇਹ ਭਾਸ਼ਾ ਸਾਰੇ ਸੰਸਾਰ ਦੇ ਲੋਕਾਂ ਵਲੋਂ ਆਪਣੀ ਦੂਜੀ ਭਾਸ਼ਾ ਦੇ ਤੌਰ 'ਤੇ ਅਪਣਾ ਲਈ ਜਾਵੇਗੀ ਅਤੇ ਇਸ ਤਰ੍ਹਾਂ ਸਾਰੇ ਸੰਸਾਰ ਦੀ ਇੱਕ ਸਾਂਝੀ ਸੰਪਰਕ ਭਾਸ਼ਾ ਬਣ ਜਾਵੇਗੀ। ਪਰ ਬੋਲਚਾਲ ਦੀ ਭਾਸ਼ਾ ਇਸ ਤਰ੍ਹਾਂ ਕਿਸੇ ਇੱਕ ਵਿਅਕਤੀ ਵਲੋਂ ਬਣਾਵਟੀ ਤੌਰ ਤੇ ਬਣਾ ਕੇ ਲੋਕਾਂ ਵਿੱਚ ਛੱਡੀ ਜਾਣ ਵਾਲੀ ਵਸਤੂ ਨਹੀਂ ਹੁੰਦੀ। ਕਿਸੇ ਭਾਸ਼ਾ ਦਾ ਵਿਕਾਸ ਅਤੇ ਲੋਕਾਂ ਵਲੋਂ ਇਸਨੂੰ ਅਪਣਾਏ ਜਾਣਾ ਇੱਕ ਲੰਮੀ ਇਤਿਹਾਸਕ ਪ੍ਰਕਿਰਿਆ ਦੇ ਸਿੱਟੇ ਵਜੋਂ ਹੁੰਦਾ ਹੈ। ਸੋ ਐਸਪੈਰਾਂਟੋ ਨੂੰ ਸੰਸਾਰ ਦੇ ਸਮੂਹ ਲੋਕਾਂ ਵੱਲੋਂ ਅਪਣਾਏ ਜਾਣ ਦਾ ਸੁਪਨਾ ਪੂਰਾ ਨਾ ਹੋਇਆ। ਦੂਜੀ ਸੰਸਾਰ ਜੰਗ ਤੀਕ ਇਸਨੂੰ ਪ੍ਰਚਲਿਤ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਅਤੇ ਕਈ ਲੱਖ ਲੋਕਾਂ ਨੇ ਇਹ ਸਿੱਖੀ ਵੀ ਪਰ ਦੂਜੀ ਸੰਸਾਰ ਜੰਗ ਤੋਂ ਬਾਅਦ ਐਸਪੈਰਾਂਟੋ ਵਾਲੀ ਕੋਸ਼ਿਸ਼ ਖਤਮ ਹੋ ਗਈ ਅਤੇ ਇਸਦੀ ਜਗ੍ਹਾ ਅੰਗਰੇਜ਼ੀ ਸਾਂਝੀ ਸੰਸਾਰ ਭਾਸ਼ਾ ਦੇ ਵਜੋਂ ਅੱਗੇ ਆਉਣ ਲੱਗੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਸਾਰ ਦੀਆਂ ਹਜ਼ਾਰਾਂ ਭਾਸ਼ਾਵਾਂ ਵਿੱਚੋਂ ਅੰਗਰੇਜ਼ੀ ਹੀ ਕਿਉਂ ਸੰਸਾਰ-ਭਾਸ਼ਾ ਦਾ ਸਥਾਨ ਹਾਸਲ ਕਰਨ ਵੱਲ ਵਧ ਰਹੀ ਹੈ ? ਇਹ ਕੋਈ ਇੱਕ ਦੇਸ਼ ਜਾਂ ਅੰਗਰੇਜ਼ਾਂ ਦੀ ਸਾਜਿਸ਼ ਦਾ ਸਿੱਟਾ ਨਹੀਂ ਸਗੋਂ ਅਨੇਕਾਂ ਇਤਿਹਾਸਕ, ਭੂਗੋਲਿਕ, ਰਾਜਨੀਤਕ, ਆਰਥਿਕ ਅਤੇ ਤਕਨੀਕੀ ਕਾਰਨਾਂ ਦੇ ਕੁਲ ਜੋੜ ਵਿੱਚੋਂ ਉਭਰ ਕੇ ਸਾਹਮਣੇ ਆ ਰਹੀ ਹੈ। ਅੰਗਰੇਜ਼ੀ ਮਗਰ ਇਹ ਫੈਕਟਰ ਵੱਧ ਜੋਰਦਾਰ ਸਨ ਜਿਸ ਕਰਕੇ ਯੌਰਪ ਦੀਆਂ ਹੋਰ ਭਾਸ਼ਾਵਾਂ ਹੌਲੀ ਹੌਲੀ ਇਸ ਮੁਕਾਬਲੇ ਵਿੱਚੋਂ ਬਾਹਰ ਹੁੰਦੀਆਂ ਗਈਆਂ ਅਤੇ ਏਸ਼ੀਆ/ਅਫ਼ਰੀਕਾਂ ਦੀਆਂ ਭਾਸ਼ਾਵਾਂ ਤਾਂ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਵਿੱਚ ਹੀ ਮਸਰੂਫ਼ ਹੋ ਗਈਆਂ।
ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਾਰਾ ਸੰਸਾਰ ਇੱਕ ਹੋਣ ਵੱਲ ਵਧ ਰਿਹਾ ਹੈ, ਇਸਦੀ ਇੱਕ ਸਾਂਝੀ ਸੰਪਰਕ ਭਾਸ਼ਾ ਬਣੇਗੀ ਅਤੇ ਹੁਣ ਇਹ ਵੀ ਹਰ ਇੱਕ ਨੂੰ ਮੰਨਣਾ ਹੀ ਪਵੇਗਾ ਕਿ ਇਹ ਸਾਂਝੀ ਸੰਪਰਕ ਭਾਸ਼ਾ ਅੰਗਰੇਜ਼ੀ ਹੋਵੇਗੀ। ਪਰ ਤਰਕ ਦੀ ਪੱਧਰ ਤੇ ਇਹ ਗੱਲ ਜਚਣ ਦੇ ਬਾਵਜੂਦ ਅਮਲ ਦੀ ਪੱਧਰ 'ਤੇ ਅੰਗਰੇਜ਼ੀ ਦਾ ਸਾਂਝੀ ਸੰਸਾਰ-ਭਾਸ਼ਾ ਬਣਨ ਦਾ ਰਸਤਾ ਐਡਾ ਸਿੱਧ-ਪੱਧਰਾ ਨਹੀਂ। ਇਸੇ ਕਰਕੇ ਅਨੇਕਾਂ ਗੁੰਝਲਦਾਰ ਸਵਾਲ ਉਠ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਉਠਣਗੇ।
ਸਭ ਤੋਂ ਮੁੱਖ ਸਵਾਲ ਹੈ ਕਿ ਕੀ ਅੰਗਰੇਜ਼ੀ ਭਾਸ਼ਾ ਦੇ ਇਸ ਤਰ੍ਹਾਂ ਛਾ ਜਾਣ ਨਾਲ ਦੂਸਰੀਆਂ ਭਾਸ਼ਾਵਾਂ ਦੀ ਹੋਂਦ ਖਤਮ ਹੋ ਜਾਵੇਗੀ ਜਾਂ ਮਨੁੱਖ ਦੋ-ਭਾਸ਼ਾਈ/ਬਹੁ-ਭਾਸ਼ਾਈ ਹੋ ਜਾਵੇਗਾ ਯਾਨੀ ਕਿ ਵੱਖ ਵੱਖ ਖਿੱਤਿਆਂ ਵਿੱਚ ਆਪਣੀਆਂ ਭਾਸ਼ਾਵਾਂ ਵੀ ਕਾਇਮ ਰਹਿਣਗੀਆਂ ਅਤੇ ਅੰਗਰੇਜ਼ੀ ਭਾਸ਼ਾ ਵੀ ਜਾਣੀ ਜਾਵੇਗੀ ?
ਅਸਲ ਵਿੱਚ ਡਾਰਵਿਨ ਦਾ ਜਿਉਂਦੇ ਰਹਿਣ ਲਈ ਸੰਘਰਸ਼ ਦਾ ਸਿਧਾਂਤ ਭਾਸ਼ਾਵਾਂ 'ਤੇ ਵੀ ਲਾਗੂ ਹੋ ਰਿਹਾ ਹੈ।ਜਿਸਦੇ ਸਿੱਟੇ ਵਜੋਂ ਬਹੁਤ ਸਾਰੀਆਂ ਭਾਸ਼ਾਵਾਂ ਖਤਮ ਹੋਣਗੀਆਂ ਅਤੇ ਬਹੁਤੀਆਂ ਨਵੀਆਂ ਲੋੜਾਂ ਅਨੁਸਾਰ ਤਬਦੀਲ ਹੋਣਗੀਆਂ।ਇਸ ਆਪਸੀ ਸੰਘਰਸ਼ ਵਿੱਚ ਉਹ ਭਾਸ਼ਾਵਾਂ ਵੱਧ ਤਕੜੀਆਂ ਸਾਬਤ ਹੋਣਗੀਆਂ ਜਿੰਨ੍ਹਾਂ ਨੂੰ ਬੋਲਣ ਵਾਲੇ ਆਰਥਿਕ, ਰਾਜਨੀਤਕ ਅਤੇ ਤਕਨੀਕੀ ਤੌਰ ਤੇ ਅੱਗੇ ਹਨ।
ਇਹ ਇੱਕ ਤੱਥ ਹੈ ਕਿ ਅਜੋਕੇ ਦੌਰ ਵਿੱਚ ਛੋਟੀਆਂ ਮੋਟੀਆਂ ਅਨੇਕਾਂ ਭਾਸ਼ਾਵਾਂ/ਬੋਲੀਆਂ ਖਤਮ ਹੋ ਰਹੀਆਂ ਹਨ।ਹਰ ਦਹਾਕੇ ਵਿੱਚ ਦਰਜਨਾਂ ਬੋਲੀਆਂ ਨਾਲ ਇਹ ਵਾਪਰ ਰਿਹਾ ਹੈ।ਦੂਸਰਾ ਤੱਥ ਇਹ ਹੈ ਕਿ ਸੰਚਾਰ ਸਾਧਨਾਂ ਦੇ ਵਿਕਸਿਤ ਹੋ ਜਾਣ ਅਤੇ ਆਮ ਆਦਮੀ ਦੀ ਜਿੰਦਗੀ ਨਾਲ ਜੁੜ ਜਾਣ ਸਦਕਾ ਨੇੜਲੀਆਂ ਭਾਸ਼ਾਵਾਂ ਵਿੱਚ ਆਪਸੀ ਲੈਣ ਦੇਣ ਵਧ ਰਿਹਾ ਹੈ ਜਿਸ ਕਰਕੇ ਵੱਖ-ਵੱਖ ਭੂਗੋਲਿਕ/ਰਾਜਨੀਤਕ ਖਿੱਤਿਆਂ ਵਿੱਚੋਂ ਸਾਂਝੀਆਂ ਭਾਸ਼ਾਵਾਂ ਪੈਦਾ ਹੋਣ ਦਾ ਅਧਾਰ ਤਿਆਰ ਹੋ ਰਿਹਾ ਹੈ।ਤੀਸਰਾ ਤੱਥ ਇਹ ਵੀ ਹੈ ਕਿ ਭਾਸ਼ਾ ਕਿਉਂਕਿ ਕਿਸੇ ਇਲਾਕੇ ਦੇ ਸਮੁੱਚੇ ਜੀਵਨ ਅਤੇ ਸਭਿਆਚਾਰ ਨਾਲ ਜੁੜੀ ਹੁੰਦੀ ਹੈ ਜਿਸ ਕਰਕੇ ਆਪਣੀ ਆਪਣੀ ਭਾਸ਼ਾ ਪ੍ਰਤੀ ਚੇਤੰਨਤਾ ਅਤੇ ਭਾਵੁਕਤਾ ਵੀ ਪੈਦਾ ਹੋਈ ਹੈ।
ਆਓ, ਇਹਨਾਂ ਵਰਤਾਰਿਆਂ ਦੀ ਰੌਸ਼ਨੀ ਵਿੱਚ ਪੰਜਾਬੀ ਭਾਸ਼ਾ ਦੀ ਹਾਲਤ 'ਤੇ ਵਿਚਾਰ ਕਰੀਏ।
ਪੰਜਾਬ ਆਰਥਿਕ ਤੌਰ ਤੇ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਅੱਗੇ ਹੈ।ਦਿੱਲੀ, ਬੰਬਈ ਵਰਗੇ ਕੁਝ ਮਹਾਂਨਗਰੀ ਕੇਂਦਰਾਂ ਨੂੰ ਛੱਡ ਕੇ ਇੱਥੋਂ ਦੀ ਪ੍ਰਤੀ ਵਿਅਕਤੀ ਆਮਦਨੀ ਸਭ ਤੋਂ ਵੱਧ ਹੈ।ਆਰਥਿਕ ਖੜੋਤ ਦੇ ਇਸ ਦੌਰ ਵਿੱਚ ਵੀ ਵਹੀਕਲਾਂ ਅਤੇ ਘਰੇਲੂ ਵਰਤੋਂ ਦੀ ਮਸ਼ੀਨਰੀ ਤੋਂ ਲੈ ਕੇ ਵਿਸਕੀ ਤੱਕ ਦੀ ਖਪਤ ਦੀ ਇਹ ਤਕੜੀ ਮੰਡੀ ਹੈ।ਹਿੰਦੁਸਤਾਨ ਦੇ ਬਾਕੀ ਹਿੱਸਿਆਂ ਵਿੱਚ ਵਸਦੇ ਪੰਜਾਬੀ ਵੀ ਉਥੇ ਆਰਥਿਕ ਤੌਰ ਤੇ ਮਜ਼ਬੂਤ ਸਥਿਤੀ ਵਿੱਚ ਹਨ।
ਇਸ ਆਰਥਿਕ ਤਕੜਾਈ ਵਿੱਚੋਂ ਪੰਜਾਬੀ ਭਾਸ਼ਾ ਦੇ ਮਜਬੂਤ ਸਥਿਤੀ ਵਿੱਚ ਹੋਣ ਦਾ ਤਰਕ ਉਭਰਦਾ ਹੈ।ਇਹ ਫੈਕਟਰ ਭਾਵ ਆਰਥਿਕਤਾ ਵਾਲਾ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਅਜਿਹਾ ਰੋਲ ਕਰ ਵੀ ਰਿਹਾ ਹੈ।ਅੱਜ ਲੱਖਾਂ ਦੀ ਗਿਣਤੀ ਵਿੱਚ ਭਈਏ ਪੰਜਾਬ ਵਿੱਚ ਰੁਜ਼ਗਾਰ ਖਾਤਰ ਆਉਂਦੇ ਹਨ।ਉਹ ਸਾਰੇ ਘੱਟੋ ਘੱਟ ਪੰਜਾਬੀ ਸਮਝਣੀ ਜਰੂਰ ਸਿੱਖ ਜਾਂਦੇ ਹਨ ਅਤੇ ਉਹਨਾਂ ਦਾ ਕਾਫ਼ੀ ਵੱਡਾ ਹਿੱਸਾ ਪੰਜਾਬੀ ਬੋਲਣੀ ਵੀ ਸਿੱਖ ਜਾਂਦਾ ਹੈ।ਟੈਲੀਵਿਜ਼ਨ 'ਤੇ ਆਉਂਦੀਆਂ ਮਸ਼ਹੂਰੀਆਂ ਵਿੱਚ ਬਹੁਤੀਆਂ ਵਿੱਚ ਪੰਜਾਬੀ ਫਿਕਰੇ ਪਾਏ ਜਾਂਦੇ ਹਨ, ਪੰਜਾਬੀ ਲੋਕ ਵਿਖਾਏ ਜਾਂਦੇ ਹਨ।(ਕਿਉਂਕਿ ਇਹਨਾਂ ਦੀ ਬਹੁਤੀ ਖਪਤ ਪੰਜਾਬ ਵਿੱਚ ਹੋਣੀ ਹੁੰਦੀ ਹੈ।) ਫਿਲਮਾਂ ਵਿੱਚ ਪੰਜਾਬੀ ਧੁਨਾਂ, ਗਾਣਿਆਂ ਵਿੱਚ ਪੰਜਾਬੀ ਸ਼ਬਦ ਅਤੇ ਪੰਜਾਬੀ ਪਾਤਰ ਪੰਜਾਬੀ ਆਬਾਦੀ ਦੀ ਨਿਸਬਿਤ ਵਿੱਚ ਕਿਤੇ ਵੱਧ ਸਥਾਨ ਲੈ ਰਹੇ ਹਨ।
ਦੂਜੇ ਪਾਸੇ ਰਾਜਨੀਤਕ, ਇਤਿਹਾਸਕ ਅਤੇ ਧਾਰਮਿਕ ਪੱਖ ਪੰਜਾਬੀ ਦੇ ਉਲਟ ਭੁਗਤੇ ਹਨ।ਰਾਜਨੀਤਕ ਤੌਰ ਤੇ ਪੰਜਾਬੀ ਭਾਸ਼ਾ ਉਤੇ ਸਭ ਤੋਂ ਵੱਡੀ ਸੱਟ ਪੰਜਾਬ ਦਾ ਦੋ ਹਿੱਸਿਆਂ ਵਿੱਚ ਵੰਡਿਆ ਜਾਣਾ ਸੀ।ਇਸ ਨਾਲ ਪੰਜਾਬੀ ਦੀ ਇੱਕਜੁੱਟ ਤਾਕਤ ਟੋਟਿਆਂ ਵਿੱਚ ਵੰਡੀ ਗਈ ਅਤੇ ਇੱਕ ਸ਼ਕਤੀਸ਼ਾਲੀ ਵਰਗ ਦੀ ਜੁਬਾਨ ਹੋਣ ਦੀ ਭਾਰੂ ਸਥਿਤੀ ਤੋਂ ਦੋਹਵਾਂ ਦੇਸ਼ਾਂ ਵਿੱਚ ਹੀ ਉਰਦੂ ਅਤੇ ਹਿੰਦੀ ਤੋਂ ਬਚਾਅ ਵਾਲੇ ਪੈਤੜੇ ਤੇ ਆ ਗਈ।
ਪੰਜਾਬੀ ਭਾਸ਼ਾ ਨੂੰ ਲਿਖਤ ਰੂਪ ਵਿੱਚ ਪੇਸ਼ ਕਰਨ ਲਈ ਦੋ ਲਿਪੀਆਂ (ਗੁਰਮੁਖੀ ਅਤੇ ਸ਼ਾਹਮੁਖੀ) ਹੋਣ ਨੇ ਵੀ ਇਸਦੇ ਭਵਿੱਖੀ ਸੰਸਾਰ ਦੀਆਂ ਚੋਣਵੀਆਂ ਭਾਸ਼ਾਵਾਂ ਵਿੱਚੋਂ ਇੱਕ ਬਣ ਸਕਣ ਦੀ ਸੰਭਾਵਨਾ ਨੂੰ ਸੱਟ ਮਾਰੀ ਹੈ। ਰਾਜਨੀਤਕ ਵੰਡ ਅਤੇ ਲਿਪੀ-ਵੰਡ ਨੇ ਪੰਜਾਬੀ ਨੂੰ ਇੱਕ ਸ਼ਕਤੀਸ਼ਾਲੀ ਭਾਸ਼ਾ ਵੱਲ ਵਿਕਸਿਤ ਹੋਣ ਦੀ ਥਾਂ ਤੇ ਦੋ ਭਾਸ਼ਾਵਾਂ ਦੇ ਬਣਨ ਦੇ ਰਾਹ ਤੋਰਕੇ ਨਾਂਹ-ਪੱਖੀ ਰੋਲ ਕੀਤਾ ਹੈ।
ਪੰਜਾਬੀ ਭਾਸ਼ਾ ਸਿੱਖ ਧਰਮ ਨਾਲ ਜੁੜ ਗਈ ਹੈ। ਇਸਨੇ ਵੀ ਪੰਜਾਬੀ ਭਾਸ਼ਾ ਦੇ ਇਸ ਖਿੱਤੇ ਦੀ ਸਹਿਜ ਸੁਭਾਵਿਕ ਬੋਲੀ ਹੋਣ ਦੇ ਰੋਲ ਨੂੰ ਸੱਟ ਮਾਰੀ ਹੈ।
ਵਿਗਿਆਨਕ ਅਤੇ ਤਕਨੀਕੀ ਤੌਰ ਤੇ ਵੀ ਪੰਜਾਬ ਵਿੱਚ ਅਜਿਹੀਆਂ ਨਵੀਆਂ ਖੋਜਾਂ/ਕਾਢਾਂ ਨਹੀਂ ਹੋ ਰਹੀਆਂ ਜਿੰਨ੍ਹਾਂ ਨੂੰ ਪੰਜਾਬੀ ਭਾਸ਼ਾ ਵਿੱਚ ਪੇਸ਼ ਕੀਤਾ ਜਾ ਰਿਹਾ ਹੋਵੇ ਅਤੇ ਜਿੰਨ੍ਹਾਂ ਲਈ ਸੰਸਾਰ ਦੇ ਬਾਕੀ ਲੋਕਾਂ ਨੂੰ ਪੰਜਾਬੀ ਭਾਸ਼ਾ ਦੀ ਮੁਥਾਜੀ ਹੋਵੇ ਸੋ ਇਸ ਪੱਖ ਤੋਂ ਵੀ ਪੰਜਾਬੀ ਭਾਸ਼ਾ ਦੀਆਂ ਸੰਸਾਰ ਪੱਧਰ ਉਤੇ ਅੰਗਰੇਜੀ ਦੇ ਮੁਕਾਬਲੇ ਕੋਈ ਬਹੁਤੀਆਂ ਭਵਿੱਖੀ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ।ਆਉਣ ਵਾਲੇ ਸਮੇਂ ਦੀ ਭਾਸ਼ਾਈ ਸਥਿਤੀ ਉਪਰੋਕਤ ਬਿਆਨ ਕੀਤੇ ਆਰਥਿਕ, ਰਾਜਨੀਤਕ, ਸਭਿਆਚਾਰਕ, ਤਕਨੀਕੀ ਫੈਕਟਰਾਂ ਦੀ ਅੰਤਰ-ਕ੍ਰਿਆ ਦੇ ਕੁਝ ਜਮ੍ਹਾਂ-ਜੋੜ ਵਿੱਚੋਂ ਹੀ ਬਣਨੀ ਹੈ।
ਇਸ ਜੋੜ-ਮੇਲ ਵਿੱਚੋਂ ਹੀ ਉਹ ਪੰਜਾਬੀ ਸਮੂਹਿਕ ਅਵਚੇਤਨ ਉਭਰਿਆ ਹੈ ਜੋ ਜਾਣਦਾ ਹੈ ਕਿ ਗਿਆਨ-ਵਿਗਿਆਨ ਦੇ ਖੇਤਰਾਂ ਦੀ ਆਧੁਨਿਕ ਜਾਣਕਾਰੀ ਲੈਣ ਲਈ ਅਤੇ ਵਿਕਸਿਤ ਸੰਸਾਰ ਨਾਲ ਜੁੜਨ ਲਈ ਆਉਣ ਵਾਲੀਆਂ ਨਸਲਾਂ ਵਾਸਤੇ ਅੰਗਰੇਜ਼ੀ ਭਾਸ਼ਾ ਦਾ ਵਰਤੋਂ ਯੋਗ ਵਿਹਾਰਕ ਗਿਆਨ ਹੋਣਾ ਜਰੂਰੀ ਹੈ। ਅਜੋਕੇ ਦੌਰ ਦਾ ਇਹ ਸਮੂਹਿਕ ਅਵਚੇਤਨ ਬੱਚਿਆਂ ਨੂੰ ਕਬੂਤਰ ਨੂੰ ਪਿਜ਼ਨ ਆਖਣ ਲਈ ਮਜਬੂਰ ਕਰਵਾਉਂਦਾ ਹੈ, ਪੰਜਾਬੀ ਭਾਸ਼ਾ ਦੇ ਮੁਦਈ ਬਣਦੇ ਲੋਕਾਂ ਪਾਸੋਂ ਉਹਨਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਦਾਖਲ ਕਰਵਾਉਂਦਾ ਹੈ ਅਤੇ ਹਾਲਤਾਂ ਵਿੱਚੋਂ ਪੈਦਾ ਹੋਇਆ ਇਹੀ ਸਮੂਹਿਕ ਅਵਚੇਤਨ ਪੰਜਾਬੀ
ਲੇਖਕਾਂ ਵਲੋਂ ਅੰਗਰੇਜ਼ੀ ਲਾਗੂ ਕਰਨ ਦੇ ਵਿਰੋਧ ਵਿੱਚ ਕੀਤੀ ਹਾਲ ਪਾਹਰਿਆ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਦਾ ਹੈ।
ਸੋ ਤੱਤ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਲੋਕਾਂ ਦੀ ਮੁਕਾਬਲਤਨ ਚੰਗੀ ਆਰਥਿਕਤਾ ਅਤੇ ਉਦਮੀ ਸੁਭਾਅ ਕਾਰਨ ਭਾਰਤ ਅਤੇ ਭਾਰਤੀ ਭਾਸ਼ਾਵਾਂ ਦੇ ਸੰਦਰਭ ਵਿੱਚ ਪੰਜਾਬੀ ਮਜ਼ਬੂਤ ਸਥਿਤੀ ਵਿੱਚ ਹੈ।ਪਰ ਇਹੀ ਦੋਹਵੇਂ ਪੱਖ (ਆਰਥਿਕਤਾ ਅਤੇ ਉਦਮੀ ਹੋਣਾ) ਇਸਦੇ ਲੋਕਾਂ ਲਈ ਅੰਗਰੇਜ਼ੀ ਜਾਣਨ ਲਈ ਤਾਂਘ ਪੈਦਾ ਕਰਦੇ ਹਨ ਕਿਉਂਕਿ ਪੰਜਾਬ ਦੇ ਅਗਲੇਰੇ ਵਿਕਾਸ ਲਈ ਇਸਨੂੰ ਗਿਆਨ, ਸਹਾਇਤਾ ਅਤੇ ਵਿਕਾਸ-ਮਾਡਲ ਅੰਗਰੇਜ਼ੀ ਸੰਸਾਰ ਵਿਚੋਂ ਹੀ ਮਿਲਣਾ ਹੈ ਨਾ ਕਿ ਕਿਸੇ ਯੂ.ਪੀ., ਬਿਹਾਰ, ਰਾਜਸਥਾਨ ਜਾਂ ਪੱਛਮੀ ਪੰਜਾਬ ਵਿੱਚੋਂ। ਇਸੇ ਤਰ੍ਹਾਂ ਪੰਜਾਬ ਵਿਚੋਂ ਨਿਕਲਕੇ ਚੰਗੇ ਜੀਵਨ ਦੀ ਤਲਾਸ਼ ਦੀ ਮੰਜ਼ਿਲ ਵੀ ਮੁੱਖ ਤੌਰ ਤੇ ਅੰਗਰੇਜ਼ੀ ਬੋਲਦੇ ਸੰਸਾਰ ਵਿੱਚ ਹੀ ਹੁੰਦੀ ਹੈ ਨਾ ਕਿ ਰੂਸ, ਚੀਨ ਜਾਂ ਸਪੈਨਿਸ਼ ਭਾਸ਼ੀ ਦੇਸ਼ਾਂ ਵਿੱਚ। ਜਦ ਅੰਗਰੇਜ਼ੀ ਸਿੱਖਣ ਦੀ ਤਾਂਘ ਨੂੰ ਮਾਰਿਆ ਨਹੀਂ ਜਾ ਸਕਦਾ ਤਾਂ ਇਸਦੀ ਵੱਖ-ਵੱਖ ਖੇਤਰਾਂ ਵਿੱਚ ਕੁਝ ਨਾ ਕੁਝ ਵਰਤੋਂ ਨੂੰ ਵੀ ਰੋਕਿਆ ਨਹੀਂ ਜਾ ਸਕਦਾ।ਭਾਸ਼ਾ ਸਮੇਤ ਕਿਸੇ ਵੀ ਚੀਜ਼ ਦੀ ਸਿਖਲਾਈ ਤਦ ਹੀ ਕਾਇਮ ਰਹਿੰਦੀ ਹੈ ਜੇ ਉਸਦੀ ਥੋੜ੍ਹੀ ਬਹੁਤ ਵਰਤੋਂ ਕੀਤੀ ਜਾਂਦੀ ਹੈ।ਇਹ ਨਹੀਂ ਹੋ ਸਕਦਾ ਕਿ ਸਕੂਲ ਕਾਲਜ ਵਿੱਚ ਤਾਂ ਅੰਗਰੇਜ਼ੀ ਪੜ੍ਹਾਈ ਜਾਵੇ ਅਤੇ ਸਕੂਲ/ਕਾਲਜ ਤੋਂ ਬਾਹਰ ਦੇ ਸੰਸਾਰ ਵਿੱਚ ਅੰਗਰੇਜ਼ੀ ਦੀ ਝਲਕ ਵੀ ਨਾ ਮਿਲੇ।
ਬਿਨ੍ਹਾਂ ਸ਼ੱਕ ਅੰਗਰੇਜ਼ੀ ਮਾਤਭਾਸ਼ਾ ਦਾ ਸਥਾਨ ਨਹੀਂ ਲੈ ਸਕਦੀ। ਮੁਢਲਾ ਗਿਆਨ ਜਿਸ ਕੁਦਰਤੀ ਅਤੇ ਸਹਿਜਮਈ ਤਰੀਕੇ ਨਾਲ ਮਾਤਭਾਸ਼ਾ ਰਾਹੀਂ ਆ ਸਕਦਾ ਹੈ ਉਹ ਕਿਸੇ ਹੋਰ ਭਾਸ਼ਾ ਰਾਹੀਂ ਨਹੀਂ। ਪਰ ਵਿਗਿਆਨ ਅਤੇ ਤਕਨੀਕ ਅਤੇ ਹੋਰ ਕਈ ਖੇਤਰਾਂ ਦਾ ਉਚੇਰਾ ਗਿਆਨ ਪ੍ਰਾਪਤ ਕਰਨ ਲਈ ਜੇ ਕੋਈ ਅੰਗਰੇਜ਼ੀ ਭਾਸ਼ਾ ਤੋਂ ਬਿਨਾਂ ਸਾਰਣ ਦਾ ਦਾਅਵਾ ਕਰਦਾ ਹੈ ਤਾਂ ਉਹ ਵੀ ਸਿਰੇ ਦੀ ਅਗਿਆਨਤਾ ਅਤੇ ਕੱਟੜਪੁਣੇ ਦਾ ਮੁਜਾਹਰਾ ਕਰਦਾ ਹੈ।ਵਿਗਿਆਨ ਅਤੇ ਕੰਪਿਊਟਰ ਵਰਗੇ ਤਕਨੀਕੀ ਖੇਤਰਾਂ ਵਿੱਚ ਵਿੱਚ ਹਰ ਰੋਜ਼ ਐਨੀ ਖੋਜ ਹੋ ਰਹੀ ਹੈ ਕਿ ਉਸਦਾ ਸੌਵਾਂ ਹਿੱਸਾ ਵੀ ਅਨੁਵਾਦ ਕਰਕੇ ਪੰਜਾਬੀ ਜਬਾਨ ਵਾਲੇ ਤੱਕ ਨਹੀਂ ਪਹੁੰਚਾਇਆ ਜਾ ਸਕਦਾ।
ਸੋ ਭਾਸ਼ਾਵਾਂ ਦੇ ਮਾਮਲੇ ਨੂੰ ਆਰਥਿਕ-ਸਮਾਜਿਕ ਅਤੇ ਰਾਜਨੀਤਕ ਸੰਦਰਭਾਂ ਤੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਪੰਜਾਬੀ ਜਾਂ ਅੰਗਰੇਜ਼ੀ ਕਿਸੇ ਦੇ ਵੀ ਹੱਕ ਅਤੇ ਦੂਜੀ ਦੇ ਵਿਰੋਧ ਵਿੱਚ ਪੁਜੀਸ਼ਨਾਂ ਲੈ ਕੇ ਬਹਿਸ ਕਰਨ ਦੀ ਬਜਾਏ ਅਜੋਕੇ ਸੰਸਾਰ ਦੀਆਂ ਲੋੜਾਂ ਮੁਤਾਬਿਕ ਇਹਨਾਂ ਭਾਸ਼ਾਵਾਂ ਦਾ ਜੀਵਨ ਵਿੱਚ ਠੀਕ ਸਥਾਨ ਨਿਸ਼ਚਿਤ ਕਰਨ ਬਾਰੇ ਗੱਲ ਚੱਲਣੀ ਚਾਹੀਦੀ ਹੈ। ਜਿਸ ਨਾਲ ਨਾ ਤਾਂ ਕਬੂਤਰਾਂ ਨੂੰ ਪਿਜ਼ਨ ਆਖਣ ਲਈ ਮਜਬੂਰ ਹੋਣਾ ਪਵੇ ਅਤੇ ਨਾ ਹੀ ਹੀ ਰਾਈਜ਼ੋਮ ਨੂੰ ਘਣਕੰਦ ਕਹਿਣਾ ਪਵੇ।